ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਜੂਨ
ਭਾਰਤੀ ਮੌਸਮ ਵਿਭਾਗ ਨੇ ਅਗਲੇ ਸੱਤ ਦਿਨਾਂ ਤੱਕ ਦਿੱਲੀ ਅਤੇ ਆਸ-ਪਾਸ ਦੇ ਇਲਾਕੇ ਵਿੱਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਵਿਭਾਗ ਵੱਲੋਂ 25 ਤੋਂ 27 ਜੂਨ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਅੱਜ ਦਿੱਲੀ ਵਿੱਚ ਸਾਰਾ ਦਿਨ ਹੁੰਮਸ ਰਹੀ ਤੇ ਲੋਕਾਂ ਨੇ ਜੁਲਾਈ ਮਹੀਨੇ ਦੇ ਚੌਮਾਸੇ ਵਾਲੇ ਦਿਨ ਜੂਨ ਦੇ ਆਖ਼ਰੀ ਦਿਨਾਂ ਦੌਰਾਨ ਹੀ ਮਹਿਸੂਸ ਕੀਤੇ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 29 ਡਿਗਰੀ ਦਰਜ ਕੀਤਾ ਗਿਆ। ਹਵਾ ਵਿੱਚ ਨਮੀ ਦੀ ਹੋਂਦ ਵੀ ਕਾਫੀ ਮਹਿਸੂਸ ਹੋਈ। ਆਈਐਮਡੀ ਵਿੱਚ ਖੇਤਰੀ ਮੌਸਮ ਪੂਰਵ ਅਨੁਮਾਨ ਕੇਂਦਰ ਦੇ ਵਿਗਿਆਨੀ ਅਤੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਇਸ ਸਮੇਂ ਪੰਜਾਬ ਤੋਂ ਉੱਤਰ ਪ੍ਰਦੇਸ਼ ਤੱਕ ਇੱਕ ਟਰੱਫ ਲਾਈਨ ਹੈ ਜੋ ਦਿੱਲੀ ਵਿੱਚ ਨਮੀ ਲਿਆ ਰਹੀ ਹੈ ਤੇ ਹਲਕੀ ਬਾਰਿਸ਼ ਦਾ ਕਾਰਨ ਬਣ ਰਹੀ ਹੈ।