ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 9 ਫਰਵਰੀ
ਪੁਲੀਸ ਨੇ ਲੁੱਟੇ ਹੋਏ ਮੋਬਾਈਲ ਫੋਨ ਵੇਚਣ ਜਾਂਦੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ 4 ਮੋਬਾਈਲ ਫੋਨ ਬਰਾਮਦ ਕੀਤੇ ਹਨ। ਥਾਣਾ ਸਦਰ ਦੇ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਹੈ ਕਿ ਤਰੁਨ ਵਰਮਾ ਵਾਸੀ ਪ੍ਰੀਤਮ ਨਗਰ ਹੈਬੋਵਾਲ ਅਤੇ ਮਕਸੂਦ ਆਲਮ ਵਾਸੀ ਸੰਧੂ ਨਗਰ ਜੱਸੀਆਂ ਰੋਡ ਨੂੰ ਬਿਨਾਂ ਨੰਬਰੀ ਐਕਟਿਵਾ ਸਕੂਟਰ ‘ਤੇ ਸਵਾਰ ਹੋ ਕੇ ਖੋਹ ਕੀਤੇ ਹੋਏ ਮੋਬਾਈਲ ਫੋਨ ਵੇਚਣ ਲਈ ਲਲਤੋਂ ਸਾਇਡ ਤੋਂ ਸ਼ਹਿਰ ਵੱਲ ਜਾਂਦੇ ਹੋਏ ਨੂੰ ਕਾਬੂ ਕਰ ਕੇ 4 ਮੋਬਾਈਲ ਫੋਨ ਅਤੇ ਇੱਕ ਐਕਟਿਵਾ ਸਕੂਟਰ ਬਰਾਮਦ ਕੀਤਾ ਹੈ।
ਇਸੇ ਤਰ੍ਹਾਂ ਥਾਣਾ ਡਵੀਜ਼ਨ ਨੰਬਰ 7 ਦੀ ਪੁਲੀਸ ਨੂੰ ਕ੍ਰਿਸ਼ਨਾ ਪੁੱਤਰ ਦੇਵ ਬਹਾਦਰ ਵਾਸੀ ਗੁਲਾਬੀ ਬਾਗ ਕਲੋਨੀ ਟਿੱਬਾ ਰੋਡ ਨੇ ਦੱਸਿਆ ਹੈ ਕਿ ਪਾਣੀ ਵਾਲੀ ਟੈਂਕੀ ਗੰਦਾ ਨਾਲਾ ਪੁਲੀ ਨਜ਼ਦੀਕ 5 ਨਾਮਲੂਮ ਲੜਕਿਆਂ ਨੇ ਉਸ ਨੂੰ ਘੇਰ ਕੇ ਉਸਦੀ ਜੇਬ ਵਿੱਚੋਂ 1500 ਰੁਪਏ ਅਤੇ ਇੱਕ ਮੋਬਾਈਲ ਫੋਨ ਖੋਹ ਲਿਆ ਅਤੇ ਫਰਾਰ ਹੋ ਗਏ। ਥਾਣੇਦਾਰ ਜਗਦੀਸ਼ ਰਾਜ ਨੇ ਦੱਸਿਆ ਹੈ ਕਿ ਭਾਲ ਕਰਨ ‘ਤੇ ਪਤਾ ਲੱਗਾ ਹੈ ਕਿ ਪ੍ਰਿੰਸ ਵਾਸੀ ਨਿਊ ਪੁਨੀਤ ਨਗਰ ਤਾਜਪੁਰ ਰੋਡ, ਸਰਨ ਵਾਸੀ ਸੰਜੇ ਗਾਂਧੀ ਕਲੋਨੀ, ਗੌਰਵ ਚਰਨ ਅਤੇ ਮੁਕੇਸ਼ ਪੁੱਤਰ ਵਾਸੀ ਸੰਜੇ ਗਾਂਧੀ ਕਲੋਨੀ ਤਾਜਪੁਰ ਰੋਡ ਨੇ ਇਹ ਖੋਹ ਕੀਤੀ ਹੈ। ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਇੱਕ ਦਾਤਰ ਅਤੇ ਖਿਲੋਣਾ ਪਿਸਤੌਲ ਬਰਾਮਦ ਕੀਤਾ ਗਿਆ ਹੈ।