ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਜੂਨ
ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਅੱਜ ਇੱਥੇ ਕਿਹਾ ਕਿ ਅਗਲੇ ਦੋ ਦਿਨਾਂ ਵਿੱਚ ਮੌਨਸੂਨ ਦਿੱਲੀ ਵਿੱਚ ਦਸਤਕ ਦੇ ਸਕਦਾ ਹੈ। ਅੱਜ ਸਾਰਾ ਦਿਨ ਦਿੱਲੀ-ਐੱਨਸੀਆਰ ‘ਚ ਬੱਦਲ ਛਾਏ ਰਹੇ ਅਤੇ ਬੀਤੀ ਰਾਤ ਕਿਣ-ਮਿਣ ਹੋਈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਤੇ ਘੱਟੋ-ਘੱਟ ਤਾਪਮਾਨ 29 ਡਿਗਰੀ ਦਰਜ ਕੀਤਾ ਗਿਆ। ਅੱਜ ਰਾਤ ਮੁੜ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਹੁੰਮਸ ਦੇ ਬਾਵਜੂਦ ਸ਼ਨਿਚਰਵਾਰ ਨੂੰ ਸਰਕਾਰੀ ਦਫ਼ਤਰ ਬੰਦ ਹੋਣ ਕਰਕੇ ਦਿੱਲੀ ਦੀਆਂ ਵੱਖ ਵੱਖ ਥਾਵਾਂ ‘ਤੇ ਲੋਕਾਂ ਦੀ ਭੀੜ ਦੇਖੀ ਗਈ। ਆਈਐੱਮਡੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੌਨਸੂਨ ਤੇਜ਼ੀ ਨਾਲ ਅੱਗ ਵਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੌਨਸੂਨ, ਮਹਾਰਾਸ਼ਟਰ, ਕਰਨਾਟਕ, ਕੇਰਲ, ਤਾਮਿਲਨਾਡੂ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਹੋਰ ਇਲਾਕਿਆਂ ਵਿੱਚ ਦਸਤਕ ਦੇ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ ‘ਤੇ ਮੌਨਸੂਨ 27 ਜੂਨ ਤੱਕ ਕੌਮੀ ਰਾਜਧਾਨੀ ‘ਚ ਪਹੁੰਚ ਜਾਂਦਾ ਹੈ। ਆਈਐੱਮਡੀ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ 30 ਜੂਨ, 2021 ਵਿੱਚ 13 ਜੁਲਾਈ, 2020 ਵਿੱਚ 25 ਜੂਨ, 2019 ਵਿੱਚ 5 ਜੁਲਾਈ ਅਤੇ 2018 ਵਿੱਚ 28 ਜੂਨ ਨੂੰ ਮੌਨਸੂਨ ਨੇ ਦਿੱਲੀ ਵਿੱਚ ਦਸਤਕ ਦਿੱਤੀ ਸੀ। ਆਈਐਮਡੀ ਨੇ ਕਿਹਾ ਕਿ ਮੁੰਬਈ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ, ਲੱਦਾਖ, ਮਹਾਰਾਸ਼ਟਰ, ਚੰਡੀਗੜ੍ਹ, ਦਿੱਲੀ ਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ, ਗੁਜਰਾਤ ਦੇ ਕੁਝ ਹਿੱਸੇ ਅਤੇ ਪੂਰਬੀ ਰਾਜਸਥਾਨ ਤੇ ਪੰਜਾਬ ਵਿੱਚ ਵੀ ਮੌਨਸੂਨ ਅਗਲੇ ਦੋ ਦਿਨਾਂ ‘ਚ ਦਸਤਕ ਦੇ ਸਕਦਾ ਹੈ।