ਇਕਬਾਲ ਸਿੰਘ ਹਮਜਾਪੁਰ
ਕਾਰ ਸਿੱਧੀ ਲੰਘ ਗਈ ਸੀ। ਕਾਰ ਦੀ ਰਫ਼ਤਾਰ ਵੀ ਵਾਹਵਾ ਸੀ। ਕੁਲਵਿੰਦਰ ਨੇ ਕਾਰ ਤੋਂ ਅੰਦਾਜ਼ਾ ਲਾ ਲਿਆ ਸੀ ਕਿ ਜ਼ਰੂਰ ਸਕੂਲ ਵਿੱਚ ਕੋਈ ਅਫ਼ਸਰ ਆ ਗਿਆ ਹੈ। ਅਫ਼ਸਰਾਂ ਦੀਆਂ ਕਾਰਾਂ ਹੀ ਇੰਝ ਸਿੱਧੀਆਂ ਤੇ ਸਪੀਡ ਵਿੱਚ ਆਉਂਦੀਆਂ ਹੁੰਦੀਆਂ ਸਨ। ਹੋਰ ਕਾਰਾਂ ਤਾਂ ਗੇਟ ਦੇ ਬਾਹਰ ਹੀ ਖੜ੍ਹੀਆਂ ਹੋ ਜਾਂਦੀਆਂ ਸਨ। ਕਾਰ ਵੇਖ ਕੇ ਕੁਲਵਿੰਦਰ ਡਰ ਜਿਹਾ ਗਈ ਸੀ। ਉਸ ਦੇ ਮਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਆਉਣ ਲੱਗ ਪਏ ਸਨ।
ਕੁਲਵਿੰਦਰ ਇਸੇ ਸਕੂਲ ਵਿੱਚ ਪੰਜਵੀਂ ਜਮਾਤ ‘ਚ ਪੜ੍ਹਦੀ ਸੀ। ਪੰਜਵੀਂ ਵਿੱਚ ਉਸ ਦਾ ਹੁਣ ਦੂਜਾ ਸਾਲ ਸੀ। ਉਹ ਪੰਜਵੀਂ ਜਮਾਤ ਪਾਸ ਕਰਕੇ ਛੇਵੀਂ ਵਿੱਚ ਨਹੀਂ ਚੜ੍ਹ ਸਕੀ ਸੀ। ਉਂਜ ਉਸ ਨੇ ਪੰਜਵੀਂ ਜਮਾਤ ਦੀਆਂ ਸਾਰੀਆਂ ਕਿਤਾਬਾਂ ਪੜ੍ਹ ਲਈਆਂ ਸਨ। ਪੰਜਾਬੀ ਦੇ ਨਾਲ ਉਹ ਅੰਗਰੇਜ਼ੀ ਦੀ ਕਿਤਾਬ ਵੀ ਪੜ੍ਹ ਲੈਂਦੀ ਸੀ। ਉਹ ਔਖੇ-ਔਖੇ ਸਵਾਲ ਵੀ ਮਿੰਟਾਂ-ਸਕਿੰਟਾਂ ਵਿੱਚ ਕੱਢ ਲੈਂਦੀ ਸੀ। ਉਹ ਸਕੂਲ ਦੇ ਹਰ ਕੰਮ ਵਿੱਚ ਮੋਹਰੀ ਹੁੰਦੀ ਸੀ। ਫਿਰ ਵੀ ਉਹ ਅਗਲੀ ਜਮਾਤ ਵਿੱਚ ਨਹੀਂ ਚੜ੍ਹੀ ਸੀ। ਉਸ ਨੂੰ ਦੁਬਾਰਾ ਉਸੇ ਜਮਾਤ ਵਿੱਚ ਬਹਿਣਾ ਪਿਆ ਸੀ।
ਕੁਲਵਿੰਦਰ ਪਹਿਲੀ ਜਮਾਤ ਤੋਂ ਹੀ ਵੇਖਦੀ ਆ ਰਹੀ ਸੀ ਕਿ ਰੋਜ਼ਾਨਾ ਕੁਝ ਨਿੱਕੇ ਨਿਆਣੇ ਆਪਣੇ ਵੱਡੇ ਭੈਣ ਭਰਾਵਾਂ ਨਾਲ ਆ ਕੇ ਜਮਾਤਾਂ ਵਿੱਚ ਬਹਿ ਜਾਂਦੇ ਸਨ। ਇਨ੍ਹਾਂ ਨਿੱਕੇ ਨਿਆਣਿਆਂ ਦੀ ਉਮਰ ਅਜੇ ਸਕੂਲ ਜਾਣ ਦੀ ਨਹੀਂ ਸੀ ਹੋਈ ਹੁੰਦੀ। ਪਰ ਮਾਸਟਰ ਬਖਤੌਰ ਸਿੰਘ ਤੇ ਗੁਰਜੀਤ ਭੈਣਜੀ ਨੂੰ ਬੱਚਿਆਂ ਦੀ ਇਹ ਰੀਤ ਬਿਲਕੁਲ ਵੀ ਪਸੰਦ ਨਹੀਂ ਸੀ। ਉਹ ਦੋਵੇਂ ਜਣੇ ਬੱਚਿਆਂ ਨੂੰ ਟੋਕਦੇ ਰਹਿੰਦੇ ਸਨ।
ਉਂਜ ਭਾਵੇਂ ਉਹ ਦੋਵੇਂ ਜਣੇ ਸਾਰਾ ਦਿਨ ਦਫ਼ਤਰ ਵਿੱਚ ਬਹਿ ਕੇ ਗੱਪਾਂ ਮਾਰਦੇ ਰਹਿਣ, ਪਰ ਕਿਸੇ ਨਿੱਕੇ ਨਿਆਣੇ ਨੂੰ ਵੇਖ ਕੇ ਉਹ ਜ਼ਰੂਰ ਜਮਾਤ ਵਿੱਚ ਆਉਂਦੇ ਸਨ। ਉਹ ਜਮਾਤ ਵਿੱਚ ਆ ਕੇ ਬੱਚਿਆਂ ਨੂੰ ਪੜ੍ਹਾਈ ਤੇ ਉਨ੍ਹਾਂ ਦੇ ਭਵਿੱਖ ਦਾ ਚੇਤਾ ਕਰਵਾਉਣ ਲੱਗ ਪੈਂਦੇ ਸਨ। ਉਹ ਅਕਸਰ ਬੱਚਿਆਂ ਨੂੰ ਅਫ਼ਸਰ ਦੇ ਆਉਣ ਦਾ ਡਰਾਵਾ ਜਿਹਾ ਦਿੰਦੇ ਰਹਿੰਦੇ ਸਨ।
ਕਿਸੇ ਅਫ਼ਸਰ ਦੇ ਆਉਣ ਵੇਲੇ ਸਕੂਲ ਵਿੱਚ ਉਹੀ ਬੱਚੇ ਰਹਿੰਦੇ ਸਨ ਜਿਨ੍ਹਾਂ ਦਾ ਰਜਿਸਟਰਾਂ ਵਿੱਚ ਨਾਂ ਚੜ੍ਹਿਆ ਹੁੰਦਾ ਸੀ। ਬਾਕੀ ਦਿਆਂ ਨੂੰ ਮਾਸਟਰ ਬਖਤੌਰ ਸਿੰਘ ਤੇ ਗੁਰਜੀਤ ਭੈਣਜੀ ਘਰਾਂ ਨੂੰ ਤੋਰ ਦਿੰਦੇ ਸਨ। ਬਹੁਤੀ ਵਾਰ ਮਾਸਟਰ ਬਖਤੌਰ ਸਿੰਘ ਤੇ ਗੁਰਜੀਤ ਭੈਣਜੀ ਕਿਸੇ ਅਫ਼ਸਰ ਆਉਣ ਦੀ ਸੂਹ ਮਿਲਣ ‘ਤੇ ਹੀ ‘ਅੱਜ ਛਾਪਾ ਪਊਗਾ’ ਦਾ ਡਰਾਵਾ ਜਿਹਾ ਦੇ ਕੇ ਇਨ੍ਹਾਂ ਫਾਲਤੂ ਦੇ ਨਿਆਣਿਆਂ ਨੂੰ ਘਰਾਂ ਨੂੰ ਭੇਜ ਦਿੰਦੇ ਸਨ। ਇਨ੍ਹਾਂ ਬਿਨਾਂ ਦਾਖਲੇ ਵਾਲੇ ਨਿਆਣਿਆਂ ਦੇ ਨਾਲ-ਨਾਲ ਉਨ੍ਹਾਂ ਦੇ ਵੱਡੇ ਭੈਣ-ਭਰਾਵਾਂ ਨੂੰ ਵੀ ਘਰ ਨੂੰ ਜਾਣਾ ਪੈਂਦਾ ਸੀ। ਕੁਲਵਿੰਦਰ ਦੀ ਵੀ ਇੱਕ ਨਿੱਕੀ ਭੈਣ ਸੀ। ਉਸ ਦਾ ਨਾਂ ਅੱਕੀ ਸੀ।
”ਇਹਨੂੰ ਵੀ ਨਾਲ ਲੈ ਜਾਇਆ ਕਰ, ਹੋਰ ਨਹੀਂ ਤਾਂ ਉੱਠਣਾ ਬਹਿਣਾ ਹੀ ਸਿੱਖ ਜਾਵੇਗੀ।” ਕੁਲਵਿੰਦਰ ਦੀ ਮਾਂ ਛਿੰਦੋ ਨੇ ਕਈ ਵਾਰ ਆਖਿਆ ਸੀ। ਮਾਂ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਕੁਲਵਿੰਦਰ ਆਪਣੀ ਛੋਟੀ ਭੈਣ ਨੂੰ ਕਦੇ ਸਕੂਲ ਨਹੀਂ ਲੈ ਕੇ ਆਈ ਸੀ। ਕੁਲਵਿੰਦਰ ਦਾ ਮਨ ਨਹੀਂ ਮੰਨਿਆ ਸੀ। ਉਹ ਕਿਸੇ ਅਫ਼ਸਰ ਦੇ ਸਕੂਲ ਆਉਣ ‘ਤੇ ਆਪ ਘਰ ਨਹੀਂ ਜਾਣਾ ਚਾਹੁੰਦੀ ਸੀ। ਇਸੇ ਕਰਕੇ ਉਹ ਕਦੇ ਵੀ ਅੱਕੀ ਨੂੰ ਆਪਣੇ ਨਾਲ ਸਕੂਲ ਨਹੀਂ ਲੈ ਕੇ ਆਈ ਸੀ।
ਸਕੂਲ ਵਿੱਚ ਕਿਸੇ ਅਫ਼ਸਰ ਦੇ ਆਉਣ ਵੇਲੇ ਮਾਸਟਰ ਬਖਤੌਰ ਸਿੰਘ ਤੇ ਗੁਰਜੀਤ ਭੈਣਜੀ ਹੁਸ਼ਿਆਰ ਬੱਚਿਆਂ ਨੂੰ ਅੱਗੇ ਬਿਠਾ ਦਿੰਦੇ ਸਨ ਤੇ ਨਲਾਇਕਾਂ ਨੂੰ ਪਿੱਛੇ। ਨਲਾਇਕਾਂ ਨੂੰ ਤਾਂ ਕਈ ਵਾਰ ਉਹ ਬਸਤੇ ਚੁਕਵਾ ਕੇ ਘਰਾਂ ਨੂੰ ਵੀ ਤੋਰ ਦਿੰਦੇ ਸਨ।
ਕੁਲਵਿੰਦਰ ਦੀ ਰੋਜ਼ਾਨਾ ਜਮਾਤ ਵਿੱਚ ਅੱਗੇ ਬਹਿਣ ਤੋਂ ਕਿਸੇ ਨਾ ਕਿਸੇ ਬੱਚੇ ਨਾਲ ਲੜਾਈ ਹੁੰਦੀ ਸੀ। ਉਸ ਨੂੰ ਅੱਗੇ ਕੋਈ ਨਹੀਂ ਸੀ ਬਹਿਣ ਦਿੰਦਾ, ਪਰ ਜਿਸ ਦਿਨ ਸਕੂਲ ਵਿੱਚ ਕਿਸੇ ਅਫ਼ਸਰ ਨੇ ਆਉਣ ਦੀ ਖ਼ਬਰ ਪਹੁੰਚਦੀ ਸੀ, ਉਸ ਦਿਨ ਕੁਲਵਿੰਦਰ ਦੀ ਸੀਟ ਸਭ ਤੋਂ ਅੱਗੇ ਹੁੰਦੀ ਸੀ। ਮਾਸਟਰ ਬਖਤੌਰ ਸਿੰਘ ਤੇ ਗੁਰਜੀਤ ਭੈਣਜੀ, ਕਿਸੇ ਅਫ਼ਸਰ ਦੇ ਕੋਈ ਸੁਆਲ ਪੁੱਛਣ ‘ਤੇ ਜਵਾਬ ਦੇਣ ਲਈ ਹੱਥ ਖੜ੍ਹਾ ਕਰਨ ਵਾਸਤੇ ਕੁਲਵਿੰਦਰ ਅਤੇ ਹੋਰ ਹੁਸ਼ਿਆਰ ਬੱਚਿਆਂ ਨੂੰ ਵੱਖਰਾ ਸੱਦ ਕੇ ਆਖ ਦਿੰਦੇ ਸਨ। ਉਹ ਜਾਣਦੇ ਸਨ ਕਿ ਕੁਲਵਿੰਦਰ ਸਮੇਤ ਦੋ ਚਾਰ ਬੱਚੇ ਹੀ ਕਿਸੇ ਅਫ਼ਸਰ ਦੇ ਸਵਾਲ ਪੁੱਛਣ ‘ਤੇ ਜਵਾਬ ਦੇ ਸਕਦੇ ਹਨ। ਉਂਜ ਅਫ਼ਸਰ ਇਧਰ ਘੱਟ ਹੀ ਆਉਂਦੇ ਸਨ।
ਕੁਲਵਿੰਦਰ ਨੂੰ ਵਿਸ਼ਵਾਸ ਜਿਹਾ ਸੀ ਕਿ ਉਸ ਨੂੰ ਛੋਟੀ ਭੈਣ ਨੂੰ ਨਾਲ ਲਿਆਉਣ ‘ਤੇ ਮਾਸਟਰ ਬਖਤੌਰ ਸਿੰਘ ਤੇ ਗੁਰਜੀਤ ਭੈਣਜੀ ਕੁਝ ਨਹੀਂ ਕਹਿਣਗੇ। ਉਸ ਦਾ ਦਿਲ ਕਰਦਾ ਕਿ ਉਹ ਮਾਸਟਰ ਬਖਤੌਰ ਸਿੰਘ ਤੇ ਗੁਰਜੀਤ ਭੈਣਜੀ ਕੋਲੋਂ ਭੈਣ ਨੂੰ ਸਕੂਲ ਲਿਆਉਣ ਬਾਰੇ ਪੁੱਛ ਹੀ ਲਵੇ। ਉਹ ਬਸ ਸੰਗਦੀ ਜਿਹੀ ਰਹਿ ਗਈ ਸੀ ਤੇ ਅੱਕੀ ਨੂੰ ਕਦੇ ਵੀ ਆਪਣੇ ਨਾਲ ਸਕੂਲ ਨਹੀਂ ਲੈ ਕੇ ਆਈ ਸੀ। ਉਂਜ ਉਹ ਅੱਕੀ ਨੂੰ ਬੇਹੱਦ ਪਿਆਰ ਕਰਦੀ ਸੀ। ਮਾਂ ਦੀ ਉਮੀਦ ਤੋਂ ਵੱਧ ਉਸ ਨੇ ਅੱਕੀ ਨੂੰ ਘਰ ਵਿਚ ਹੀ ਬਹਿਣਾ-ਉੱਠਣਾ ਸਿਖਾ ਦਿੱਤਾ ਸੀ।
ਕੁਲਵਿੰਦਰ ਦੇ ਮਾਂ-ਪਿਉ ਹਰ ਸਾਲ ਸਿਆਲ ਵਿੱਚ ਨਰਮਾ ਚੁਗਣ ਗੁਜਰਾਤ ਨੂੰ ਜਾਂਦੇ ਸਨ। ਉਹ ਕੁਲਵਿੰਦਰ ਨੂੰ ਵੀ ਨਾਲ ਹੀ ਲੈ ਜਾਂਦੇ ਹੁੰਦੇ ਸਨ। ਕੁਲਵਿੰਦਰ ਦੇ ਮਾਂ-ਪਿਉ ਮੂੰਹ ਹਨੇਰੇ ਨਰਮੇ ਵਿੱਚ ਵੜਦੇ ਸਨ ਤੇ ਜਦੋਂ ਤਕ ਫੁੱਟੀਆਂ ਦਿਸਦੀਆਂ ਰਹਿੰਦੀਆਂ ਸਨ, ਉਦੋਂ ਤਕ ਚੁਗਦੇ ਰਹਿੰਦੇ ਸਨ। ਕੁਲਵਿੰਦਰ, ਅੱਕੀ ਨੂੰ ਸਾਂਭ ਲੈਂਦੀ ਸੀ ਤੇ ਰੋਟੀ-ਟੁਕ ਵਿੱਚ ਮਦਦ ਕਰ ਦਿੰਦੀ ਸੀ, ਪਰ ਪੰਜਵੀਂ ਵਿੱਚ ਚੜ੍ਹਨ ਤੋਂ ਬਾਅਦ ਉਹ ਗੁਜਰਾਤ ਮਾਂ-ਪਿਉ ਨਾਲ ਨਹੀਂ ਗਈ ਸੀ। ”ਇਸ ਵਾਰ ਮੈਂ ਨਹੀਂ ਜਾਣਾ। ਮੇਰੀ ਐਤਕੀਂ ਬੋਰਡ ਦੀ ਜਮਾਤ ਆ। ਮੈਂ ਕੋਈ ਵੀ ਛੁੱਟੀ ਨਹੀਂ ਕਰਨੀ।” ਕੁਲਵਿੰਦਰ ਨੇ ਆਖਿਆ ਸੀ। ਉਸ ਦੀ ਦਾਦੀ ਨੇ ਇੱਥੇ ਘਰ ਦੀ ਰਾਖੀ ਰਹਿਣਾ ਹੀ ਸੀ। ਕੁਲਵਿੰਦਰ ਵੀ ਆਪਣੀ ਦਾਦੀ ਕੋਲ ਰਹਿਣਾ ਚਾਹੁੰਦੀ ਸੀ। ਉਹ ਆਪਣੀ ਪੜ੍ਹਾਈ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੀ ਸੀ।
”ਮੈਂ ਇੱਥੇ ਦਾਦੀ ਕੋਲ ਰਹਾਂਗੀ। ਮੈਂ ਦਾਦੀ ਦੀ ਰੋਟੀ ਪਕਾ ਦਿਆਂ ਕਰਾਂਗੀ, ਨਾਲੇ ਸਕੂਲ ਚਲੀ ਜਾਇਆ ਕਰਾਂਗੀ।” ਕੁਲਵਿੰਦਰ ਨੇ ਆਪਣੀ ਮਾਂ ਛਿੰਦੋ ਨੂੰ ਆਖਿਆ ਸੀ, ਪਰ ਛਿੰਦੋ ਉਸ ਨੂੰ ਪਿੱਛੇ ਛੱਡਣ ਲਈ ਤਿਆਰ ਨਹੀਂ ਸੀ।
”ਜੇ ਤੂੰ ਸਾਡੇ ਨਾਲ ਜਾਵੇਂਗੀ ਤਾਂ ਚਾਰ ਪੈਸੇ ਬਣ ਜਾਣਗੇ। ਉਂਝ ਮੈਂ ਗਈ ਨਾ ਗਈ ਇੱਕੋ ਜਿਹੀ ਸਮਝ। ਤੂੰ ਨਾਲ ਹੋਵੇਂਗੀ ਤਾਂ ਕੁੜੀ ਨੂੰ ਸਾਂਭ ਲਿਆ ਕਰੇਂਗੀਂ। ਮੈਂ ਰੁੱਗ ਚੁਗ ਲਿਆ ਕਰਾਂਗੀ। ਚਾਰ ਪੈਸੇ ਬਣ ਜਾਣਗੇ। ਬਾਅਦ ਵਿੱਚ ਤਾਂ ਸਿਆਲ ਸਾਰਾ ਘਰੇ ਮੰਜੇ ਹੀ ਤੋੜਨੇ ਪੈਣੇ ਐ।” ਛਿੰਦੋ ਨੇ ਕੁਲਵਿੰਦਰ ਨੂੰ ਸਮਝਾਉਂਦਿਆਂ ਆਖਿਆ ਸੀ, ਪਰ ਉਹ ਨਹੀਂ ਮੰਨੀ ਸੀ।
ਪੰਜਵੀਂ ਦੀ ਪੜ੍ਹਾਈ ਹੋਣ ਕਰਕੇ ਗੁਰਜੀਤ ਭੈਣਜੀ ਨੇ ਵੀ ਕੁਲਵਿੰਦਰ ਨੂੰ ਨਾਲ ਨਾ ਲੈ ਕੇ ਜਾਣ ਲਈ ਛਿੰਦੋ ਨੂੰ ਪੱਕਾ ਕੀਤਾ ਸੀ।
”ਕੁੜੀ ਤੁਹਾਡੀ ਪੜ੍ਹਾਈ ਵਿੱਚ ਚੰਗੀ ਹੈ। ਇਸ ਵਾਰ ਇਸ ਦੀ ਬੋਰਡ ਦੀ ਪੜ੍ਹਾਈ ਐ। ਇਸ ਵਾਰ ਇਸ ਨੂੰ ਨਰਮਾ ਚੁਗਣ ਨਾ ਲੈ ਕੇ ਜਾਇਓ। ਚੰਗੇ ਨੰਬਰ ਆ ਜਾਣਗੇ ਤੇ ਕੁਝ ਬਣ ਜਾਵੇਗੀ।” ਗੁਰਜੀਤ ਭੈਣਜੀ ਨੇ ਕੁਲਵਿੰਦਰ ਦੀ ਮਾਂ ਨੂੰ ਸਕੂਲ ਸੱਦ ਕੇ ਸਮਝਾਇਆ ਸੀ।
ਭੈਣਜੀ ਦਾ ਆਖਾ ਮੰਨ ਕੇ ਛਿੰਦੋ ਉਸ ਨੂੰ ਗੁਜਰਾਤ ਨਾਲ ਲੈ ਕੇ ਨਹੀਂ ਗਈ ਸੀ। ਉਹ ਕੁਲਵਿੰਦਰ ਦੇ ਨਾਲ ਅੱਕੀ ਨੂੰ ਵੀ ਪਿੱਛੇ ਦਾਦੀ ਕੋਲ ਛੱਡ ਗਈ ਸੀ। ਕੁਲਵਿੰਦਰ, ਦਾਦੀ ਨਾਲ ਰਲ ਕੇ ਅੱਕੀ ਨੂੰ ਸਾਂਭਣ ਲੱਗ ਪਈ ਸੀ। ਪਰ ਜਦੋਂ ਕੁਲਵਿੰਦਰ ਸਕੂਲ ਆ ਜਾਂਦੀ, ਉਸ ਦਾ ਧਿਆਨ ਅੱਕੀ ਵਿੱਚ ਹੀ ਰਹਿੰਦਾ।
”ਅੱੱਕੀ ਕਿਧਰੇ ਕੋਈ ਸੱਟ ਨਾ ਲਗਵਾ ਲਵੇ। ਕਿਸੇ ਬਸ ਟਰੱਕ ਥੱਲੇ ਹੀ ਨਾ ਆ ਜਾਵੇ। ਦਾਦੀ ਤਾਂ ਬੁੱਤ ਈ ਆ। ਉਹਨੂੰ ਕਿਹੜਾ ਦੀਂਹਦਾ।” ਕੁਲਵਿੰਦਰ ਸੋਚਦੀ ਰਹਿੰਦੀ। ਉਸ ਦਾ ਜਮਾਤ ਵਿੱਚ ਬੈਠੀ ਦਾ ਵੀ ਧਿਆਨ ਅੱਕੀ ਵਿੱਚ ਹੀ ਰਹਿੰਦਾ।
ਕੁਲਵਿੰਦਰ ਕਾ ਘਰ ਸੜਕ ਦੇ ਉੱਪਰ ਸੀ। ਸੜਕ ਵਗਦੀ ਵੀ ਵਾਹਵਾ ਸੀ। ਕੋਈ ਨਾ ਕੋਈ ਬਸ ਗੱਡੀ ਆਉਂਦੀ ਜਾਂਦੀ ਰਹਿੰਦੀ ਸੀ। ਅੱਕੀ ਦਿਨ ਵਿੱਚ ਪਤਾ ਨਹੀਂ ਕਿੰਨੀ ਵਾਰ ਸੜਕ ‘ਤੇ ਚਲੀ ਜਾਂਦੀ ਸੀ। ਘਰ ਦੇ ਨਿੱਕੇ ਜਿਹੇ ਵਿਹੜੇ ਵਿੱਚ ਜਿਵੇਂ ਉਸ ਦਾ ਦਮ ਘੁਟਦਾ ਹੋਵੇ। ਉਹ ਘਰ ਇੱਕ ਮਿੰਟ ਵੀ ਨਹੀਂ ਟਿਕਦੀ ਸੀ। ਕੁਲਵਿੰਦਰ ਨੂੰ ਇੰਝ ਲੱਗਦਾ ਜਿਵੇਂ ਅੱਕੀ ਮਾਂ ਦਾ ਹੇਰਵਾ ਵੀ ਕਰਦੀ ਹੋਵੇ। ਕੁਲਵਿੰਦਰ ਦਾ ਦਿਲ ਕਰਦਾ ਕਿ ਉਹ ਅੱਧੀ ਛੁੱਟੀ ਵੇਲੇ ਇੱਕ ਵਾਰ ਘਰ ਗੇੜਾ ਮਾਰ ਜਾਇਆ ਕਰੇ, ਪਰ ਉਨ੍ਹਾਂ ਦਾ ਘਰ ਏਨਾ ਨੇੜੇ ਨਹੀਂ ਸੀ। ਪਿੰਡ ਦੇ ਦੂਜੇ ਪਾਸੇ ਸੀ।
”ਮਾਂ ਦੇ ਹੇਰਵੇ ਨਾਲ ਅੱਕੀ ਕਿਧਰੇ ਬਿਮਾਰ ਹੀ ਨਾ ਹੋ ਜਾਵੇ।” ਇੱਕ ਦਿਨ ਇਹ ਸੋਚ ਕੇ ਕੁਲਵਿੰਦਰ ਡਰ ਜਿਹੀ ਗਈ ਸੀ। ਉਸ ਦੀਆਂ ਅੱਖਾਂ ਅੱਗੇ ਭੱਬੂਤਾਰੇ ਨੱਚਣ ਲੱਗ ਪਏ ਸਨ। ਉਦੋਂ ਕੁਲਵਿੰਦਰ ਨੇੇ ਆਪਣੇ ਮਨ ਨਾਲ ਫ਼ੈਸਲਾ ਕਰ ਲਿਆ ਸੀ ਕਿ ਉਹ ਅੱਕੀ ਨੂੰ ਇਕੱਲਿਆਂ ਨਹੀਂ ਛੱਡੇਗੀ।
ਕੁਲਵਿੰਦਰ ਨੇ ਮਾਸਟਰ ਬਖਤੌਰ ਸਿੰਘ ਤੇ ਗੁਰਜੀਤ ਭੈਣਜੀ ਦੀਆਂ ਝਿੜਕਾਂ ਦੀ ਪਰਵਾਹ ਨਹੀਂ ਕੀਤੀ ਸੀ। ਕੁਲਵਿੰਦਰ, ਅੱਕੀ ਨੂੰ ਆਪਣੇ ਨਾਲ ਸਕੂਲ ਲਿਆਉਣ ਲੱਗ ਪਈ ਸੀ। ਉਹ ਅੱਕੀ ਨੂੰ ਆਪਣੇ ਨਾਲ ਹੀ ਜਮਾਤ ਵਿੱਚ ਬਿਠਾਉਣ ਲੱਗ ਪਈ ਸੀ। ਗੁਰਜੀਤ ਭੈਣਜੀ ਦੋ ਦਿਨ ਤਾਂ ਕੁਝ ਨਹੀਂ ਬੋਲੀ ਸੀ। ਤੀਜੇ ਦਿਨ ਉਹ ਕੁਲਵਿੰਦਰ ਨੂੰ ਝਿੜਕਣ ਲੱਗ ਪਈ ਸੀ।
”ਜੇ ਪੜ੍ਹਨਾ ਹੈ ਤਾਂ ਇਹਨੂੰ ਘਰ ਛੱਡ ਕੇ ਆਇਆ ਕਰ। ਜੇਕਰ ਨਿਆਣੇ ਹੀ ਖਿਡਾਉਣੇ ਐ ਤਾਂ ਘਰ ਰਹਿ ਕੇ ਖਿਡਾਇਆ ਕਰੋ। ਇੱਥੇ ਆਉਣ ਦੀ ਕੋਈ ਜ਼ਰੂਰਤ ਨਹੀਂ ਹੈ।” ਗੁਰਜੀਤ ਭੈਣਜੀ ਨੇ ਕੁਲਵਿੰਦਰ ਦੇ ਨਾਲ-ਨਾਲ ਜਮਾਤ ਦੇ ਹੋਰ ਬੱਚਿਆਂ ਨੂੰ ਤਾੜ ਦਿੱਤਾ ਸੀ।
”ਉਂਜ ਤਾਂ ਤੂੰ ਇਸ ਦੀ ਦਾਈ-ਮਾਈ ਬਣੀ ਹੋਈ ਏਂ। ਕਦੇ ਇਹਦਾ ਨੱਕ-ਮੂੰਹ ਵੀ ਸਾਫ਼ ਕਰ ਦਿਆ ਕਰ।” ਗੁਰਜੀਤ ਭੈਣਜੀ ਨੇ ਕੁਝ ਰੁਕ ਕੇ ਜਮਾਤ ਵਿੱਚ ਇੱਕ ਗੇੜਾ ਕਢ ਕੇ ਨੱਕ ਚੜ੍ਹਾਉਂਦਿਆਂ ਆਖਿਆ ਸੀ।
ਫਿਰ ਇੰਕ ਦਿਨ ਮਾਸਟਰ ਬਖਤੌਰ ਸਿੰਘ ਤੇ ਗੁਰਜੀਤ ਭੈਣਜੀ ਨੇ ਇਕੱਠਿਆਂ ਕੁਲਵਿੰਦਰ ਨੂੰ ਤਾੜਿਆ ਸੀ। ਉਨ੍ਹਾਂ ਕੁਲਵਿੰਦਰ ਨੂੰ ਪ੍ਰਾਰਥਨਾ ਵਿੱਚ ਹੀ ਖੜ੍ਹਾ ਕਰ ਲਿਆ ਸੀ। ਉਨ੍ਹਾਂ ਕੁਲਵਿੰਦਰ ਨੂੰ ਅਫ਼ਸਰਾਂ ਦਾ ਇਹੋ ਜਿਹਾ ਡਰਾਵਾ ਦਿੱਤਾ ਸੀ ਕਿ ਉਸ ਨੇ ਸਕੂਲ ਆਉਣਾ ਬੰਦ ਕਰ ਦਿੱਤਾ ਸੀ।
”ਅਫ਼ਸਰਾਂ ਨੂੰ ਪਤਾ ਲੱਗ ਗਿਆ, ਉਨ੍ਹਾਂ ਤੈਨੂੰ ਸਕੂਲ ‘ਚੋਂ ਕੱਢ ਦੇਣਾ ਏ ਤੇ ਸਾਡੀਆਂ ਬਦਲੀਆਂ ਵੀ ਪੱਕੀਆਂ ਸਮਝ।” ਮਾਸਟਰ ਬਖਤੌਰ ਸਿੰਘ ਨੇ ਆਖਿਆ ਸੀ।
”ਇਹ ਸਕੂਲ ਉਦੋਂ ਤਕ ਹੀ ਹੈ, ਜਦੋਂ ਤਕ ਮਾਸਟਰ ਬਖਤੌਰ ਸਿੰਘ ਤੇ ਗੁਰਜੀਤ ਭੈਣਜੀ ਦੀ ਇੱਥੋਂ ਬਦਲੀ ਨਹੀਂ ਹੁੰਦੀ। ਇੱਥੇ ਇਨ੍ਹਾਂ ਦੀ ਥਾਂ ਕਿਸੇ ਮਾਸਟਰ-ਭੈਣਜੀ ਨੇ ਨਹੀਂ ਆਉਣਾ। ਪਹਿਲਾਂ ਕਿਹੜਾ ਇੱਥੇ ਕੋਈ ਮਾਸਟਰ ਹੁੰਦਾ ਸੀ। ਇੱਕ ਦੂਜੇ ਪਿੰਡ ਦੇ ਸਕੂਲ ਵਿੱਚੋਂ ਆਉਂਦਾ ਹੁੰਦਾ ਸੀ। ਉਹ ਵੀ ਕਦੇ ਆ ਗਿਆ ਕਦੇ ਨਾ ਆਇਆ।” ਕੁਲਵਿੰਦਰ ਨੇ ਪਿੰਡ ਦੀਆਂ ਸਰਦਾਰਨੀਆਂ ਨੂੰ ਇਹ ਗੱਲਾਂ ਕਰਦਿਆਂ ਕਈ ਵਾਰ ਸੁਣਿਆ ਸੀ। ਛੁੱਟੀ ਵਾਲੇ ਦਿਨ ਉਹ ਮਾਂ ਨਾਲ ਸਰਦਾਰਾਂ ਦੇ ਘਰਾਂ ਵਿੱਚ ਕੰਮ ਕਰਨ ਚਲੀ ਜਾਂਦੀ ਹੁੰਦੀ ਸੀ।
ਕੁਲਵਿੰਦਰ ਨੇ ਅਜੇ ਤਕ ਕੋਈ ਅਫ਼ਸਰ ਜਮਾਤ ਵਿੱਚ ਆ ਕੇ ਬੱਚਿਆਂ ਨਾਲ ਗੱਲਬਾਤ ਕਰਦਾ ਨਹੀਂ ਵੇਖਿਆ ਸੀ। ਬਹੁਤੀ ਵਾਰ ਅਫ਼ਸਰ ਦੇ ਆਉਣ ਦੀ ਅਫ਼ਵਾਹ ਹੀ ਫੈਲਦੀ ਸੀ। ਮਾਸਟਰ ਬਖਤੌਰ ਸਿੰਘ ਤੇ ਗੁਰਜੀਤ ਭੈਣਜੀ ਉਡੀਕਦੇ ਰਹਿ ਜਾਂਦੇ ਸਨ। ਬਾਅਦ ਵਿੱਚ ਪਤਾ ਲੱਗਦਾ ਸੀ ਕਿ ਅਫ਼ਸਰ ਦੀ ਗੱਡੀ ਤਾਂ ਸਾਉਣ ਦੇ ਬੱਦਲ ਵਾਂਗ ਹੋਰ ਪਾਸੇ ਨੂੰ ਮੁੜ ਗਈ ਹੈ।
ਜੇ ਕਿਧਰੇ ਅਫ਼ਸਰ ਸਬੱਬੀਂ ਆ ਵੀ ਜਾਂਦਾ ਸੀ ਤਾਂ ਕੁਲਵਿੰਦਰ ਨੇ ਉਹ ਕਿਸੇ ਜਮਾਤ ਵਿੱਚ ਜਾਂਦਾ ਨਹੀਂ ਵੇਖਿਆ ਸੀ। ਬਹੁਤੀ ਵਾਰ ਤਾਂ ਅਫ਼ਸਰ ਗੱਡੀ ਵਿੱਚੋਂ ਹੀ ਨਹੀਂ ਉਤਰਦਾ ਹੁੰਦਾ ਸੀ। ਮਾਸਟਰ ਬਖਤੌਰ ਸਿੰਘ ਤੇ ਗੁਰਜੀਤ ਭੈਣਜੀ ਗੱਡੀ ਕੋਲ ਹੀ ਜ਼ਰੂਰੀ ਰਜਿਸਟਰ ਲੈ ਜਾਂਦੇ ਹੁੰਦੇ ਸਨ ਤੇ ਅਫ਼ਸਰ ਨੂੰ ਵਿਖਾ ਆਉਂਦੇ ਹੁੰਦੇ ਸਨ। ਸਾਰਾ ਕੁਝ ਜਾਨਣ ਦੇ ਬਾਵਜੂਦ ਮਾਸਟਰ ਬਖਤੌਰ ਸਿੰਘ ਤੇ ਗੁਰਜੀਤ ਭੈਣਜੀ ਦੀਆ ਗੱਲਾਂ ਨੇੇ ਕੁਲਵਿੰਦਰ ਨੂੰ ਬੇਹੱਦ ਡਰਾ ਦਿੱਤਾ ਸੀ।
”ਸਿਰਫ਼ ਮਹੀਨੇ-ਡੇਢ ਮਹੀਨੇ ਦੀ ਗੱਲ ਐ। ਏਨੇ ਕੁ ਦਿਨ ਮੈਂ ਸਕੂਲ ਨਹੀਂ ਆਉਂਦੀ। ਮਾਂ-ਪਿਓ ਕੰਮ ਕਰਕੇ ਆ ਜਾਣਗੇ, ਫਿਰ ਸਕੂਲ ਆਉਣ ਲੱਗ ਜਾਵਾਂਗੀ।” ਕੁਲਵਿੰਦਰ ਨੇ ਸੋਚਿਆ ਸੀ ਤੇ ਉਸ ਨੇ ਸਕੂਲ ਆਉਣਾ ਬੰਦ ਕਰ ਦਿੱਤਾ ਸੀ।
ਕੁਲਵਿੰਦਰ ਲਗਪਗ ਡੇਢ ਮਹੀਨਾ ਘਰ ਹੀ ਰਹੀ ਸੀ। ਉਹ ਘਰ ਅੱਕੀ ਨੂੰ ਸਾਂਭਦੀ ਰਹੀ ਸੀ। ਇਨ੍ਹਾਂ ਦਿਨਾਂ ਵਿੱਚ ਗੁਰਜੀਤ ਭੈਣਜੀ ਨੇ ਕੁਲਵਿੰਦਰ ਨੂੰ ਸਕੂਲ ਬੁਲਾਉਣ ਵਾਸਤੇ ਬੱਚੇ ਵੀ ਭੇਜੇ ਸਨ।
”ਗੁਰਜੀਤ ਭੈਣਜੀ ਆਖਦੇ ਸਨ- ਜੇ ਸਕੂਲ ਨਾ ਆਈ ਤਾਂ ਨਾਂ ਕੱਟ ਦਿਆਂਗੇ।” ਬੱਚਿਆਂ ਨੇ ਗੁਰਜੀਤ ਭੈਣਜੀ ਦਾ ਸੁਨੇਹਾ ਕੁਲਵਿੰਦਰ ਤਕ ਪਹੁੰਚਾ ਦਿੱਤਾ ਸੀ। ਗੁਰਜੀਤ ਭੈਣਜੀ ਅੱਕੀ ਨੂੰ ਜਮਾਤ ਵਿੱਚ ਬਹਿਣ ਨਹੀਂ ਦਿੰਦੀ ਸੀ, ਪਰ ਉਹ ਕੁਲਵਿੰਦਰ ਨੂੰ ਹਟਣ ਵੀ ਨਹੀਂ ਦੇਣਾ ਚਾਹੁੰਦੀ ਸੀ। ਕੁਲਵਿੰਦਰ ਤੇ ਦੋ ਕੁ ਹੋਰ ਹੁਸ਼ਿਆਰ ਬੱਚੇ ਹੀ ਪਿੰਡ ਅਤੇ ਅਫ਼ਸਰਾਂ ਸਾਹਵੇ ਗੁਰਜੀਤ ਭੈਣਜੀ ਦੀ ਕਾਬਲੀਅਤ ਦਾ ਸਬੂਤ ਸਨ। ਪਰ ਭੈਣਜੀ ਦੇ ਸੱਦਣ ਦੇ ਬਾਵਜੂਦ ਉਹ ਸਕੂਲ ਨਹੀਂ ਜਾਣ ਲੱਗੀ ਸੀ।
ਡੇਢ ਕੁ ਮਹੀਨੇ ਬਾਅਦ ਕੁਲਵਿੰਦਰ ਦੇ ਮਾਂ-ਪਿਉ ਕੰਮ ਕਰ ਕੇ ਮੁੜੇ ਸਨ। ਕੁਲਵਿੰਦਰ ਨੇ ਦੁਬਾਰਾ ਸਕੂਲ ਆਉਣਾ ਸ਼ੁਰੂ ਕੀਤਾ ਸੀ। ਉਹ ਦੁਬਾਰਾ ਦੋ ਕੁ ਹਫਤੇ ਹੀ ਸਕੂਲ ਗਈ ਸੀ। ਉਸ ਦੀ ਅਜੇ ਪਿਛਲੀ ਕਮੀ ਪੂਰੀ ਨਹੀਂ ਹੋਈ ਸੀ। ਉਸ ਨੂੰ ਦੁਬਾਰਾ ਘਰ ਦਾ ਸਾਰਾ ਕੰਮ ਕਰਨਾ ਪੈਣ ਲੱਗ ਪਿਆ ਸੀ। ਉਸ ਦੀ ਮਾਂ ਛਿੰਦੋ ਦੇ ਗੋਡੇ ਬਹੁਤ ਦਰਦ ਕਰਨ ਲੱਗ ਪਏ ਸਨ।
‘ਜ਼ਿਆਦਾ ਕੰਮ ਕਰਨ ਕਰਕੇ ਗੋਡੇ ਦੁਖਣ ਲੱਗ ਪਏ ਹਨ। ਹੌਲੀ ਹੌਲੀ ਆਪੇ ਠੀਕ ਹੋ ਜਾਣਗੇ।’ ਛਿੰਦੋ ਨੇ ਸੋਚਿਆ ਸੀ। ਉਹ ਕਈ ਦਿਨ ਵੇਖਦੀ ਰਹੀ ਸੀ, ਪਰ ਗੋਡੇ ਦੁਖਣੋਂ ਨਹੀਂ ਹਟੇ ਸਨ। ਛਿੰਦੋ ਪਿੰਡ ਵਾਲੇ ਡਾਕਟਰ ਕੋਲੋਂ ਕਈ ਦਿਨ ਟੀਕੇ ਲਗਵਾਉਂਦੀ ਰਹੀ ਸੀ, ਪਰ ਫ਼ਰਕ ਭੋਰਾ ਵੀ ਨਹੀਂ ਪਿਆ ਸੀ। ਫਿਰ ਉਸ ਨੇ ਡੇਰੇ ਵਾਲੇ ਸਾਧ ਕੋਲੋਂ ਫਾਂਡਾ ਵੀ ਕਰਵਾਇਆ ਸੀ। ਦਰਦ ਫਿਰ ਵੀ ਨਹੀਂ ਘਟਿਆ ਸੀ।
‘ਇਹ ਤਾਂ ਕਿਸੇ ਨੇੇ ਕੁਝ ਕੀਤਾ ਹੋਇਆ। ਅੱਜਕੱਲ੍ਹ ਕਮਾਈ ਕਰਦਿਆਂ ਨੂੰ ਕੋਈ ਨਹੀਂ ਵੇਖ ਸੁਖਾਉਂਦਾ।’ ਛਿੰਦੋ ਜਦੋਂ ਵੀ ਇਕੱਲੀ ਬਹਿੰਦੀ, ਝੂਰਦੀ ਰਹਿੰਦੀ।
ਸਰਦਾਰਨੀਆਂ ਤੇ ਆਂਢ-ਗੁਆਂਢ ਦੀਆਂ ਹੋਰ ਜ਼ਨਾਨੀਆਂ ਨੇ ਛਿੰਦੋ ਨੂੰ ਕਿਸੇ ਸਿਆਣੇ ਡਾਕਟਰ ਨੂੰ ਵਿਖਾ ਆਉਣ ਦੀ ਸਲਾਹ ਦਿੱਤੀ ਸੀ। ਉਸ ਨੇ ਕੁਲਵਿੰਦਰ ਦੇ ਪਿਉ ਨੂੰ ਸ਼ਹਿਰ ਕਿਸੇ ਡਾਕਟਰ ਕੋਲ ਜਾਣ ਲਈ ਆਖਿਆ ਵੀ ਸੀ, ਪਰ ਕੁਲਵਿੰਦਰ ਦੇ ਪਿਉ ਦਾ ਮਨ ਸ਼ਹਿਰ ਜਾਣ ਲਈ ਨਹੀਂ ਮੰਨਿਆ ਸੀ।
”ਹੁਣ ਜਿਹੜੇ ਚਾਰ ਪੈਸੇ ਕਮਾ ਕੇ ਲਿਆਏ ਆਂ, ਉਹ ਡਾਕਟਰਾਂ ਪਿੱਛੇ ਰੋੜ੍ਹ ਦੇਈਏ। ‘ਰਾਮ ਪਤਾ ਨਹੀਂ ਆਉਣਾ ਏ ਕਿ ਨਹੀਂ। ਡਾਕਟਰਾਂ ਮੂੰਹ ਅੱਡੇ ਹੋਏ ਐ। ਪਹਿਲਾਂ ਪਰਚੀ ਦੇ ਪੈਸੇ ਲੈਣਗੇ। ਪਰਚੀ ਤੋਂ ਬਿਨਾਂ ਅੰਦਰ ਨਹੀਂ ਵੜਨ ਦਿੰਦੇ। ਫਿਰ ਖਾਹਮਖਾਹ ਦੇ ਟੈਸਟ ਕਰਵਾਉਣਗੇ। ਟੈਸਟਾਂ ਦੇ ਵੱਖਰੇ ਪੈਸੇ ਲੈਣਗੇ। ਫੇਰ ਕਿਤੇ ਜਾ ਕੇ ਦਵਾਈ ਦੇਣਗੇ। ਇਹ ਲੋਕ ਨਹੀਂ ਕਿਸੇ ‘ਤੇ ਤਰਸ ਕਰਦੇ।” ਕੁਲਵਿੰਦਰ ਦੇ ਪਿਉ ਨੇ ਆਖਿਆ ਸੀ।
ਕੋਈ ਚਾਰਾ ਨਾ ਚਲਦਾ ਵੇਖ ਕੇ ਛਿੰਦੋ ਪੇਕਿਆਂ ਨੂੰ ਤੁਰ ਗਈ ਸੀ। ਛਿੰਦੋ ਨੂੰ ਉਮੀਦ ਸੀ ਕਿ ਉਸ ਦੇ ਮਾਂ-ਪਿਉ ਜ਼ਰੂਰ ਉਸ ਨੂੰ ਸ਼ਹਿਰ ਕਿਸੇ ਡਾਕਟਰ ਕੋਲ ਲੈ ਜਾਣਗੇ। ਉਹ ਅੱਕੀ ਨੂੰ ਵੀ ਨਾਲ ਲੈ ਗਈ ਸੀ।
ਮਾਂ-ਪਿਉ ਨੇ ਛਿੰਦੋ ਦਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ। ਉਂਜ ਉਨ੍ਹਾਂ ਨੂੰ ਛਿੰਦੋ ਦਾ ਇਸ ਤਰ੍ਹਾਂ ਆਉਣਾ ਚੰਗਾ ਨਹੀਂ ਲੱਗਾ ਸੀ।
”ਸਾਡੀ ਨੂੰ ਸਾਂਭਣ ਦੀ ਇਨ੍ਹਾਂ ਕੋਲ ਹਿੰਮਤ ਹੈਨੀ। ਆਪਣੀ ਨੂੰ ਤਾਂ ਇਹ ਸਾਂਭਣ।” ਕੁਲਵਿੰਦਰ ਦੇ ਮਾਮੇ ਨੇ ਆਖਿਆ ਸੀ। ਫਿਰ ਉਹ ਇੱਕ ਦਿਨ ਅੱਕੀ ਨੂੰ ਵਾਪਸ ਛੱਡ ਗਿਆ ਸੀ। ਅੱਕੀ ਨੂੰ ਉਹ ਘਰ ਦੇ ਬਾਹਰ ਹੀ ਸਾਈਕਲ ਤੋਂ ਲਾਹ ਕੇ ਵਾਪਸ ਮੁੜ ਗਿਆ ਸੀ। ਕੁਲਵਿੰਦਰ ਗਲ਼ੀ ਤਕ ਵੇਖਣ ਗਈ ਸੀ। ਉਸ ਨੂੰ ਪੂਰੀ ਉਮੀਦ ਸੀ ਕਿ ਮਾਂ ਰਾਜ਼ੀ ਹੋ ਗਈ ਹੋਵੇਗੀ ਤੇ ਅੱਕੀ ਨਾਲ ਮਾਂ ਵੀ ਆਈ ਹੋਵੇਗੀ। ਉਹ ਮਾਂ ਨੂੰ ਅਗਲਵਾਂਢੀ ਮਿਲਣਾ ਚਾਹੁੰਦੀ ਸੀ, ਪਰ ਮਾਂ ਨਹੀਂ ਆਈ ਸੀ।
ਪੰਜਵੀਂ ਜਮਾਤ ਦੇ ਪੱਕੇ ਪੇਪਰ ਥੋੜ੍ਹੇ ਦਿਨਾਂ ਤਕ ਸ਼ੁਰੂ ਹੋਣ ਵਾਲੇ ਸਨ। ਮਾਂ ਤੋਂ ਬਿਨਾਂ ਅੱਕੀ ਨੂੰ ਕੁਲਵਿੰਦਰ ਨੇ ਹੀ ਸਾਂਭਣਾ ਸੀ। ਅੱਕੀ ਨੂੰ ਸਾਂਭਣ ਕਰਕੇ ਕੁਲਵਿੰਦਰ ਨੇ ਸਕੂਲ ਜਾਣਾ ਫਿਰ ਬੰਦ ਕਰ ਦਿੱਤਾ ਸੀ। ਉਹ ਪਹਿਲੇ ਪੇਪਰ ਵਾਲੇ ਦਿਨ ਤਕ ਮਾਂ ਨੂੰ ਉਡੀਕਦੀ ਰਹੀ ਸੀ ਪਰ ਮਾਂ ਨਹੀਂ ਆਈ ਸੀ।
ਕੁਲਵਿੰਦਰ ਪੇਪਰ ਨਹੀਂ ਦੇ ਸਕੀ ਸੀ। ਉਸ ਦੇ ਜਮਾਤੀ ਪੇਪਰ ਦੇ ਕੇ ਅਗਲੀ ਜਮਾਤ ਵਿੱਚ ਚੜ੍ਹ ਗਏ ਸਨ। ਉਸ ਦਾ ਸਾਲ ਮਾਰਿਆ ਗਿਆ ਸੀ। ਮਾਸਟਰ ਬਖਤੌਰ ਸਿੰਘ ਤੇ ਗੁਰਜੀਤ ਭੈਣਜੀ ਨੇ ਸਭ ਨੂੰ ਪਾਸ ਕਰ ਦਿੱਤਾ ਸੀ। ਕੁਲਵਿੰਦਰ ਦੇ ਜਮਾਤੀ ਛੱਜੂ ਨੂੰ ਆਪਣਾ ਨਾਂ ਵੀ ਨਹੀਂ ਲਿਖਣਾ ਆਉਂਦਾ ਸੀ। ਉਹ ਵੀ ਅਗਲੀ ਜਮਾਤ ਵਿਚ ਚੜ੍ਹ ਗਿਆ ਸੀ। ਕੁਲਵਿੰਦਰ ਨੂੰ ਘਰ ਬੈਠੀ ਨੂੰ ਪਤਾ ਲੱਗ ਗਿਆ ਸੀ।
‘ਜੇ ਗੁਰਜੀਤ ਭੈਣਜੀ ਮੈਨੂੰ ਵੀ ਅਗਲੀ ਜਮਾਤ ਵਿੱਚ ਚੜ੍ਹਾ ਦਿੰਦੇ ਤਾਂ ਕੀ ਫ਼ਰਕ ਪੈ ਚੱਲਿਆ ਸੀ।’ ਕੁਲਵਿੰਦਰ ਸੋਚਦੀ।
‘ਮੈਨੂੰ ਅਗਲੀ ਜਮਾਤ ਵਿੱਚ ਕਿਵੇਂ ਚੜ੍ਹਾ ਦਿੰਦੇ? ਮੈਂ ਪੇਪਰ ਹੀ ਨਹੀਂ ਪਾਏ, ਮੇੇਰਾ ਨਾਂ ਕੱਟ ਗਿਆ ਸੀ।’ ਕੁਲਵਿੰਦਰ ਆਪਣੇ ਸਵਾਲ ਦਾ ਆਪੇ ਜਵਾਬ ਦੇ ਦਿੰਦੀ।
ਬੱਚੇ ਨਵੀਂਆਂ ਕਿਤਾਬਾਂ ਤੇ ਨਵੇਂ ਬਸਤੇ ਲੈ ਕੇ ਦੁਬਾਰਾ ਸਕੂਲ ਜਾਣ ਲੱਗ ਪਏ ਸਨ। ਇਨ੍ਹਾਂ ਦਿਨਾਂ ਵਿੱਚ ਸਕੂਲ ਵਿੱਚ ਇੱਕ ਭੈਣਜੀ ਹੋਰ ਆ ਗਈ ਸੀ। ਨਵੀਂ ਭੈਣ ਜੀ ਦਾ ਨਾਂ ਅਨੀਤਾ ਸੀ।
”ਨਵੀਂ ਭੈਣਜੀ ਦੀ ਇੱਕ ਸਵੀਟ ਜਿਹੀ ਨਿੱਕੀ ਜਿਹੀ ਕੁੜੀ ਵੀ ਐ। ਨਵੀਂ ਭੈਣਜੀ ਦੀ ਕੁੜੀ ਦਾ ਨਾਂ ਵੀ ਸਵੀਟੀ ਹੀ ਐ।” ਇੱਕ ਦਿਨ ਬੱਚਿਆਂ ਨੇ ਕੁਲਵਿੰਦਰ ਨੂੰ ਦੱਸਿਆ ਸੀ। ਉਹ ਕੁਲਵਿੰਦਰ ਨੂੰ ਬੁਲਾਉਣ ਆਏ ਸਨ। ਬੱਚਿਆਂ ਨੂੰ ਗੁਰਜੀਤ ਭੈਣਜੀ ਨੇ ਭੇਜਿਆ ਸੀ।
”ਕੀ ਪਤਾ ਗੁਰਜੀਤ ਭੈਣਜੀ ਨੇ ਮੈਨੂੰ ਵੀ ਪਾਸ ਕਰ ਦਿੱਤਾ ਹੋਵੇ। ਫਿਰ ਮੈਂ ਵੀ ਛੇਵੀਂ ਵਿੱਚ ਵੱਡੇ ਸਕੂਲ ਵਿੱਚ ਦਾਖਲਾ ਲੈ ਲਵਾਂਗੀ।” ਕੁਲਵਿੰਦਰ ਸੋਚਣ ਲੱਗੀ ਸੀ।
ਅੱਕੀ ਸਕੂਲ ਜਾਣ ਲੱਗ ਪਈ ਸੀ। ਅੱਕੀ ਦੀ ਉਮਰ ਸਕੂਲ ਜਾਣ ਵਾਲੀ ਹੋ ਗਈ ਸੀ। ਅੱਕੀ ਨਾਲ ਅਗਲੇ ਦਿਨ ਕੁਲਵਿੰਦਰ ਵੀ ਸਕੂਲ ਪਹੁੰਚ ਗਈ ਸੀ। ਉਹ ਆਪਣੀ ਦਾਦੀ ਨੂੰ ਬਾਹੋਂ ਫੜ ਕੇ ਨਾਲ ਲੈ ਗਈ ਸੀ।
”ਇਹ ਵਿਚਾਰੀ ਕੁੜੀ ਨੂੰ ਲੈ ਕੇ ਰੋਜ਼ਾਨਾ ਸ਼ਹਿਰੋਂ ਆਉਂਦੀ ਏ। ਕੁੜੀ ਨੂੰ ਸਾਂਭਣ ਵਾਲਾ ਘਰ ਇਨ੍ਹਾਂ ਦੇ ਕੋਈ ਨਹੀ ਹੈਂ। ਘਰਵਾਲਾ ਇਸ ਦਾ ਹੋਰ ਕਿਸੇ ਜ਼ਿਲ੍ਹੇ ਵਿੱਚ ਨੌਕਰੀ ਕਰਦਾ ਏ। ਹਫ਼ਤੇ ਬਾਅਦ ਘਰ ਆਉਂਦਾ ਏ। ਵਿਚਾਰੀ ਕੁੜੀ ਨੂੰ ਨਾਲ ਲੈ ਕੇ ਆਉਂਦੀ ਏ। ਬੜੀ ਮੁਸ਼ਕਿਲ ਨਾਲ ਕਈ ਵਰ੍ਹਿਆਂ ਬਾਅਦ ਨੌਕਰੀ ਮਿਲੀ ਐ। ਨੌਕਰੀ ਸਰਕਾਰੀ ਐ, ਛੱਡੀ ਵੀ ਨਹੀਂ ਜਾਂਦੀ।” ਗੁਰਜੀਤ ਭੈਣਜੀ ਨੇ ਅਨੀਤਾ ਭੈਣਜੀ ਤੇ ਉਸ ਦੀ ਕੁੜੀ ਸਵੀਟੀ ਵੱਲ ਇਸ਼ਾਰਾ ਕਰਦਿਆਂ ਆਖਿਆ ਸੀ।
”ਉਂਜ ਤਾਂ ਘਰ ਸੱਸ ਹੈਗੀ, ਪਰ ਉਹ ਨਹੀਂ ਕੁੜੀ ਨੂੰ ਸਾਂਭਦੀ। ਅਗਲੀ ਕਹਿੰਦੀ ਐ, ਆਉਣ ਜਾਣ ਹੀ ਐ। ਸਰਕਾਰੀ ਸਕੂਲਾਂ ਵਿੱਚ ਕਿਹੜਾ ਪੜ੍ਹਾਉਣਾ ਹੁੰਦਾ ਏ। ਗੱਪਾਂ ਮਾਰਨ ਦੀ ਥਾਂ ਕੁੜੀ ਸਾਂਭ ਲਿਆ ਕਰੀਂ। ਉਂਜ ਵੀ ਸਕੂਲਾਂ ਵਿੱਚ ਤਾਂ ਨਿਆਣੇ ਹੀ ਨਿਆਣਿਆਂ ਨੂੰ ਸਾਂਂਭ ਲੈਂਦੇ ਐ।”
”ਕੁਲਵਿੰਦਰ ਬੇਹੱਦ ਸਿਆਣੀ ਕੁੜੀ ਐ। ਕੁਲਵਿੰਦਰ ਸਕੂਲ ਆ ਜਾਇਆ ਕਰੇ। ਇਹ ਸਵੀਟੀ ਨੂੰ ਸਾਂਭ ਲਿਆ ਕਰੇਗੀ। ਅਨੀਤਾ ਭੈਣਜੀ ਦਾ ਟਾਈਮ ਸੌਖਾ ਲੰਘ ਜਾਵੇਗਾ। ਕੁੜੀ ਪਲ਼ ਜਾਵੇਗੀ।” ਗੁਰਜੀਤ ਭੈਣਜੀ ਨੇ ਆਖਿਆ ਸੀ। ਉਦੋਂ ਕੁਲਵਿੰਦਰ ਦੀ ਦਾਦੀ ਜਵਾਬ ਵਿੱਚ ਕੁਝ ਨਹੀਂ ਬੋਲੀ ਸੀ।
”ਅਨੀਤਾ ਭੈਣਜੀ ਇਸਦਾ ਹੱਕ ਨਹੀਂ ਰੱਖਣਗੇ। ਇਹ ਪੁੰਨ ਦਾ ਕੰਮ ਹੀ ਸਮਝੋ। ਸਵੀਟੀ ਪੜ੍ਹ ਲਿਖ ਕੇ ਵੱਡੀ ਅਫ਼ਸਰ ਬਣੇਗੀ। ਆਪਣੇ ਬਚਪਨ ਵੇਲੇ ਦੀ ਖਿਡਾਵੀ ਨੂੰ ਨਹੀਂ ਭੁੱਲੇਗੀ।” ਗੁਰਜੀਤ ਭੈਣਜੀ ਤਰਲਿਆਂ ਜਿਹਿਆਂ ‘ਤੇ ਆ ਗਈ ਸੀ, ਪਰ ਕੁਲਵਿੰਦਰ ਦੀ ਦਾਦੀ ਨੇ ਹਾਂ ਨਹੀਂ ਕੀਤੀ ਸੀ।
”ਇਹਨੂੰ ਪੜ੍ਹਾ ਵੀ ਦੇਵਾਂਗੀਆਂ। ਇਹਦਾ ਨਾਂ ਦੁਬਾਰਾ ਲਿਖ ਲਵਾਂਗੀਆਂ। ਇਸ ਵਾਰ ਇਹਦੀ ਪੰਜਵੀਂ ਹੋ ਜਾਵੇਗੀ।” ਗੁਰਜੀਤ ਭੈਣਜੀ ਦੇ ਮੂੰਹੋਂ ਪੜ੍ਹਨ-ਪੜ੍ਹਾਉਣ ਬਾਰੇ ਸੁਣ ਕੇ ਕੁਲਵਿੰਦਰ ਦੀ ਦਾਦੀ ਨੇ ਹਾਂ ਕਰ ਦਿੱਤੀ ਸੀ।
‘ਚਾਰ ਅੱਖਰ ਪੜ੍ਹ ਜਾਵੇਗੀ ਤਾਂ ਜ਼ਿੰਦਗੀ ਸੌਖੀ ਲੰਘ ਜਾਵੇਗੀ। ਬਾਅਦ ਵਿੱਚ ਔਖਾ ਨਹੀਂ ਹੋਣਾ ਪਵੇਗਾ। ਮਾਂ-ਪਿਉ ਵਾਂਗ ਦਿਹਾੜੀਆਂ ਨਹੀਂ ਕਰਨੀਆਂ ਪੈਣਗੀਆਂ।’ ਕੁਲਵਿੰਦਰ ਦੀ ਦਾਦੀ ਨੇ ਸੋਚਿਆ ਸੀ।
”ਚੱਲ ਅੱਕੀ ਨਾਲ ਇਹ ਵੀ ਆ ਜਾਇਆ ਕਰੇਗੀ। ਨਾਲੇ ਅੱਕੀ ਦਾ ਧਿਆਨ ਰੱਖ ਲਿਆ ਕਰੂ।” ਕੁਲਵਿੰਦਰ ਦੀ ਦਾਦੀ ਨੇ ਆਖਿਆ ਸੀ।
ਅਗਲੇ ਦਿਨ ਤੋਂ ਕੁਲਵਿੰਦਰ ਸਕੂਲ ਵੇਲੇ ਸਵੀਟੀ ਨੂੰ ਸੰਭਾਲਣ ਲੱਗ ਪਈ ਸੀ। ਉਹ ਘਰੋਂ ਸਿੱਧੀ ਬਸ ਅੱਡੇ ‘ਤੇ ਪਹੁੰਚ ਜਾਂਦੀ ਸੀ। ਅਨੀਤਾ ਭੈਣਜੀ ਬਸ ‘ਤੇ ਹੀ ਸ਼ਹਿਰੋਂ ਆਉਦੀ ਸੀ। ਕਲੁਵਿੰਦਰ ਬੱਸੋਂ ਉਤਰਨ ਸਾਰ ਸਵੀਟੀ ਨੂੰ ਚੁੱਕ ਲੈਂਦੀ ਸੀ। ਗੁਰਜੀਤ ਭੈਣਜੀ ਨੇ ਕੁਲਵਿੰਦਰ ਦਾ ਨਾਂ ਦੁਬਾਰਾ ਪੰਜਵੀਂ ਜਮਾਤ ਦੇ ਰਜਿਸਟਰ ਵਿੱਚ ਚੜ੍ਹਾ ਲਿਆ ਸੀ। ਕੁਲਵਿੰਦਰ ਸਾਰਾ ਦਿਨ ਸਵੀਟੀ ਨੂੰ ਖਿਡਾਉਂਦੀ ਰਹਿੰਦੀ ਸੀ। ਉਹ ਸਵੀਟੀ ਨੂੰ ਲੈ ਕੇ ਆਪਣੀ ਪੰਜਵੀਂ ਦੀ ਜਮਾਤ ਵਿਚ ਬਹਿ ਜਾਂਦੀ ਸੀ। ਉਹ ਪੜ੍ਹਾਈ ਵੱਲ ਘੱਟ ਤੇ ਸਵੀਟੀ ਵੱਲ ਜ਼ਿਆਦਾ ਧਿਆਨ ਦਿੰਦੀ।
ਕੁਲਵਿੰਦਰ ਸਾਰਾ ਦਿਨ ਸਵੀਟੀ ਨੂੰ ਆਪਣੀ ਨਿੱਕੀ ਭੈਣ ਸਮਝ ਕੇ ਖਿਡਾਉਂਦੀ ਤੇ ਸਾਂਭਦੀ ਰਹਿੰਦੀ ਸੀ। ਉਹ ਸਕੂਲ ਵਾਲੇ ਛੇ ਘੰਟੇ ਸਵੀਟੀ ਦਾ ਇੱਕ ਪਲ ਵੀ ਵਿਸਾਹ ਨਹੀਂ ਖਾਂਦੀ ਸੀ। ਸਵੀਟੀ ਅਜੇ ਨਿੱਕੀ ਸੀ। ਚੁੱਕਣ ਵਾਲੀ ਸੀ। ਸਵੀਟੀ ਅਜੇ ਰਿੜ੍ਹਦੀ ਵੀ ਨਹੀਂ ਸੀ। ਉਹ ਸਵੀਟੀ ਨੂੰ ਸਾਰਾ ਦਿਨ ਚੁੱਕੀ ਫਿਰਦੀ ਰਹਿੰਦੀ ਸੀ।
ਕਾਰ ਸਿੱਧੀ ਜਾ ਕੇ ਦਫ਼ਤਰ ਮੂਹਰੇ ਖੜ੍ਹੀ ਹੋ ਗਈ ਸੀ। ਕਾਰ ਵਿੱਚੋਂ ਤਿੰਨ ਜਣੇ ਉਤਰੇ ਸਨ। ਉਹ ਤਿੰਨੇ ਕਾਰ ਤੋਂ ਲਹਿ ਕੇ ਦਫ਼ਤਰ ਵਿੱਚ ਵੜ ਗਏ ਸਨ।
ਉਨ੍ਹਾਂ ਤਿੰਨਾਂ ਨੂੰ ਦਫ਼ਤਰ ਵਿੱਚ ਵੜਿਆਂ ਨੂੰ ਅੱਧਾ ਘੰਟਾ ਹੋ ਗਿਆ ਸੀ। ਮਾਸਟਰ ਬਖਤੌਰ ਸਿੰਘ ਦਫ਼ਤਰ ਵਿੱਚ ਹੀ ਸੀ। ਦੂਜੀਆਂ ਦੋਵੇਂ ਭੈਣਜੀਆਂ ਜਮਾਤਾਂ ਦੇ ਬੂਹਿਆਂ ਵਿੱਚ ਬਹਿ ਗਈਆਂ ਸਨ। ਉਨ੍ਹਾਂ ਚੂਚਿਆਂ ਵਾਂਗ ਬੱਚਿਆਂ ਨੂੰ ਕਮਰਿਆਂ ਵਿੱਚ ਡੱਕ ਲਿਆ ਸੀ। ਉਨ੍ਹਾਂ ਨੇ ਬੱਚਿਆਂ ਦੀ ਪਾਣੀ ਪੀਣ ਤੇ ਪਿਸ਼ਾਬ ਕਰਨ ਜਾਣ ਦੀ ਛੁੱਟੀ ਵੀ ਬੰਦ ਕਰ ਦਿੱਤੀ ਸੀ।
ਸਾਰੇ ਬੱਚੇ ਸਮਝ ਗਏ ਸਨ ਕਿ ਸਕੂਲ ਵਿੱਚ ਕੋਈ ਅਫ਼ਸਰ ਆ ਗਿਆ ਹੈ ਤੇ ਛਾਪਾ ਪੈ ਗਿਆ ਹੈ। ਸਾਰਾ ਦਿਨ ਟਪੂੰ ਟਪੂੰ ਕਰਨ ਵਾਲੇ ਬੱਚੇ ਵੀ ਜਮਾਤਾਂ ਵਿੱਚ ਸੁੰਗੜ ਕੇ ਬਹਿ ਗਏ ਸਨ, ਪਰ ਕੁਲਵਿੰਦਰ ਨੂੰ ਵਿਸ਼ਵਾਸ ਜਿਹਾ ਨਹੀਂ ਆ ਰਿਹਾ ਸੀ। ਉਹ ਜਮਾਤ ਵਿਚ ਹੀ ਬੈਠੀ ਸੀ। ਉਸ ਦੇ ਕੋਲ ਹੀ ਸਵੀਟੀ ਬੈਠੀ ਸੀ। ਅਜੇ ਤਕ ਉਸ ਨੂੰ ਜਮਾਤ ਵਿੱਚੋਂ ਬਾਹਰ ਜਾਣ ਵਾਸਤੇ ਕਿਸੇ ਨਹੀਂ ਕਿਹਾ ਸੀ। ਨਾ ਹੀ ਅਜੇ ਤੱਕ ਕਿਸੇ ਨੇ ਉਸ ਨੂੰ ਪਿੱਛੋਂ ਉੱਠ ਕੇ ਅੱਗੇ ਜਾ ਕੇ ਬਹਿਣ ਵਾਸਤੇ ਕਿਹਾ ਸੀ।
ਬੱਚੇ ਇੱਕੋ ਥਾਂ ਬੈਠੇ ਬੈਠੇ ਅੱਕ-ਥੱਕ ਗਏ ਸਨ। ਬੱਚੇ ਵਾਰ-ਵਾਰ ਹੱਥ ਜੋੜ ਕੇ ਦੋਵਾਂ ਭੈਣਜੀਆਂ ਸਾਹਮਣੇ ਖੜ੍ਹੇ ਹੋ ਜਾਂਦੇ ਸਨ। ਉਹ ਕੋਈ ਨਾ ਕੋਈ ਬਹਾਨਾ ਲਾ ਕੇ ਭੈਣਜੀਆਂ ਕੋਲੋਂ ਬਾਹਰ ਜਾਣ ਦੀ ਛੁੱਟੀ ਮੰਗਦੇ ਸਨ, ਪਰ ਦੋਵੇਂ ਭੈਣਜੀਆਂ ਬੱਚਿਆਂ ਨੂੰ ਵਾਪਸ ਮੋੜ ਦਿੰਦੀਆਂ ਸਨ। ਉਹ ਕਿਸੇ ਵੀ ਬੱਚੇ ਨੂੰ ਬਾਹਰ ਨਹੀਂ ਜਾਣ ਦਿੰਦੀਆਂ ਸਨ।
ਕੁਲਵਿੰਦਰ ਬੇਹੱਦ ਡਰ ਗਈ ਸੀ। ਉਸ ‘ਤੇ ਇੱਕ ਰੰਗ ਆਉਂਦਾ ਤੇ ਇੱਕ ਰੰਗ ਜਾਂਦਾ ਸੀ। ਸਵੀਟੀ, ਉਸ ਦੀ ਭੈਣ ਅੱਕੀ ਨਾਲੋਂ ਕਿਤੇ ਛੋਟੀ ਸੀ।
”ਸਵੀਟੀ ਨੂੰ ਸਕੂਲ ਵਿੱਚ ਵੇਖ ਕੇ ਤਾਂ ਅਫ਼ਸਰ ਜ਼ਰੂਰ ਖ਼ਫ਼ਾ ਹੋਵੇਗਾ।” ਕੁਲਵਿੰਦਰ ਸੋਚ ਰਹੀ ਸੀ।
ਦਫ਼ਤਰ ਵਿੱਚ ਆਉਣ ਵਾਲੇ ਤਿੰਨੇ ਜਣੇ ਅੱਧਾ ਘੰਟਾ ਹੋਰ ਬੈਠੇ ਰਹੇ ਸਨ। ਮਾਸਟਰ ਬਖਤੌਰ ਸਿੰਘ ਨੇ ਗੁਆਂਢ ਵਿੱਚੋਂ ਕਿਸੇ ਦੇ ਘਰੋਂ ਚਾਹ ਅਤੇ ਨਾਲ ਕੁਝ ਖਾਣ ਵਾਸਤੇ ਮੰਗਵਾ ਲਿਆ ਸੀ। ਫਿਰ ਉਨ੍ਹਾਂ ਨੇ ਮਾਸਟਰ ਬਖਤੌਰ ਸਿੰਘ ਨੂੰ ਨਾਲ ਲੈ ਕੇ ਸਕੂਲ ਵਿੱਚ ਇੱਕ ਗੇੜਾ ਲਾਇਆ ਸੀ। ਉਹ ਕੁਲਵਿੰਦਰ ਦੀ ਜਮਾਤ ਦੇ ਅੱਗਿਓਂ ਲੰਘ ਗਏ ਸਨ, ਪਰ ਜਮਾਤ ਵਿੱਚ ਨਹੀਂ ਆਏ ਸਨ। ਇੰਝ ਲੱਗ ਰਿਹਾ ਸੀ, ਜਿਵੇਂ ਉਹ ਖਾਧਾ-ਪੀਤਾ ਹਜ਼ਮ ਕਰਨ ਲਈ ਘੁੰਮ ਰਹੇ ਹੋਣ।
ਸਕੂਲ ਦਾ ਇੱਕ ਗੇੜਾ ਜਿਹਾ ਲਾ ਕੇ ਉਹ ਤਿੰਨੇ ਜਣੇ ਕਾਰ ‘ਚ ਬਹਿ ਗਏ ਸਨ। ਬੱਚਿਆਂ ਨੇ ਜਮਾਤਾਂ ਵਿੱਚੋਂ ਹੀ ਖੜ੍ਹੇ ਹੋ ਹੋ ਕੇ ਤੁਰੀ ਜਾਂਦੀ ਕਾਰ ਨੂੰ ਵੇਖਿਆ ਸੀ। ਕਾਰ ਦੇ ਗੇਟੋਂ ਨਿਕਲਣ ਸਾਰ ਦੋਵੇਂ ਭੈਣਜੀਆਂ ਬੱਚਿਆਂ ਨੂੰ ਢਿੱਲ ਦੇ ਕੇ ਦਫ਼ਤਰ ਵਿੱਚ ਵੜ ਗਈਆਂ ਸਨ। ਸ਼ਾਇਦ ਉਨ੍ਹਾਂ ਨੂੰ ਮਾਸਟਰ ਬਖਤੌਰ ਸਿੰਘ ਨੇ ਦਫ਼ਤਰ ਵਿੱਚ ਬੁਲਾ ਲਿਆ ਸੀ।
ਕੁਲਵਿੰਦਰ ਵੀ ਸਵੀਟੀ ਨੂੰ ਲੈ ਕੇ ਭੈਣਜੀਆਂ ਦੇ ਪਿੱਛੇ-ਪਿੱਛੇ ਚਲੀ ਗਈ ਸੀ।
”ਭੈਣਜੀ! ਇਹ ਆਪਣੇ ਸਕੂਲ ਅਫ਼ਸਰ ਦੀ ਕਾਰ ਆਈ ਸੀ?” ਕੁਲਵਿੰਦਰ ਨੇ ਦਫ਼ਤਰ ਦੇ ਦਰਵਾਜ਼ੇ ਵਿੱਚ ਖੜ੍ਹੇ ਹੋ ਕੇ ਪੁੱਛਿਆ।
”ਆਹੋ! ਅਫ਼ਸਰ ਦੀ ਕਾਰ ਸੀ। ਪਰ ਤੂੰ ਡਰਿਆ ਨਾ ਕਰ। ਅਫ਼ਸਰ ਬੱਚਿਆਂ ਨੂੰ ਕੁਝ ਨਹੀਂ ਕਹਿੰਦੇ।” ਗੁਰਜੀਤ ਭੈਣਜੀ ਨੇ ਪਲੇਟਾਂ ਵਿੱਚ ਬਚਿਆ ਭੁਜੀਆ ਤੇ ਬਿਸਕੁਟ ਖਾਂਦਿਆਂ ਆਖਿਆ ਸੀ।
”ਭੈਣਜੀ! ਪਿਛਲੇ ਸਾਲ ਵਾਲੇ ਸਾਰੇ ਅਫ਼ਸਰ ਬਦਲ ਗਏ?” ਕੁਲਵਿੰਦਰ ਇਹ ਇੱਕ ਗੱਲ ਗੁਰਜੀਤ ਭੈਣਜੀ ਨੂੰ ਹੋਰ ਪੁੱਛਣਾ ਚਾਹੁੰਦੀ ਸੀ, ਪਰ ਡਰ ਜਿਹੀ ਗਈ ਸੀ। ਉਹ ਡਰਦੀ ਮਾਰੀ ਪਿਛਾਂਹ ਮੁੜ ਆਈ ਸੀ।
ਸੰਪਰਕ: 94165-92149