ਧਾਰੀਵਾਲ: ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਡਾ. ਸੁਭਾਸ਼ ਥੋਬਾ ਪਿੰਡ ਡੇਹਰੀਵਾਲ ਦਰੋਗਾ ‘ਚ 15 ਸਾਲਾ ਨਾਬਾਲਗ ਲੜਕੀ ਨਾਲ ਜਬਰ-ਜਨਾਹ ਦੀ ਕੋਸ਼ਿਸ਼ ਦੇ ਮਾਮਲੇ ਦੀ ਜਾਂਚ ਲਈ ਪੁੱਜੇ। ਉਨ੍ਹਾਂ ਲੜਕੀ ਦੇ ਮਾਪਿਆਂ ਨਾਲ ਗੱਲਬਾਤ ਕੀਤੀ। ਪੀੜਤਾ ਦੇ ਪਿਤਾ ਨੇ ਕਮਿਸ਼ਨ ਮੈਂਬਰ ਨੂੰ ਦੱਸਿਆ ਕਿ 21 ਜੂਨ ਨੂੰ ਪਿੰਡ ਦਾ ਡਿੱਪੂ ਹੋਲਡਰ ਜੋਗਿੰਦਰ ਪਾਲ ਉਨ੍ਹਾਂ ਦੇ ਘਰ ਦਾਖ਼ਲ ਹੋ ਕੇ 15 ਸਾਲਾ ਬੱਚੀ ਨੂੰ ਖਿੱਚ ਕੇ ਕਮਰੇ ‘ਚ ਲੈ ਗਿਆ ਤੇ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕੀਤੀ। ਪਿੰਡ ਵਾਸੀਆਂ ਉਸ ਨੂੰ ਜਲਦੀ ਗ੍ਰਿਫ਼ਤਾਰ ਕਰਨ ਅਤੇ ਉਸ ਦਾ ਡਿੱਪੂ ਰੱਦ ਕਰਨ ਦੀ ਅਪੀਲ ਕੀਤੀ। ਡਾ. ਸੁਭਾਸ਼ ਥੋਬਾ ਨੇ ਮੌਕੇ ‘ਤੇ ਮੌਜੂਦ ਡੀਐੱਸਪੀ ਰਾਜਬੀਰ ਸਿੰਘ ਅਤੇ ਥਾਣਾ ਧਾਰੀਵਾਲ ਮੁਖੀ ਹਰਪਾਲ ਸਿੰਘ ਨੂੰ ਪੰਜ ਦਿਨਾਂ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਕਮਿਸ਼ਨ ਨੂੰ ਰਿਪੋਰਟ ਦੇਣ ਦੇ ਹੁਕਮ ਜਾਰੀ ਕੀਤੇ। ਪੁਲੀਸ ਅਧਿਕਾਰੀਆਂ ਦੱਸਿਆ ਜੋਗਿੰਦਰ ਪਾਲ ਨੂੰ ਜਲਦੀ ਫੜ ਲਿਆ ਜਾਵੇਗਾ। -ਪੱਤਰ ਪ੍ਰੇਰਕ