ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 1 ਫਰਵਰੀ
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਅੰਬ ਸਾਹਿਬ ਫੇਜ਼-8 ਵਿੱਚ ਗੁਰੂ ਹਰਿ ਰਾਇ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ ਮੇਲ ਅੱਜ ਸ਼ੁਰੂ ਹੋ ਗਿਆ। ਅੱਜ ਸਵੇਰੇ ਅਖੰਡ ਪਾਠ ਆਰੰਭ ਹੋਣ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜੋ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਵਾਪਸ ਗੁਰਦੁਆਰਾ ਸਾਹਿਬ ਪਹੁੰਚ ਕੇ ਸੰਪੂਰਨ ਹੋਇਆ। ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਅਤੇ ਮੈਨੇਜਰ ਰਜਿੰਦਰ ਸਿੰਘ ਟੌਹੜਾ ਨੇ ਦੱਸਿਆ ਕਿ ਭਲਕੇ ਸੁਖਮਣੀ ਸਾਹਿਬ ਸੇਵਾ ਸੁਸਾਇਟੀ, ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ, ਭਾਈ ਹਰਜੀਤ ਸਿੰਘ, ਢਾਡੀ ਜਥਾ ਗਿਆਨੀ ਗੁਰਨਾਮ ਸਿੰਘ ਮੋਹੀ, ਭਾਈ ਸੁਖਜੀਤ ਸਿੰਘ, ਭਾਈ ਸੁਖਜਿੰਦਰ ਸਿੰਘ, ਭਾਈ ਸੁਰਿੰਦਰ ਸਿੰਘ, ਭਾਈ ਰਵਿੰਦਰ ਸਿੰਘ, ਭਾਈ ਸਿਮਰਨਜੀਤ ਸਿੰਘ, ਗਿਆਨੀ ਨਿਰਮਲ ਸਿੰਘ, ਭਾਈ ਸ਼ੌਕੀਨ ਸਿੰਘ ਅਤੇ ਭਾਈ ਕਰਨੈਲ ਸਿੰਘ ਹਾਜ਼ਰੀ ਲਵਾਉਣਗੇ। ਅਖੀਰਲੇ ਦਿਨ ਗੁਰਸ਼ਬਦ ਪ੍ਰਚਾਰ ਸਭਾ ਸੋਹਾਣਾ, ਮਾਤਾ ਸੁੰਦਰ ਕੌਰ ਸਰਬ-ਸਾਂਝੀ ਸੇਵਾ ਸੁਸਾਇਟੀ, ਭਾਈ ਪ੍ਰਤਾਪ ਸਿੰਘ, ਢਾਡੀ ਜਥਾ ਗਿਆਨੀ ਚਰਨ ਸਿੰਘ, ਭਾਈ ਓਂਕਾਰ ਸਿੰਘ, ਭਾਈ ਸਤਨਾਮ ਸਿੰਘ, ਭਾਈ ਅਮਨਦੀਪ ਸਿੰਘ, ਭਾਈ ਜਰਨੈਲ ਸਿੰਘ, ਭਾਈ ਜਗਤਾਰ ਸਿੰਘ, ਗਿਆਨੀ ਜਸਵੰਤ ਸਿੰਘ ਪਰਵਾਨਾ, ਭਾਈ ਕਾਰਜ ਸਿੰਘ, ਭਾਈ ਦਵਿੰਦਰ ਸਿੰਘ ਖਾਲਸਾ, ਭਾਈ ਪਰਵਿੰਦਰ ਸਿੰਘ ਸਮੇਤ ਹੋਰ ਕੀਰਤਨੀ ਜਥੇ ਹਾਜ਼ਰੀ ਲਵਾਉਣਗੇ।
ਗੁਰੂ ਰਵਿਦਾਸ ਦੇ ਪ੍ਰਕਾਸ਼ ਦਿਹਾੜੇ ਸਬੰਧੀ ਨਗਰ ਕੀਰਤਨ
ਕੁਰਾਲੀ (ਪੱਤਰ ਪ੍ਰੇਰਕ): ਗੁਰੂ ਰਵਿਦਾਸ ਦੇ ਪ੍ਰਕਾਸ਼ ਦਿਹਾੜੇ ਸਬੰਧੀ ਅੱਜ ਪਿੰਡ ਮੁੰਧੋਂ ਸੰਗਤੀਆਂ ਦੀ ਸੰਗਤ ਵੱਲੋਂ ਨਗਰ ਕੀਰਤਨ ਸਜਾਇਆ ਗਿਆ। ਭਗਤ ਰਵਿਦਾਸ ਸਭਾ, ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤ ਵੱਲੋਂ ਸਜਾਏ ਗਏ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਕੱਢਿਆ ਇਹ ਨਗਰ ਕੀਰਤਨ ਮੁੰਧੋਂ ਸੰਗਤੀਆਂ ਤੋਂ ਸ਼ੁਰੂ ਹੋ ਕੇ ਇਲਾਕੇ ਦੇ ਪਿੰਡਾਂ ਗੁੰਨੋ ਮਾਜਰਾ, ਬੜੌਦੀ, ਨੱਗਲ ਗੜ੍ਹੀਆਂ, ਫਤਿਹਗੜ੍ਹ, ਦੁਸਾਰਨਾ, ਨਿਹੋਲਕਾ, ਮੁੱਲਾਂਪੁਰ ਸੋਢੀਆਂ, ਮੁੰਧੋਂ ਮਸਤਾਨਾ ਅਤੇ ਮੁੰਧੋਂ ਭਾਗ ਸਿੰਘ ਹੁੰਦਾ ਹੋਇਆ ਮੁੜ ਮੁੰਧੋਂ ਸੰਗਤੀਆਂ ਪੁੱਜ ਕੇ ਸਮਾਪਤ ਹੋਇਆ। ਇਸ ਦੌਰਾਨ ਗਤਕਾ ਪਾਰਟੀਆਂ ਨੇ ਗਤਕੇ ਦੇ ਜੌਹਰ ਦਿਖਾਏ। ਨਗਰ ਕੀਰਤਨ ਦਾ ਪਿੰਡਾਂ ਵਿੱਚ ਸ਼ਾਨਦਾਰ ਸਵਾਗਤ ਕੀਤਾ ਗਿਆ। ਸੰਗਤ ਲਈ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਗਿਆ।