ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 2 ਅਪਰੈਲ
ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਇਥੋਂ ਇਤਿਹਾਸਿਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਧਾਰੀਵਾਲ ਤੋਂ ਸੁੰਦਰ ਪਾਲਕੀ ਸਾਹਿਬ ਵਿੱਚ ਸ਼ੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਹੈੱਡ ਗ੍ਰੰਥੀ ਭਾਈ ਜਸਵਿੰਦਰ ਸਿੰਘ ਕਲੇਰ ਨੇ ਅਰਦਾਸ ਕੀਤੀ। ਉਪਰੰਤ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇ. ਗੁਰਿੰਦਰਪਾਲ ਸਿੰਘ ਗੋਰਾ ਭਾਟੀਆ, ਐਸਜੀਪੀਸੀ ਮੈਂਬਰ ਬੀਬੀ ਜਸਬੀਰ ਕੌਰ ਜਫਰਵਾਲ, ਸ੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ, ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਰਮਨਦੀਪ ਸਿੰਘ ਸੰਧੂ, ਮੈਨੇਜਰ ਰਣਜੀਤ ਸਿੰਘ ਕਲਿਆਣਪੁਰ ਅਤੇ ਬਾਬਾ ਜੋਗਾ ਸਿੰਘ ਜੀ ਕਾਰ ਸੇਵਾ ਵਾਲਿਆਂ ਵਲੋਂ ਪੰਜ ਪਿਆਰਿਆਂ ਸਿਰੋਪਾਓ ਪਾ ਕੇ ਨਗਰ ਕੀਰਤਨ ਰਵਾਨਾ ਕੀਤਾ। ਨਗਰ ਕੀਰਤਨ ਗੁਰਦੁਆਰਾ ਬੁਰਜ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਅਹਿਮਦਾਬਾਦ, ਖੁੰਡਾ, ਖੁੰਡੀ, ਭੁੰਬਲੀ, ਅਲਾਵਲਪੁਰ, ਸਿੱਧਵਾਂ, ਮਾਨ, ਚੋਪੜੇ, ਕੋਟਲੀ ਸੈਣੀਆਂ ਆਦਿ ਪਿੰਡਾਂ ਤੋਂ ਹੁੰਦਾ ਹੋਇਆ ਇਤਿਹਾਸਕ ਗੁਰਦੁਆਰਾ ਘੱਲੂਘਾਰਾ ਸਾਹਿਬ ਛੰਭ (ਕਾਹਨੂੰਵਾਨ) ਵਿਖੇ ਨਤਮਸਤਕ ਹੋਣ ਮਗਰੋਂ ਮੁੜ ਸ਼ਾਮ ਨੂੰ ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਦੌਰਾਨ ਗੁਰਮਤਿ ਪ੍ਰਚਾਰ ਲਹਿਰ ਗਤਕਾ ਜਥਾ ਧਾਰੀਵਾਲ ਦੇ ਜਥੇਦਾਰ ਪ੍ਰਦੀਪ ਸਿੰਘ ਸੇਵਕ ਸਮੇਤ ਗਤਕਾ ਖਿਡਾਰੀਆਂ ਨੇ ਗਤਕੇ ਦੇ ਜੌਹਰ ਵਿਖਾਏ। ਰਾਗੀ ਜਥਿਆਂ ਨੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਨਗਰ ਕੀਰਤਨ ਦਾ ਸ਼ਰਧਾਲੂਆਂ ਵਲੋਂ ਵੱਖ ਵੱਖ ਪਿੰਡਾਂ/ਥਾਂਵਾਂ ਤੇ ਨਿੱਘਾ ਸੁਆਗਤ ਕੀਤਾ ਅਤੇ ਲੰਗਰ ਲਗਾਏ। ਨਗਰ ਕੀਰਤਨ ‘ਚ ਉਕਤ ਸ਼ਰਧਾਲੂ ਸੇਵਾਦਾਰਾਂ ਤੋਂ ਇਲਾਵਾ ਕੰਵਲਜੀਤ ਸਿੰਘ ਚਾਹਲ, ਧਰਮੀ ਫੌਜੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ, ਸਮਾਜਸੇਵੀ ਦਲਬੀਰ ਸਿੰਘ ਚਾਹਲ, ਕੁਲਬੀਰ ਸਿੰਘ ਰਿਆੜ,ਗ੍ਰੰਥੀ ਭਾਈ ਗੁਰਦੇਵ ਸਿੰਘ, ਪ੍ਰਧਾਨ ਅਮਰਜੀਤ ਸਿੰਘ ਹੈਪੀ, ਹਰਭਜਨ ਸਿੰਘ ਅਹਿਮਦਾਬਾਦ ਆਦਿ ਸਣੇ ਇਲਾਕੇ ਭਰ ਤੋਂ ਸੰਗਤ ਸਾਮਲ ਸੀ।