ਲਖਵੀਰ ਸਿੰਘ ਚੀਮਾ
ਟੱਲੇਵਾਲ, 27 ਜੂਨ
ਪਿੰਡ ਪੱਖੋਕੇ ਵਿੱਚ ਨਹਿਰੀ ਵਿਭਾਗ ਦੀ ਅਣਗਹਿਲੀ ਕਾਰਨ ਰਜਵਾਹਾ ਅੱਜ ਤੀਜੀ ਵਾਰ ਟੁੱਟ ਗਿਆ। ਰਜਬਾਹਾ ਟੁੱਟਣ ਕਾਰਨ ਝੋਨੇ ਅਤੇ ਮੱਕੀ ਦੀ ਫ਼ਸਲ ਵਾਲੇ ਖੇਤਾਂ ਵਿੱਚ ਪਾਣੀ ਨਾਲ ਭਰਨ ਨਾਲ ਨੁਕਸਾਨ ਦਾ ਡਰ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਕਿਸਾਨ ਲੈਂਬਰ ਸਿੰਘ ਅਤੇ ਰਾਜ ਸਿੰਘ ਦੇ ਖੇਤ ਨਜ਼ਦੀਕ ਰਜਵਾਹਾ ਪਹਿਲਾਂ ਵੀ ਇਕ ਦੋ ਵਾਰ ਟੁੱਟ ਚੁੱਕਿਆ ਹੈ। ਵਿਭਾਗ ਵਲੋਂ ਇਸ ਵੱਲ ਅਜੇ ਤੱਕ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਬੋਰੀਆਂ ਲਗਾ ਕੇ ਖਾਨਾਪੂਰਤੀ ਕਰ ਦਿੱਤੀ ਗਈ। ਜਿਸ ਕਾਰਨ ਮੌਜੂਦਾ ਸੀਜ਼ਨ ਦੌਰਾਨ ਪਾਣੀ ਛੱਡਣ ਸਾਰ ਹੀ ਇਹ ਰਜਵਾਹਾ ਤੀਜੀ ਵਾਰ ਟੁੱਟ ਗਿਆ। ਕਿਸਾਨਾਂ ਨੇ ਦੱਸਿਆ ਕਿ ਇਸ ਨਾਲ ਨੇੜਲੇ ਕਿਸਾਨਾਂ ਦੇ ਖੇਤਾਂ ਵਿੱਚ ਖੜ੍ਹੀ ਝੋਨੇ ਅਤੇ ਮੱਕੀ ਦੀ ਫ਼ਸਲ ਪਾਣੀ ਨਾਲ ਨੱਕੋ ਨੱਕ ਭਰ ਗਈ। ਰਜਵਾਹੇ ਵਿਚ ਪਏ ਪਾੜ ਦਾ ਜਾਇਜ਼ਾ ਲੈਣ ਨਹਿਰੀ ਵਿਭਾਗ ਦੇ ਅਧਿਕਾਰੀ ਵੀ ਆਏ ਅਤੇ ਵਿਭਾਗ ਵਲੋਂ ਜੇ.ਸੀ.ਬੀ ਆਦਿ ਭੇਜ ਕੇ ਮਿੱਟੀ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਖ਼ਬਰ ਲਿਖੇ ਜਾਣ ਤੱਕ ਕਿਸਾਨਾਂ ਅਤੇ ਵਿਭਾਗ ਪਾੜ ਬੰਦ ਕਰਨ ਲਈ ਉਪਰਾਲੇ ਕਰ ਰਿਹਾ ਸੀ।
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਇਸ ਇਲਾਕੇ ਵਿਚ ਲੰਘਦੇ ਢਿਪਾਲੀ ਰਜਬਾਹੇ ਵਿਚ ਪਿੰਡ ਦਿਆਲਪੁਰਾ ਮਿਰਜ਼ਾ ਕੋਲ ਬੀਤੀ ਰਾਤ ਕਰੀਬ 20 ਫੁੱਟ ਪਾੜ ਪੈਣ ਕਾਰਨ ਨੇੜਲੇ ਖੇਤਾਂ ‘ਚ ਪਾਣੀ ਭਰ ਗਿਆ। ਪਤਾ ਲੱਗਣ ‘ਤੇ ਨਗਰ ਨਿਵਾਸੀਆਂ ਨੇ ਕਾਫੀ ਜੱਦੋ-ਜਹਿਦ ਤੋਂ ਬਾਅਦ ਪਾੜ ਪੂਰਿਆ। ਪ੍ਰਾਪਤ ਵੇਰਵਿਆਂ ਅਨੁਸਾਰ ਪਿੰਡ ਦਿਆਲਪੁਰਾ ਮਿਰਜ਼ਾ ਸਥਿਤ ਨਹਿਰੀ ਕੋਠੀ ਦੇ ਨੇੜੇ ਇਸ ਰਜਵਾਹੇ ‘ਚੋਂ ਇਕ ਪਾਣੀ ਵਾਲੀ ਛੋਟਾ ਮੋਘਾ ਲੱਗਿਆ ਹੋਇਆ ਸੀ ਜਿਸ ‘ਚ ਪਾੜ ਪੈਣ ਕਾਰਨ ਇਹ ਮੋਘਾ ਪੁੱਟਿਆ ਗਿਆ। ਰਜਵਾਹੇ ਵਿਚ ਪਾੜ ਪੈਣ ਦਾ ਪਤਾ ਲੱਗਦਿਆਂ ਹੀ ਨਹਿਰੀ ਵਿਭਾਗ ਨੇ ਪਿੱਛੇ ਤੋਂ ਪਾਣੀ ਬੰਦ ਕਰ ਦਿੱਤਾ। ਇਸ ਮੌਕੇ ਹਾਜ਼ਰ ਪਿੰਡ ਦਿਆਲਪੁਰਾ ਮਿਰਜ਼ਾ ਦੇ ਕਿਸਾਨ ਐਡਵੋਕੇਟ ਕੰਵਲਜੀਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਰਜਵਾਹਾ ਅਤਿ ਪੁਰਾਣਾ ਹੋ ਚੁੱਕਾ ਹੈ, ਜਿਹੜਾ ਹੁਣ ਪਾਣੀ ਦੀ ਬਹੁਤੀ ਮਾਰ ਸਹਿ ਨਹੀਂ ਸਕਦਾ ਅਤੇ ਪਾੜ ਪੈ ਜਾਂਦਾ ਹੈ। ਇਸ ਮੌਕੇ ਪਹੁੰਚੇ ਨਹਿਰੀ ਵਿਭਾਗ ਦੇ ਜੇ.ਈ. ਸਿਮਰਜੀਤ ਸਿੰਘ ਚਾਹਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਰਜਵਾਹਿਆਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ, ਜਿਸ ਪ੍ਰੋਜੈਕਟ ਤਹਿਤ ਇਸ ਰਜਵਾਹੇ ਦੀ ਪ੍ਰੋਜੈਕਟ ਰਿਪੋਰਟ ਜਲਦ ਹੀ ਤਿਆਰ ਕੀਤੀ ਜਾ ਰਹੀ ਹੈ।