ਇਕਬਾਲ ਸਿੰਘ ਸ਼ਾਂਤ
ਲੰਬੀ, 29 ਜੂਨ
ਪਿੰਡ ਘੁਮਿਆਰਾ ਵਿੱਚ ਨਸ਼ਾ ਵਿਕਣ ਦੀ ਵਾਇਰਲ ਵੀਡੀਓ ਅਤੇ ਨਸ਼ਾ ਪੀੜਤ ਨੌਜਵਾਨ ਨੂੰ ਬੇੜੀਆਂ ਪਾਉਣ ਲਈ ਮਾਪਿਆਂ ਦੇ ਮਜਬੂਰ ਹੋਣ ਮਗਰੋਂ ਇੱਥੋਂ ਦੀ ਪੰਚਾਇਤ ਨੇ ਨਸ਼ਿਆਂ ਦੇ ਮੁੱਦਈ ਬਣੇ ਹੋਏ ਮੈਡੀਕਲ ਸਟੋਰਾਂ ਖ਼ਿਲਾਫ਼ ਪੱਕੇ ਪੈਰੀਂ ਕਰਵਾਈ ਲਈ ਅੱਜ ਪਹਿਲਾ ਕਾਨੂੰਨੀ ਕਦਮ ਪੁੱਟ ਲਿਆ ਹੈ। ਗਰਾਮ ਪੰਚਾਇਤ ਨੇ ਅੱਜ ਮਤਾ ਪਾਸ ਕਰਕੇ ਸਰਕਾਰ ਤੋਂ ਘੁਮਿਆਰਾ ਵਿੱਚ ਚੱਲਦੇ ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ। ਮਾਮਲਾ ਮੀਡੀਆ ਵਿੱਚ ਨਸ਼ਰ ਹੋਣ ਮਗਰੋਂ ਕਿੱਲਿਆਂਵਾਲੀ ਪੁਲੀਸ ਨੇ ਵੀਡੀਓ ਨਾਲ ਸਬੰਧਤ ਮੈਡੀਕਲ ਸਟੋਰ ਨੂੰ ਸੋਮਵਾਰ ਤੱਕ ਬੰਦ ਕਰਵਾ ਦਿੱਤਾ। ਥਾਣਾ ਮੁਖੀ ਇਕਬਾਲ ਸਿੰਘ ਨੇ ਨਸ਼ਾ ਪੀੜਤ ਨੌਜਵਾਨ ਨਾਲ ਵੀ ਮੁਲਾਕਾਤ ਕੀਤੀ।
ਪਿੰਡ ਘੁਮਿਆਰਾ ਦੀ ਮਹਿਲਾ ਸਰਪੰਚ ਮਨਿੰਦਰ ਕੌਰ ਦੀ ਅਗਵਾਈ ਹੇਠ ਪੰਚਾਇਤ ਦੀ ਮੀਟਿੰਗ ਹੋਈ। ਇਸ ਵਿੱਚ ਪਿੰਡ ਵਿੱਚ ਖੁੱਲ੍ਹੇਆਮ ਮੈਡੀਕਲ ਨਸ਼ਾ ਵਿਕਣ ‘ਤੇ ਚਿੰਤਾ ਅਤੇ ਰੋਸ ਜ਼ਾਹਿਰ ਕੀਤਾ ਗਿਆ। ‘ਆਪ’ ਆਗੂ ਟੇਕ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਮੈਡੀਕਲ ਨਸ਼ਿਆਂ ਨਾਲ ਹੁਣ ਤੱਕ ਸੱਤ-ਅੱਠ ਵਿਅਕਤੀ ਮਰ ਚੁੱਕੇ ਹਨ। ਇਹ ਮੈਡੀਕਲ ਸਟੋਰਾਂ ਵਾਲੇ ਮੈਡੀਕਲ ਨਸ਼ੇ ਦੀ ਖੇਪ ਪਿੰਡ ਵਿੱਚ ਆਪਣੇ ਲਿਹਾਜ਼ਦਾਰਾਂ ਵਿੱਚ ਸਟੋਰ ਕਰਦੇ ਹਨ, ਤਾਂ ਜੋ ਛਾਪਾ ਪੈਣ ‘ਤੇ ਪਾਕ-ਸਾਫ਼ ਵਿਖਣ। ਵਾਇਰਲ ਵੀਡੀਓ ਤੋਂ ਸਾਬਤ ਹੁੰਦਾ ਹੈ ਕਿ ਮੈਡੀਕਲ ਸਟੋਰ ਹੀ ਪਿੰਡ ਵਾਸੀਆਂ ਲਈ ਮੌਤ ਸਹੇੜ ਰਹੇ ਹਨ। ਬੇੜੀਆਂ ਵਿੱਚ ਬੱਝੇ ਨਸ਼ਾ ਪੀੜਤ ਨੌਜਵਾਨ ਨੇ ਵੀ ਮੈਡੀਕਲ ਸਟੋਰ ਤੋਂ ਨਸ਼ਾ ਖਰੀਦਣ ਦੀ ਗੱਲ ਆਖੀ ਹੈ।
ਪੰਚਾਇਤ ਨੇ ਪਿੰਡ ਵਾਸੀਆਂ ਨੂੰ ਨਸ਼ੇ ਤੋਂ ਬਚਾਉਣ ਲਈ ਸਖ਼ਤ ਫੈਸਲਾ ਲੈਂਦਿਆਂ ਪਿੰਡ ਵਿੱਚ ਸਥਿਤ ਸਾਰੇ ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ ਕਰਨ ਅਤੇ ਪਿੰਡ ਅੰਦਰ ਸਰਕਾਰੀ ਮੈਡੀਕਲ ਸਟੋਰ ਖੋਲ੍ਹਣ ਦੀ ਮੰਗ ਕੀਤੀ। ਸਰਪੰਚ ਮਨਿੰਦਰ ਕੌਰ ਨੇ ਕਿਹਾ ਕਿ ਬੇੜੀਆਂ ‘ਚ ਬੱਝਿਆ ਨੌਜਵਾਨ ਤਿੰਨ ਭੈਣਾਂ ਦਾ ਇਕੱਲਾ ਭਰਾ ਹੈ। ਕਾਲੇ ਪੀਲੀਏ ਤੋਂ ਪੀੜਤ ਹੋ ਕੇ ਮਾੜੇ ਹਾਲਾਤ ਵਿੱਚੋਂ ਲੰਘ ਰਿਹਾ ਹੈ। ਸਰਪੰਚ ਨੇ ਨਾਮੋਸ਼ੀ ਨਾਲ ਕਿਹਾ ਕਿ ਮੈਡੀਕਲ ਸਟੋਰਾਂ ਕਰਕੇ ਪਿੰਡ ਦੇ ਸੈਂਕੜੇ ਨੌਜਵਾਨ ਨਸ਼ੇ ਦੇ ਆਦੀ ਹੋ ਚੁੱਕੇ ਹਨ। ਉਨ੍ਹਾਂ ਸਰਕਾਰ ਤੋਂ ਸਖ਼ਤ ਕਦਮ ਚੁੱਕ ਕੇ ਘੁਮਿਆਰਾ ਪਿੰਡ ਦੀ ਬਾਂਹ ਫੜਨ ਦੀ ਅਪੀਲ ਕੀਤੀ। ਇਸ ਮੌਕੇ ‘ਆਪ’ ਆਗੂ ਤੇ ਪੰਚ ਟੇਕ ਸਿੰਘ, ਪੰਚ ਰਾਜਪਾਲ ਕੌਰ, ਪੰਚ ਲੱਖਾ ਸਿੰਘ, ਪੰਚ ਜਸਵਿੰਦਰ ਸਿੰਘ ਅਤੇ ਪੰਚਾਇਤ ਸਕੱਤਰ ਬਲਜੀਤ ਸਿੰਘ ਮੌਜੂਦ ਸਨ। ਥਾਣਾ ਮੁਖੀ ਇਕਬਾਲ ਸਿੰਘ ਨੇ ਕਿਹਾ ਕਿ ਮੈਡੀਕਲ ਸਟੋਰ ਬੰਦ ਕਰਵਾ ਦਿੱਤਾ ਗਿਆ ਹੈ। ਸੋਮਵਾਰ ਨੂੰ ਡਰੱਗ ਇੰਸਪੈਕਟਰ ਬੁਲਾ ਕੇ ਸਟੋਰ ਦੀ ਜਾਂਚ ਕੀਤੀ ਜਾਵੇਗੀ।