ਗੁਰਦੀਪ ਸਿੰਘ ਲਾਲੀ
ਸੰਗਰੂਰ, 23 ਜੂਨ
ਪੈਨਸ਼ਨਰ ਵੈਲਫ਼ੇਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰਾਂ ਵੱਲੋਂ ਡੀਸੀ ਕੰਪਲੈਕਸ ਵਿੱਚ ਪੈਨਸ਼ਨ ‘ਚੋਂ ਡਿਵੈਲਪਮੈਂਟ ਟੈਕਸ ਕੱਟਣ ਵਾਲੇ ਫੁਰਮਾਨ ਦੇ ਪੱਤਰ ਦੀਆਂ ਕਾਪੀਆਂ ਸਾੜਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਫ਼ੈਸਲੇ ਦੀ ਨਿਖੇਧੀ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਕਿ ਪੰਜਾਬ-ਯੂਟੀ ਮੁਲਾਜ਼ਮ ਤੇ ਪੈਨਸ਼ਨਰ ਜੁਆਇੰਟ ਫਰੰਟ ਦੇ ਸੱਦੇ ‘ਤੇ ਭਲਕੇ 24 ਤੇ 25 ਜੂਨ ਨੂੰ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਰੋਸ ਰੈਲੀਆਂ ਕੀਤੀਆਂ ਜਾਣਗੀਆਂ।
ਇਸ ਮੌਕੇ ਸੰਬੋਧਨ ਕਰਦਿਆਂ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ, ਆਰਐੱਲ ਪਾਂਧੀ, ਰਵਿੰਦਰ ਸਿੰਘ ਗੁੱਡੂ, ਰਾਜਿੰਦਰ ਸਿੰਘ ਚੰਗਾਲ ਆਦਿ ਨੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੈਨਸ਼ਨਰਾਂ ਨੂੰ ਸਰਕਾਰ ਨੇ ਦੇਣਾ ਤਾਂ ਕੀ ਸੀ ਸਗੋਂ ਪੈਨਸ਼ਨ ਵਿਚੋਂ ਹੀ ਦੋ ਸੌ ਰੁਪਏ ਵਿਕਾਸ ਫੰਡ ਥੋਪ ਦਿੱਤਾ ਗਿਆ ਹੈ, ਜਿਸ ਨੂੰ ਪੈਨਸ਼ਨਰਾਂ ਨੇ ਸਰਕਾਰ ਦਾ ਜਜੀਆ ਟੈਕਸ ਕਰਾਰ ਦਿੱਤਾ। ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੀ ਜਾ ਰਹੀ ਵਾਅਦਾਖਿਲਾਫੀ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਪੈਨਸ਼ਨਰ ਮਾਰੂ ਪੱਤਰ ਵਾਪਸ ਨਾ ਲਿਆ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦੀ ਪੂਰਤੀ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਬਜ਼ੁਰਗ ਪੈਨਸ਼ਨਰ ਸੜਕਾਂ ‘ਤੇ ਉਤਰ ਕੇ ਤਿੱਖੇ ਸੰਘਰਸ਼ ਕਰਨਗੇ।