ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 25 ਜੂਨ
ਪੰਜਾਬ ਪੈਨਸ਼ਨਰ ਜੁਆਇੰਟ ਇਕਾਈ ਸੁਨਾਮ ਵਲੋਂ ਅੱਜ ਇਥੋਂ ਦੇ ਮੋਦੀ ਪਾਰਕ ਵਿੱਚ ਇੱਕ ਇਕੱਠ ਦੌਰਾਨ ਪੰਜਾਬ ਸਰਕਾਰ ਦੀ ਪੈਨਸ਼ਨਰਾਂ ਦੇ ਖਾਤਿਆਂ ‘ਚੋਂ 200 ਰੁਪਏ ਕੱਟਣ ਦੀ ਨੀਤੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕੈਬਨਿਟ ਮੰਤਰੀਂ ਅਮਨ ਅਰੋੜਾ ਦੀ ਰਿਹਾਇਸ਼ ਤੱਕ ਰੋਸ ਮਾਰਚ ਕੱਢਿਆ। ਇਸ ਮੌਕੇ ਜਥੇਬੰਦੀ ਨੇ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਦੀ ਕਾਪੀ ਨੂੰ ਸਾੜਦਿਆਂ ਆਉਂਦੇ ਦਿਨਾਂ ‘ਚ ਵੱਡਾ ਵਿਰੋਧ ਕਰਨ ਦਾ ਐਲਾਨ ਕੀਤਾ। ਜਥੇਬੰਦੀ ਦੇ ਆਗੂ ਰਾਮ ਗਰਗ, ਸੁਰਿੰਦਰ ਸਿੰਘ ਅਤੇ ਗੁਰਦਿਆਲ ਸਿੰਘ ਦੀ ਅਗਵਾਈ ਹੇਠ ਇਕੱਤਰ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਪਾਸੇ ਪੈਨਸ਼ਨਰ ਆਪਣੇ ਤਨਖਾਹ ਕਮਿਸ਼ਨ ਵੱਲੋਂ ਸੋਧੇ ਹੋਏ ਸਕੇਲਾਂ ਦੇ ਬਕਾਏ ਲੈਣ ਲਈ ਸੰਘਰਸ਼ ਕਰ ਰਹੇ ਹਨ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਉੱਤੇ ਹੋਰ ਫਰਮਾਨ ਲਾਗੂ ਕਰਕੇ ਉਨ੍ਹਾਂ ਨੂੰ ਸਤਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ ਤੱਕ ਸੰਜੀਦਗੀ ਨਾਲ ਕਦੇ ਵੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਸਲਿਆਂ ‘ਤੇ ਧਿਆਨ ਨਹੀਂ ਦਿੱਤਾ। ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਰਾਮ ਸਰੂਪ ਢੈਪਈ, ਜੀਤ ਸਿੰਘ ਬੰਗਾ, ਅੰਗਰੇਜ਼ ਸਿੰਘ ਚੀਮਾ, ਹਰਮੇਲ ਸਿੰਘ, ਜਗਦੇਵ ਸਿੰਘ ਬਾਹੀਆ ਤੇ ਚੇਤ ਰਾਮ ਢਿੱਲੋਂ ਨੇ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲਮਕਾਉਣ ਦੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਪੈਨਸ਼ਨਰਾਂ ਦਾ 1/1/16 ਤੋਂ ਜੂਨ 2021 ਤੱਕ ਦਾ ਬਕਾਇਆ, ਲੀਵ ਐਨਕੈਸਮੈਂਟ ਦੀ ਇੱਕ ਮੁਸ਼ਤ ਅਦਾਇਗੀ ਕੀਤੀ ਜਾਵੇ ਅਤੇ ਵਿਕਾਸ ਟੈਕਸ ਦੇ ਨਾਂਅ ਹੇਠ ਪੈਨਸ਼ਨ ‘ਚੋਂ ਜਬਰੀ ਕਟੌਤੀ ਦੇ ਜਾਰੀ ਕੀਤੇ ਹੁਕਮ ਰੱਦ ਕੀਤੇ ਜਾਣ। ਰੋਸ ਮਾਰਚ ਦੌਰਾਨ ਜਥੇਬੰਦੀ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਵਿੱਖ ਅੰਦਰ ਪੰਜਾਬ ਸਰਕਾਰ ਨੇ ਆਪਣੀ ਨੀਤੀ ਵਾਪਸ ਨਾ ਲਈ ਤਾਂ ਇਸ ਖਿਲਾਫ ਆਉਂਦੇ ਦਿਨਾਂ ‘ਚ ਤਕੜੇ ਸੰਘਰਸ਼ ਵਿੱਢੇ ਜਾਣਗੇ।
ਪੈਨਸ਼ਨਰਾਂ ਨੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕੀਆਂ
ਅਮਰਗੜ੍ਹ (ਰਾਜਿੰਦਰ ਜੈਦਕਾ): ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਰਾਜਿੰਦਰ ਸਿੰਘ ਸਲਾਰ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਖਿਲਾਫ਼ ਇੱਥੇ ਬਾਜ਼ਾਰ ਵਿੱਚ ਨਾਅਰੇਬਾਜ਼ੀ ਕੀਤੀ ਗਈ। ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੇ ਦਫ਼ਤਰ ਸਾਹਮਣੇ ਪੈਨਸ਼ਨ ‘ਚੋਂ ਹਰ ਮਹੀਨੇ ਦੋ ਸੌ ਰੁਪਏ ਟੈਕਸ ਫੰਡ ਕੱਟਣ ਸਬੰਧੀ ਜਾਰੀ ਪੱਤਰ ਦੀ ਕਾਪੀਆਂ ਫੂਕ ਕੇ ਰੋਸ ਜ਼ਾਹਿਰ ਕੀਤਾ। ਇਸ ਮੌਕੇ ਜਨਰਲ ਸਕੱਤਰ ਦਰਸ਼ਨ ਸਿੰਘ ਬਨਭੌਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਪਹਿਲਾਂ ਹੀ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਟਾਲਮਟੋਲ ਕਰ ਰਹੀ ਹੈ। ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨੂੰ ਵੀ ਅਣਗੌਲਿਆ ਕੀਤਾ ਜਾ ਰਿਹਾ ਹੈ। ਬੁਢਾਪੇ ਦੀ ਹਾਲਤ ਵਿਚ ਉਨ੍ਹਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਪੈਨਸ਼ਨਰਾਂ ‘ਤੇ ਲਗਾਇਆ ਇਹ ਟੈਕਸ ਵਾਪਸ ਨਾ ਲਿਆ ਤਾਂ ਪੈਨਸ਼ਨਰ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਸਵਿੰਦਰ ਸਿੰਘ ਭੂਮਸੀ, ਸੁਦਰਸ਼ਨ ਸਿੰਗਲਾ, ਮਹਿੰਦਰ ਸਿੰਘ ਅਮਰਗੜ੍ਹ, ਮਹਿੰਦਰ ਸਿੰਘ ਸਲਾਰ, ਸ਼ੁਕਲ ਚੰਦ ਸ਼ਾਹੀ, ਗੁਰਦੇਵ ਸਿੰਘ ਚੌਂਦਾ, ਹਰਨਾਮ ਸਿੰਘ ਸੇਖੋਂ, ਕੌਰ ਚੰਦ, ਨਰਿੰਦਰਜੀਤ ਸਿੰਘ, ਰਣਜੀਤ ਸਿੰਘ ਆਦਿ ਨੇ ਨਾਅਰੇਬਾਜ਼ੀ ਕੀਤੀ।
ਕਟੌਤੀ ਦਾ ਫ਼ੈਸਲਾ ਵਾਪਸ ਨਾ ਲੈਣ ‘ਤੇ ਸੰਘਰਸ਼ ਦੀ ਚਿਤਾਵਨੀ
ਪਟਿਆਲਾ (ਪੱਤਰ ਪ੍ਰੇਰਕ): ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨਰ ਯੂਨੀਅਨ ਹੈੱਡ ਆਫ਼ਿਸ ਯੂਨਿਟ ਪਟਿਆਲਾ ਦੀ ਮੀਟਿੰਗ ਅਣਖੀ ਭਵਨ ਫ਼ੈਕਟਰੀ ਏਰੀਆ ਵਿੱਚ ਭਿੰਦਰ ਸਿੰਘ ਚਹਿਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਵੱਲੋਂ ਪੈਨਸ਼ਨ ‘ਤੇ 200 ਰੁਪਏ ਪ੍ਰਤੀ ਮਹੀਨਾ ਡਿਵੈਲਪਮੈਂਟ ਟੈਕਸ ਕੱਟਣ ਦੇ ਫ਼ੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਮੈਂਬਰਾਂ ਨੇ ਸਖ਼ਤ ਸ਼ਬਦਾਂ ਵਿੱਚ ਸਰਕਾਰ ਨੂੰ ਇਹ ਫ਼ੈਸਲਾ ਵਾਪਸ ਲੈਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਜੇ ਇਹ ਫ਼ੈਸਲਾ ਵਾਪਸ ਨਾ ਲਿਆ ਤਾਂ 4 ਜੁਲਾਈ ਨੂੰ ਪਾਵਰਕੌਮ ਦੇ ਮੁੱਖ ਦਫਤਰ ਦੇ ਮੇਨ ਗੇਟਾਂ ਸਾਹਮਣੇ ਰੋਸ ਪ੍ਰਦਰਸ਼ਨ ਅਤੇ ਮੁਜ਼ਾਹਰਾ ਕੀਤਾ ਜਾਵੇਗਾ। ਮੀਟਿੰਗ ਨੂੰ ਇੰਜਨੀਅਰ ਸੰਤੋਖ ਸਿੰਘ ਬੋਪਾਰਾਏ, ਗੱਜਣ ਸਿੰਘ, ਇੰਜ. ਹਰਜੀਤ ਸਿੰਘ, ਮਲਕੀਤ ਸਿੰਘ, ਗੁਰਦੇਵ ਸਿੰਘ ਭੱਟੀ ਨੇ ਵੀ ਆਪਣੇ ਵਿਚਾਰ ਮੀਟਿੰਗ ਵਿੱਚ ਰੱਖੇ।