ਪੱਤਰ ਪ੍ਰੇਰਕ
ਮੁੱਲਾਂਪੁਰ-ਦਾਖਾ, 25 ਜੂਨ
ਇੱਥੇ ਗੁਰਸ਼ਰਨ ਕਲਾ ਭਵਨ ਵਿੱਚ ਮਹੀਨਾਵਾਰ ਨਾਟਕ ਸਮਾਗਮ ਦੌਰਾਨ ਸਿਰਜਣਾ ਆਰਟ ਗਰੁੱਪ ਰਾਏਕੋਟ ਵੱਲੋਂ ਨਿੰਦਰ ਗਿੱਲ ਦੇ ਨਾਵਲ ‘ਵਾਅਦਾ ਮੁਆਫ਼ ਗਵਾਹ’ ‘ਤੇ ਅਧਾਰਿਤ ਡਾ. ਸੋਮ ਪਾਲ ਹੀਰਾ ਦੀ ਰਚਨਾ ਅਤੇ ਸੋਲੋ ਪੇਸ਼ਕਾਰੀ ‘ਸਾਡੀ ਕਿਹੜੀ ਧਰਤ ਵੇ ਲੋਕਾ’ ਤੋਂ ਪਹਿਲਾਂ ਸਮਾਗਮ ਦਾ ਉਦਘਾਟਨ ਉੱਘੇ ਕਵੀ ਅਤੇ ਲੇਖਕ ਜਗਤਾਰ ਸਿੰਘ ਹਿੱਸੋਵਾਲ, ਪ੍ਰਿੰਸੀਪਲ ਰਾਜਿੰਦਰ ਸਿੰਘ ਸੁਧਾਰ, ਰਣਜੀਤ ਸਿੰਘ ਹਾਂਸ, ਧਰਮਜੀਤ ਸਿੰਘ ਸਿੱਧੂ, ਅਨਿਲ ਸੇਠੀ ਸੀਨੀਅਰ ਮੀਤ ਪ੍ਰਧਾਨ ਅਤੇ ਹਰਕੇਸ਼ ਚੌਧਰੀ ਪ੍ਰਧਾਨ ਲੋਕ ਕਲਾ ਮੰਚ ਵੱਲੋਂ ਸਾਂਝੇ ਤੌਰ ‘ਤੇ ਮੋਮਬੱਤੀਆਂ ਬਾਲ ਕੇ ਜ਼ੁਲਮਾਂ ਦੇ ਹਨੇਰਿਆਂ ਨੂੰ ਚੀਰਨ ਦੇ ਸੱਦੇ ਨਾਲ ਕੀਤਾ ਗਿਆ। ਹਰਕੇਸ਼ ਚੌਧਰੀ ਨੇ ਦਰਸ਼ਕਾਂ ਦਾ ਸਵਾਗਤ ਕਰਦਿਆਂ ਕੈਨੇਡਾ ਦੀ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੇ ਸੱਦੇ ‘ਤੇ ਦੋ ਰੋਜ਼ਾ ਨਾਟਕ ਮੇਲੇ ਦੌਰਾਨ ਤਿਆਰ ਕਰਵਾਏ ਨਾਟਕਾਂ ਅਤੇ ਕੋਰੀਉਗਰਾਫ਼ੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਦੇ ਥੀਏਟਰ ਵਿੱਚ ਕੁਰਸੀਆਂ ਲਾਉਣ ਲਈ ਭੇਜੀ ਸਹਾਇਤਾ ਲਈ ਧੰਨਵਾਦ ਕੀਤਾ। ਰੰਗਮੰਚ ਗਾਣ ਤੋਂ ਬਾਅਦ ਡਾ. ਸੋਮ ਪਾਲ ਹੀਰਾ ਸ਼ਾਨਦਾਰ ਪਿੱਠ-ਭੂਮੀ ਵਾਲੇ ਸੈੱਟ ਦੀ ਸਹਾਇਤਾ ਨਾਲ ਡਾ. ਕੰਵਲ ਢਿੱਲੋਂ ਦੇ ਨਿਰਦੇਸ਼ਨ ਹੇਠ ਸ਼ਾਨਦਾਰ ਸੋਲੋ ਨਾਟਕ ‘ਸਾਡੀ ਕਿਹੜੀ ਧਰਤ ਵੇ ਲੋਕਾ’ ਪੇਸ਼ ਕਰ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਧਰਮੀ ਲੋਕਾਂ ਦੀ ਫ਼ਿਰਕੂ ਮਾਨਸਿਕਤਾ ਦੇ ਆਸਰੇ ਬਾਬਾ ਨਾਨਕ ਅਤੇ ਭਾਈ ਮਰਦਾਨੇ ਨੂੰ ਵੀ ਵੰਡ ਦੇਣ ਦੀ ਤਰਾਸਦੀ ਉੱਪਰ ਤਿੱਖੀ ਚੋਟ ਕਰਦੀ ਪੇਸ਼ਕਾਰੀ ਲਈ ਦਰਸ਼ਕਾਂ ਨੇ ਨਾਵਲਕਾਰ, ਅਦਾਕਾਰ / ਲੇਖਕ ਅਤੇ ਨਿਰਦੇਸ਼ਕ ਲਈ ਖੜ੍ਹੇ ਹੋ ਕੇ ਤਾੜੀਆਂ ਮਾਰ ਕੇ ਮਾਣ ਦਿੱਤਾ। ਕੇ. ਸਾਧੂ ਸਿੰਘ ਅਤੇ ਜਗਤਾਰ ਸਿੰਘ ਹਿੱਸੋਵਾਲ ਨੇ ਸ਼ਾਨਦਾਰ ਪੇਸ਼ਕਾਰੀ ਲਈ ਪੂਰੀ ਟੀਮ ਦੀ ਪਿੱਠ ਥਾਪੜੀ। ਸਮਾਗਮ ਦੌਰਾਨ ਮੰਚ ਦੇ ਜਨਰਲ ਸਕੱਤਰ ਦੀਪਕ ਰਾਏ, ਜਰਨੈਲ ਗਿੱਲ, ਲਖਵਿੰਦਰ ਸਿੰਘ, ਜਤਿੰਦਰ ਜਗਰਾਉਂ, ਸੰਗੀਤਕਾਰ ਕਰਮਜੀਤ ਭੱਟੀ, ਫ਼ਿਲਮਕਾਰ ਜਸਪ੍ਰੀਤ ਮਾਨ ਅਤੇ ਗੁਰਪ੍ਰੀਤ ਮੱਲਕੇ ਜਗਤ ਤਮਾਸ਼ਾ ਕਲਾ ਕੇਂਦਰ ਜ਼ੀਰਾ ਤੋਂ ਇਲਾਵਾ ਹੋਰ ਕਈ ਅਹਿਮ ਸ਼ਖ਼ਸੀਅਤਾਂ ਮੌਜੂਦ ਸਨ। ਇਸ ਮੌਕੇ ਨਾਟਕਕਾਰ ਡਾ. ਸੋਮਪਾਲ ਹੀਰਾ ਦਾ ਸਨਮਾਨ ਕੀਤਾ ਗਿਆ।