ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 18 ਮਾਰਚ
ਇੱਥੋਂ ਦੇ ਸੈਕਟਰ-45 ਦੇ ਇਕ ਸਕੂਲ ਵੱਲੋਂ ਆਰਥਿਕ ਕਮਜ਼ੋਰ ਵਰਗ (ਈਡਬਲਿਊਐੱਸ) ਸੀਟਾਂ ਸਬੰਧੀ ਨਿਯਮਾਂ ਨੂੰ ਦਰਕਿਨਾਰ ਕਰਦਿਆਂ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਵਿਦਿਆਰਥੀ ਤੋਂ ਆਨਲਾਈਨ ਫਾਰਮ ਭਰਵਾਉਣ ਦੇ ਨਾਂ ‘ਤੇ ਫੀਸ ਵਸੂਲੀ ਗਈ, ਜਿਸ ਖ਼ਿਲਾਫ਼ ਵਿਦਿਆਰਥੀ ਦੇ ਮਾਪਿਆਂ ਨੇ ਅਧਿਕਾਰੀਆਂ ਕੋਲ ਪਹੁੰਚ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਵਾਰ ਯੂਟੀ ਪ੍ਰਸ਼ਾਸਨ ਦੇ ਸਿੱਖਿਆ ਵਿਭਾਗ ਵੱਲੋਂ ਈਡਬਲਿਊਐੱਸ ਵਰਗ ਲਈ ਆਨਲਾਈਨ ਦਾਖਲੇ ਕਰਵਾਏ ਜਾ ਰਹੇ ਹਨ। ਇਹ ਦਾਖਲੇ ਆਨਲਾਈਨ ਇਸ ਕਰ ਕੇ ਕਰਵਾਏ ਜਾ ਰਹੇ ਹਨ ਤਾਂ ਜੋ ਨਿੱਜੀ ਸਕੂਲਾਂ ਦੀਆਂ ਸਿੱਖਿਆ ਦੇ ਅਧਿਕਾਰ ਐਕਟ ਤਹਿਤ 25 ਫੀਸਦੀ ਸੀਟਾਂ ਨਾ ਭਰੇ ਜਾਣ ਦੀਆਂ ਮਨਮਾਨੀਆਂ ਨੂੰ ਰੋਕਿਆ ਜਾ ਸਕੇ। ਯਸ਼ਵੰਤ ਨੇ ਪੰਜਾਬੀ ਟ੍ਰਿਬਿਊਨ ਨੂੰ ਦੱਸਿਆ ਕਿ ਉਸ ਨੇ ਆਪਣੇ ਬੱਚੇ ਦੇ ਦਾਖਲੇ ਲਈ ਸੈਕਟਰ-45 ਦੇ ਸਕੂਲ ਵਾਸਤੇ ਆਨਲਾਈਨ ਫਾਰਮ ਭਰਿਆ ਤੇ ਸਕੂਲ ਜਾ ਕੇ ਪਤਾ ਕੀਤਾ ਤਾਂ ਸਕੂਲ ਨੇ ਦੱਸਿਆ ਕਿ ਉਸ ਨੇ ਸਾਰੇ ਕਾਗਜ਼ਾਤ ਸਹੀ ਭਰੇ ਹਨ। ਇਸ ਤੋਂ ਬਾਅਦ 17 ਤਰੀਕ ਨੂੰ ਸਵੇਰੇ ਸਕੂਲ ਤੋਂ ਫੋਨ ਆਇਆ ਕਿ ਉਨ੍ਹਾਂ ਨੇ ਜ਼ਰੂਰੀ ਕਾਗਜ਼ਾਤ ‘ਤੇ ਦਸਤਖ਼ਤ ਕਰਵਾਉਣੇ ਹਨ ਤੇ ਫੀਸ ਵੀ ਭਰਨੀ ਹੈ। ਉਹ ਜਦੋਂ ਸਕੂਲ ਪੁੱਜਿਆ ਤਾਂ ਸਕੂਲ ਨੇ ਉਸ ਨੂੰ ਕਿਹਾ ਕਿ ਅੱਜ ਆਖਰੀ ਤਰੀਕ ਹੈ ਅਤੇ ਜੇਕਰ ਉਹ 7370 ਰੁਪਏ ਜਮ੍ਹਾਂ ਕਰਵਾਉਂਦਾ ਹੈ ਤਾਂ ਉਸ ਦੀ ਸੀਟ ਪੱਕੀ ਹੋ ਜਾਵੇਗੀ। ਉਸ ਨੇ ਸਕੂਲ ਪ੍ਰਬੰਧਕ ਨੂੰ ਕਿਹਾ ਕਿ ਉਸ ਨੇ ਆਰਥਿਕ ਪੱਖੋਂ ਕਮਜ਼ੋਰ ਵਰਗ ਲਈ ਰਾਖਵੀਂ ਸੀਟ ‘ਤੇ ਦਾਖਲਾ ਲਿਆ ਹੈ ਜਿਸ ਲਈ ਕੋਈ ਫੀਸ ਨਹੀਂ ਹੈ ਤਾਂ ਸਕੂਲ ਨੇ ਕਿਹਾ ਕਿ ਇਹ ਸਿਰਫ ਯੂਟੀ ਪ੍ਰਸ਼ਾਸਨ ਦੇ ਸਿੱਖਿਆ ਵਿਭਾਗ ਦੇ ਜ਼ੁਬਾਨੀ ਹੁਕਮ ਹਨ ਅਤੇ ਉਸ ਨੂੰ ਫੀਸ ਭਰਨੀ ਹੀ ਪਵੇਗੀ। ਇਸ ਤੋਂ ਬਾਅਦ ਉਸ ਨੇ ਸਕੂਲ ਨੂੰ 7370 ਰੁਪਏ ਦਾ ਚੈੱਕ ਦਿੱਤਾ ਜਿਸ ਦੀ ਸਕੂਲ ਨੇ ਰਸੀਦ ਵੀ ਦਿੱਤੀ।
ਸ਼ਿਕਾਇਤਕਰਤਾ ਨੇ ਇਸ ਸਬੰਧੀ ਸਿੱਖਿਆ ਅਧਿਕਾਰੀਆਂ ਨੂੰ ਜਾਣੂ ਕਰਵਾਉਂਦਿਆਂ ਸਕੂਲ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਕੀ ਕਹਿੰਦੇ ਨੇ ਅਧਿਕਾਰੀ
ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲੇ ਸ਼ਿਕਾਇਤ ਨਹੀਂ ਮਿਲੀ ਹੈ ਪਰ ਸ਼ਿਕਾਇਤ ਮਿਲਣ ਤੋਂ ਬਾਅਦ ਸਕੂਲ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।