ਨਿੱਜੀ ਪੱਤਰ ਪ੍ਰੇਰਕ
ਬਟਾਲਾ, 28 ਜੂਨ
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਪਲਵਿੰਦਰ ਸਿੰਘ ਮਠੋਲਾ ਦੀ ਅਗਵਾਈ ਵਿੱਚ ਵਫਦ ਐਸਪੀ (ਜਾਂਚ) ਗੁਰਪ੍ਰੀਤ ਸਿੰਘ ਗਿੱਲ ਨੂੰ ਮਿਲਿਆ। ਉਨ੍ਹਾਂ ਮੰਗ ਕੀਤੀ ਕਿ ਜਥੇਬੰਦੀ ਦੇ ਨਾਮ, ਝੰਡਾ ਤੇ ਬੈਨਰ ਦੀ ਨਾਜਾਇਜ਼ ਵਰਤੋਂ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਪੁਲੀਸ ਅਧਿਕਾਰੀ ਨੂੰ ਦੱਸਿਆ ਕਿ ਯੂਨੀਅਨ (ਰਾਜੇਵਾਲ) ਲੋਕਾਂ ਦੇ ਘਰੇਲੂ ਝਗੜੇ, ਨਿੱਜੀ ਕਿੜਾਂ ਕੱਢਣ, ਜ਼ਮੀਨਾਂ/ ਪਲਾਟਾਂ ਦੀ ਵੰਡ ਜਾਂ ਕਬਜ਼ੇ ਕਰਨ ਲਈ ਨਹੀਂ ਬਣੀ। ਜ਼ਿਲ੍ਹਾ ਪ੍ਰਧਾਨ ਮਠੋਲਾ ਨੇ ਦੱਸਿਆ ਕਿ ਜਥੇਬੰਦੀ ਦੇ ਇਹ ਧਿਆਨ ਵਿੱਚ ਆਇਆ ਕਿ ਲੰਘੇ ਦਿਨੀਂ ਬਟਾਲਾ ਸ਼ਹਿਰ ਦੇ ਇੱਕ ਥਾਣੇ ‘ਚ ਬੀਕੇਯੂ (ਰਾਜੇਵਾਲ) ਦੇ ਝੰਡੇ, ਬੈਨਰ ਅਤੇ ਨਾਮ ਲੈ ਕੇ ਅਧਿਕਾਰੀਆਂ ਨੂੰ ਕੁਝ ਲੋਕ ਮਿਲੇ, ਜੋ ਗ਼ਲਤ ਹੈ। ਉਨ੍ਹਾਂ ਐਸਪੀ ਸ੍ਰੀ ਗਿੱਲ ਸਣੇ ਪੱਤਰਕਾਰਾਂ ਨੂੰ ਸਪੱਸ਼ਟ ਸ਼ਬਦਾਂ ਵਿੱਚ ਦੱਸਿਆ ਕਿ ਪਲਾਟ, ਜ਼ਮੀਨਾਂ ‘ਤੇ ਕਬਜ਼ੇ ਕਰਨਾ ਉਨ੍ਹਾਂ ਦੀ ਯੂਨੀਅਨ ਦਾ ਮਨੋਰਥ ਨਹੀਂ ਹੈ। ਸ੍ਰੀ ਮਠੋਲਾ ਨੇ ਇਹ ਵੀ ਕਿਹਾ ਕਿ ਭਵਿੱਖ ਵਿੱਚ ਯੂਨੀਅਨ ਦੇ ਨਾਂ ‘ਤੇ ਕੋਈ ਮੈਂਬਰ, ਅਹੁਦੇਦਾਰ ਪੁਲੀਸ ਕੋਲ ਪਹੁੰਚ ਕਰਦਾ ਹੈ ਤਾਂ ਜ਼ਿਲ੍ਹਾ ਪ੍ਰਧਾਨ ਨੂੰ ਤੁਰੰਤ ਸੂਚਿਤ ਕੀਤਾ ਜਾਵੇ।
ਐੱਸਪੀ ਸ੍ਰੀ ਗਿੱਲ ਨੇ ਯੂਨੀਅਨ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਜੇ ਕਿਸਾਨ ਯੂਨੀਅਨ (ਰਾਜੇਵਾਲ) ਦੇ ਨਾਂ ‘ਤੇ ਕੋਈ ਅਹੁਦੇਦਾਰ ਆਉਂਦਾ ਹੈ ਤਾਂ ਆਗੂਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਸਤਨਾਮ ਸਿੰਘ ਪੱਡਾ, ਜਨਰਲ ਸਕੱਤਰ ਸੂਬੇਦਾਰ ਬਾਵਾ ਸਿੰਘ, ਖ਼ਜਾਨਚੀ ਬੇਅੰਤ ਸਿੰਘ, ਬਲਾਕ ਪ੍ਰਧਾਨ ਹਰਦੇਵ ਸਿੰਘ ਧਾਰੀਵਾਲ, ਇਕਾਈ ਪ੍ਰਧਾਨ ਕਰਮ ਸਿੰਘ ਆਦਿ ਹਾਜ਼ਰ ਸਨ।