ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 4 ਨਵੰਬਰ
ਬਾਘਾਪੁਰਾਣਾ ਪੁਲੀਸ ਨੇ ਨੇੜਲੇ ਪਿੰਡ ਰਾਜੇਆਣਾ ਵਿਚ ਚੱਲਦੇ ਅਣ ਅਧਕਾਰਿਤ ਨਸ਼ਾ ਛੁਡਾਊ ਕੇਂਦਰ ‘ਤੇ ਛਾਪਾ ਮਾਰ ਕੇ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਤੀਹ ਨੌਜਵਾਨਾਂ ਨੂੰ ਮੁਕਤ ਕਰਵਾ ਕੇ ਸਿਵਲ ਹਸਪਤਾਲ ਬਾਘਾਪੁਰਾਣਾ ਵਿੱਚ ਦਾਖਲ ਕਰਵਾ ਦਿੱਤਾ ਹੈ। ਜਾਣਕਾਰੀ ਅੁਨਸਾਰ ਇਸ ਨਸ਼ਾ ਛੁਡਾਊ ਕੇਂਦਰ ਵਿੱਚ ਨਸ਼ਿਆਂ ਵਿੱਚ ਗ੍ਰਸਤ ਨੌਜਵਾਨਾਂ ਦਾ ਇਲਾਜ ਕਰਨ ਦੇ ਬਹਾਨੇ ਉਨ੍ਹਾਂ ਤੋਂ ਮੋਟੀਆਂ ਰਕਮਾਂ ਵਸੂਲੀਆਂ ਜਾਂਦੀਆਂ ਸਨ ਅਤੇ ਮਾੜਾ ਖਾਣਾ ਦਿੱਤਾ ਜਾਂਦਾ ਸੀ ਅਤੇ ਸਰੀਰਕ, ਮਾਨਸਿਕ ਤਸ਼ੱਦਦ ਵੀ ਕੀਤਾ ਜਾਂਦਾ ਸੀ। ਪੁਲੀਸ ਕੋਲ ਪੀੜਤ ਨੌਜਵਾਨਾਂ ਨੇ ਦਰਦ ਕਹਾਣੀ ਬਿਆਨ ਕੀਤੀ ਕਿ ਘਰਦਿਆਂ ਵੱਲੋਂ ਵੀ ਜ਼ਮੀਨ ਜਾਇਦਾਦ ਦੇ ਚੱਕਰ ਵਿੱਚ ਵੀ ਸੈਂਟਰ ਵਿੱਚ ਛੱਡ ਦਿੱਤਾ ਜਾਂਦਾ ਹੈ। ਦਾਖਲ ਕਰਵਾਏ ਨਸ਼ਿਆਂ ਦੇ ਆਦੀ ਨੌਜਵਾਨਾਂ ਨੂੰ ਘਰਦਿਆਂ ਨੂੰ ਕੁਝ ਵੀ ਦੱਸਣ ਨਹੀਂ ਦਿੱਤਾ ਜਾਂਦਾ ਜੇਕਰ ਕੋਈ ਮਾੜੀ ਮੋਟੀ ਗੱਲ ਦਰਦ ਵੀ ਦੱਸਦਾ, ਕਰਦਾ ਹੋਣ ਦਾ ਪਤਾ ਲੱਗ ਜਾਵੇ ਤਾਂ ਦੂਜੇ ਨਸ਼ੇੜੀਆਂ ਤੋਂ ਹੀ ਕੁੱਟਮਾਰ ਕਰਵਾਈ ਜਾਂਦੀ ਹੈ। ਥਾਣਾ ਮੁਖੀ ਬਾਘਾਪੁਰਾਣਾ ਜਤਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਛਾਪਾ ਮਾਰ ਕੇ ਤੀਹ ਨੌਜਵਾਨਾਂ ਨੂੰ ਛੁਡਵਾ ਕੇ ਸਿਵਲ ਹਸਪਤਾਲ ਬਾਘਾਪੁਰਾਣਾ ਵਿੱਚ ਭਰਤੀ ਕਰਵਾਇਆ। ਮੈਡੀਕਲ ਅਫ਼ਸਰ ਨੇ ਦੱਸਿਆ ਕਿ ਤੇਈ ਨੌਜਵਾਨਾਂ ਨੂੰ ਦਾਖਲ ਕਰਕੇ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਐਸ ਪੀ (ਐਚ) ਮਨਮੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਆਲਮਵਾਲਾ ਰੋਡ ਸਥਿਤ ਸੈਂਟਰ ‘ਤੇ ਕਾਰਵਾਈ ਕਰਦਿਆਂ ਬਾਘਾਪੁਰਾਣਾ ਥਾਣਾ ਵਿਚ ਸੁਖਵੰਤ ਸਿੰਘ ਬਰਾੜ, ਹਰਸਿਮਰਨ ਸਿੰਘ ਅਤੇ ਨਿਹਾਲ ਸਚਦੇਵਾ ਖਿਲ਼ਾਫ ਕੇਸ ਦਰਜ ਕਰਕੇ ਅਗਲੇਰੀ ਕਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕੋਲ ਕੋਈ ਵੀ ਲਾਇਸੈਂਸ ਵਗੈਰਾ ਨਹੀਂ ਸੀ। ਨਿਹਾਲ ਸਚਦੇਵਾ ਨੂੰ ਗ੍ਰਿਫਤਾਰ ਕਰਕੇ ਦੂਜੇ ਦੋਸ਼ੀਆਂ ਦੀ ਤਲਾਸ਼ ਜਾਰੀ ਹੈ।