ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 24 ਜੂਨ
ਪਿੰਡ ਖੁਰਾਣਾ ‘ਚ ਕਹਿਰ ਦੀ ਗਰਮੀ ਦੇ ਬਾਵਜੂਦ ਕੱਚੇ ਅਧਿਆਪਕਾਂ ਦਾ ਟੈਂਕੀ ਉਪਰ ਅਤੇ ਹੇਠਾਂ ਸੰਘਰਸ਼ ਲਗਾਤਾਰ ਜਾਰੀ ਹੈ। ਪਿਛਲੇ 12 ਦਿਨਾਂ ਤੋਂ ਮਾਨਸਾ ਦਾ ਇੰਦਰਜੀਤ ਸਿੰਘ ਇਥੋਂ ਨੇੜਲੇ ਪਿੰਡ ਖੁਰਾਣਾ ਦੀ ਕਰੀਬ ਸੌ ਫੁੱਟ ਉਚੀ ਟੈਂਕੀ ਉਪਰ ਡਟਿਆ ਹੋਇਆ ਹੈ, ਜਦੋਂਕਿ ਟੈਂਕੀ ਹੇਠਾਂ ਪੱਕੇ ਮੋਰਚੇ ‘ਤੇ ਸਰਕਾਰ ਦੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਥਾਂ-ਥਾਂ ਲਗਾਏ ਇਸ਼ਤਿਹਾਰੀ ਬੋਰਡਾਂ ਨੂੰ ਕੋਸ ਰਹੇ ਹਨ। ਕੱਚੇ ਅਧਿਆਪਕਾਂ ਦੀ ਸੂਬਾ ਕਮੇਟੀ ਦੇ ਸੱਦੇ ਤਹਿਤ ਭਲਕੇ 25 ਜੂਨ ਨੂੰ ਕੱਚੇ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹਲਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਕਾਲੀਆਂ ਝੰਡੀਆਂ ਨਾਲ ਰੋਸ ਮਾਰਚ ਕਰਦਿਆਂ ਸਰਕਾਰ ਦੀ ਵਾਅਦਾਖਿਲਾਫ਼ੀ ਵਿਰੁੱਧ ਭੰਡੀ ਪ੍ਰਚਾਰ ਅਤੇ ਇਸ਼ਤਿਹਾਰੀ ਬੋਰਡਾਂ ਦੇ ਝੂਠ ਦਾ ਪਰਦਾਫਾਸ਼ ਕਰਨ ਦਾ ਐਲਾਨ ਕੀਤਾ ਹੈ।
ਅੱਜ 12ਵੇਂ ਦਿਨ ਅਧਿਆਪਕ ਇੰਦਰਜੀਤ ਸਿੰਘ ਟੈਂਕੀ ਉਪਰ ਮੌਜੂਦ ਹੈ, ਜਿਸਨੇ ਗਰਮੀ ਤੋਂ ਬਚਣ ਲਈ ਪੱਲੀਆਂ ਤਾਣ ਕੇ ਰੈਣ ਬਸੇਰਾ ਬਣਾਇਆ ਹੋਇਆ ਹੈ। ਰੋਸ ਧਰਨੇ ਦੌਰਾਨ ਸੰਦੀਪ ਕੌਰ, ਬਲਜਿੰਦਰ ਕੌਰ, ਹਰਦੀਪ ਕੌਰ, ਸੁਖਜਿੰਦਰ ਸਿੰਘ, ਅਵਤਾਰ ਸਿੰਘ, ਨਿਰਮਲ ਸਿੰਘ ਕਲੌਦੀ, ਮਲਕੀਤ ਸਿੰਘ ਆਦਿ ਨੇ 12 ਦਿਨਾਂ ਤੋਂ ਪੰਜਾਬ ਦੇ ਧੀਆਂ-ਪੁੱਤ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਨਜ਼ਦੀਕ ਪਿੰਡ ਖੁਰਾਣਾ ਵਿਖੇ ਟੈਂਕੀ ਉਪਰ ਤੇ ਹੇਠਾਂ ਗਰਮੀ ਵਿਚ ਰੁਲ੍ਹ ਰਹੇ ਹਨ ਪਰੰਤੂ ਸਰਕਾਰ ਨੂੰ ਇਸਦੀ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ 8736 ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਇਸ਼ਤਿਹਾਰੀ ਬੋਰਡ ਲਗਾ ਕੇ ਵਾਹ ਵਾਹ ਖੱਟ ਰਹੀ ਹੈ ਜਦੋਂ ਕਿ ਅਸਲੀਅਤ ਹਕੀਕਤ ਤੋਂ ਕੋਹਾਂ ਦੂਰ ਹੈ।