ਨਿੱਜੀ ਪੱਤਰ ਪੇ੍ਰਕ
ਫ਼ਿਰੋਜ਼ਪੁਰ, 29 ਜੂਨ
ਗੁਰੂਹਰਸਹਾਏ ਵਿਚ ਇੱਕ ਨਿੱਜੀ ਲੋਨ ਕੰਪਨੀ ਵਿਚ ਹੋਏ ਆਡਿਟ ਦੌਰਾਨ ਅਠਾਰਾਂ ਲੱਖ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ। ਕੰਪਨੀ ਦੇ ਅਧਿਕਾਰੀ ਦੀ ਸ਼ਿਕਾਇਤ ‘ਤੇ ਕੰਪਨੀ ਦੇ ਸਾਬਕਾ ਮੈਨੇਜਰ ਸਮੇਤ ਚਾਰ ਮੁਲਜ਼ਮਾਂ ਦੇ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ ਹੈ। ਹਾਲਾਂਕਿ ਅਜੇ ਤੱਕ ਕਿਸੇ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਸਿਰਸਾ ਸਥਿਤ ਮੰਡੀ ਡੱਬਵਾਲੀ ਦੇ ਰਹਿਣ ਵਾਲੇ ਪੰਕਜ ਗੁਪਤਾ ਨੇ ਪੁਲੀਸ ਨੂੰ ਦੱਸਿਆ ਕਿ ਕਰੀਬ ਦਸ ਦਿਨ ਪਹਿਲਾਂ ਗੁਰੂਹਰਸਹਾਏ ਵਿਚ ਸਥਿਤ ਮਥੂਡਫਿੰਨ ਕਾਰਪ ਗੋਲਡ ਲੋਨ ਕੰਪਨੀ ਦੀ ਸ਼ਾਖ਼ਾ ਵਿਚ ਆਡਿਟ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਆਡਿਟ ਟੀਮ ਵੱਲੋਂ ਇਸ ਸ਼ਾਖਾ ਵਿਚ ਹੁਣ ਤੱਕ ਤਕਰੀਬਨ ਅਠਾਰਾਂ ਲੱਖ ਰੁਪਏ ਦਾ ਘਪਲਾ ਸਾਹਮਣੇ ਲਿਆਂਦਾ ਗਿਆ ਹੈ, ਜੋ ਕੰਪਨੀ ਦੇ ਹੀ ਸਾਬਕਾ ਮੈਨੇਜਰ ਅਤੇ ਕੁਝ ਹੋਰ ਮੁਲਜ਼ਮਾਂ ਵੱਲੋਂ ਮਿਲੀਭੁਗਤ ਕਰਕੇ ਰਿਕਾਰਡ ਵਿਚ ਛੇੜਛਾੜ ਕਰਕੇ ਕੀਤਾ ਗਿਆ ਹੈ। ਅਜਿਹਾ ਕਰਨ ਨਾਲ ਕੰਪਨੀ ਅਤੇ ਕੰਪਨੀ ਦੇ ਗਾਹਕਾਂ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਗਿਆ ਹੈ। ਇਸ ਸ਼ਿਕਾਇਤ ਦੀ ਪੜਤਾਲ ਮਗਰੋਂ ਥਾਣਾ ਗੁਰੂਹਰਸਹਾਏ ਵਿਚ ਕੰਪਨੀ ਦੇ ਸਾਬਕਾ ਮੈਨੇਜਰ ਗੁਰਜੀਤ ਸਿੰਘ ਵਾਸੀ ਬਸਤੀ ਨਾਨਕਪੁਰਾ ਸਮੇਤ ਮੁਲਜ਼ਮ ਕੇਵਲ ਕੁਮਾਰ ਵਾਸੀ ਗੋਲੇਵਾਲਾ, ਅਵਤਾਰ ਸਿੰਘ ਵਾਸੀ ਪਾਲੇ ਚੱਕ ਅਤੇ ਸੰਦੀਪ ਸਿੰਘ ਵਾਸੀ ਚੱਕ ਪੰਜੇ ਕੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।