ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 27 ਜੂਨ
ਪੁਲੀਸ ਵੱਲੋਂ ਵਾਹਨ ਚੋਰਾਂ ਦੇ ਇਕ ਗਰੋਹ ਦੇ ਸੱਤ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਭਾਰੀ ਮਾਤਰਾ ਵਿੱਚ ਦੋ ਪਹੀਆ ਵਾਹਨ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਸੰਯੁਕਤ ਕਮਿਸ਼ਨਰ ਪੁਲੀਸ ਸੋਮਿਆ ਮਿਸ਼ਰਾ ਦੇ ਦਿਸ਼ਾ ਨਿਰਦੇਸ਼ ਤਹਿਤ ਸਹਾਇਕ ਕਮਿਸ਼ਨਰ ਪੁਲੀਸ ਜਸਰੂਪ ਕੌਰ ਬਾਠ ਦੀ ਅਗਵਾਈ ਹੇਠ ਡਵੀਜ਼ਨ ਨੰਬਰ 8 ਦੀ ਪੁਲੀਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਮੋਟਰਸਾਈਕਲ, ਮੋਬਾਈਲ ਫੋਨ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਹਨ। ਸੰਯੁਕਤ ਪੁਲੀਸ ਕਮਿਸ਼ਨਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਟੇਰਾ ਗਿਰੋਹ ਦੇ ਮੈਂਬਰਾਂ ਦੀ ਸ਼ਿਨਾਖ਼ਤ ਸੋਨੂੰ ਕੁਮਾਰ ਵਾਸੀ ਹੈਬੋਵਾਲ, ਯੁਵਰਾਜ ਸਿੰਘ ਵਾਸੀ ਲੋਹਾਰਾ, ਅੰਕਿਤ ਕੁਮਾਰ ਵਾਸੀ ਲੁਹਾਰਾ, ਰਮੇਸ਼ ਕੁਮਾਰ ਵਾਸੀ ਲੁਹਾਰਾ, ਵਿਸ਼ਾਲ ਕੁਮਾਰ ਵਾਸੀ ਹੀਰੇ ਨਗਰ, ਜੁਬਨਾਇਲ ਅਤੇ ਅਕਾਸ਼ ਕੁਮਾਰ ਵਾਸੀ ਹਰਗੋਬਿੰਦ ਨਗਰ ਹੈਬੋਵਾਲ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਬਜ਼ੇ ਵਿੱਚੋਂzwnj; 15 ਮੋਟਰਸਾਈਕਲ, 12 ਮੋਬਾਈਲ ਫੋਨ ਅਤੇ ਲੋਹੇ ਦੇ 3 ਦਾਤਰ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਗਰੋਹ ਦੇ ਮੈਂਬਰ ਸੁੰਨਮੁਸਾਨ ਵਾਲੀਆਂ ਥਾਵਾਂ ‘ਤੇ ਰਾਹਗੀਰਾਂ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਲੁੱਟਾਂ-ਖੋਹਾਂ ਕਰਦੇ ਸਨ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁਛ-ਪੜਤਾਲ ਦੌਰਾਨ ਉਨ੍ਹਾਂ ਕਈ ਇਲਾਕਿਆਂ ਮਾਡਲ ਟਾਊਨ, ਜਮਾਲਪੁਰ ਅਤੇ ਹੈਬੋਵਾਲ ਆਦਿ ਵਿੱਚ ਲੁੱਟਾਂ-ਖੋਹਾਂ ਕਰਨ ਬਾਰੇ ਜਾਣਕਾਰੀ ਦਿੱਤੀ ਹੈ।
ਹਥਿਆਰ ਦਿਖਾ ਕੇ ਦੋ ਮੋਬਾਈਲ ਫੋਨ ਖੋਹੇ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਵੱਖ-ਵੱਖ ਥਾਵਾਂ ਤੋਂ ਨਾਮਲੂਮ ਵਿਅਕਤੀ ਹਥਿਆਰ ਦਿਖਾ ਕੇ ਦੋ ਜਣਿਆਂ ਤੋਂ ਮੋਬਾਈਲ ਫੋਨ ਖੋਹ ਕੇ ਲੈ ਗਏ ਹਨ।zwnj; ਥਾਣਾ ਸਲੇਮ ਟਾਬਰੀ ਦੀ ਪੁਲੀਸ ਨੂੰ ਗਲੀ ਨੰਬਰ 4 ਅਜੀਤ ਨਗਰ ਵਾਸੀ ਰਾਮਾਯਣ ਨੇ ਦੱਸਿਆ ਹੈ ਕਿ ਉਹ ਸ਼ਾਮ 6 ਵਜੇ ਦੇ ਕਰੀਬ ਆਪਣੇ ਕੰਮ ਤੋਂ ਛੁੱਟੀ ਕਰਕੇ ਪੈਦਲ ਆਪਣੇ ਘਰ ਜਾ ਰਿਹਾ ਸੀ ਤਾਂ ਮੈਟਰੋ ਮਾਲ ਵਾਲੀ ਗਲੀ ਵਿੱਚ ਪਿੱਛੋਂ ਦੋ ਨੌਜਵਾਨ ਐਕਟਿਵਾ ਸਕੂਟਰ ਤੇ ਸਵਾਰ ਹੋ ਕੇ ਆਏ ਤੇ ਉਸ ਨੂੰ ਦਾਤ ਦਿਖਾ ਕੇ ਮੋਬਾਈਲ ਫੋਨ ਰੀਅਲ ਮੀ-7 ਖੋਹ ਕੇ ਫ਼ਰਾਰ ਹੋ ਗਏ। ਇਸੇ ਤਰ੍ਹਾਂ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੂੰ ਗਲੀ ਨੰਬਰ 20 ਜੀਵਨ ਨਗਰ ਵਾਸੀ ਲੱਲਨ ਨੇ ਦੱਸਿਆ ਹੈ ਕਿ ਉਹ ਸ਼ਾਮ ਪੰਜ ਵਜੇ ਦੇ ਕਰੀਬ ਆਪਣੇ ਲੜਕੇ ਅਨਮੋਲ ਕੁਮਾਰ ਨਾਲ ਆਪਣੇ ਘਰ ਦੇ ਬਾਹਰ ਗਲੀ ਵਿੱਚ ਬੈਠਕੇ ਮੋਬਾਈਲ ਫੋਨ ਦੇਖ ਰਹੇ ਸੀ ਤਾਂ ਪਰਦੀਪ ਕੁਮਾਰ ਪੁੱਤਰ ਵਾਸੀ ਗਲੀ ਨੰਬਰ 20 ਜੀਵਨ ਨਗਰ ਅਤੇ ਰਾਹੁਲ ਕੁਮਾਰzwnj; ਨੇ ਲੜਕੇ ਦਾ ਮੋਬਾਈਲ ਫੋਨ ਐੱਮਆਈ ਏ-2 ਖੋਹ ਲਿਆ ਅਤੇ ਫਰਾਰ ਹੋ ਗਏ। ਪੁਲੀਸ ਵੱਲੋਂ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।