ਲੰਡਨ, 28 ਜੁਲਾਈ
ਮਨੀਪੁਰ ’ਚ ਹਿੰਸਾ ਖ਼ਿਲਾਫ਼ ਰੋਸ ਦਰਜ ਕਰਾਉਣ ਲਈ ਯੂਕੇ ਆਧਾਰਿਤ ਭਾਰਤੀ ਮੂਲ ਦੀਆਂ ਔਰਤਾਂ ਦੇ ਇਕ ਧੜੇ ਨੇ ਇਥੇ ਮੌਨ ਮਾਰਚ ਕੱਢਿਆ। ਜਥੇਬੰਦੀ ਵਿਮੈੱਨ ਆਫ਼ ਨੌਰਥ ਈਸਟ ਇੰਡੀਆ ਸਪੋਰਟ ਨੈੱਟਵਰਕ ਨੇ ਮੂੰਹ ਢੱਕ ਕੇ ਅਤੇ ਹੱਥਾਂ ’ਚ ਤਖ਼ਤੀਆਂ ਲੈ ਕੇ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਮੌਨ ਮਾਰਚ ਕੱਢਿਆ। ਇਸ ਤੋਂ ਬਾਅਦ ਉਨ੍ਹਾਂ ਪਾਰਲੀਮੈਂਟ ਸਕੁਏਅਰ ਵੱਲ ਮਾਰਚ ਕਰਦਿਆਂ ਸੰਸਦੀ ਕੰਪਲੈਕਸ ਦੇ ਅੱਗੇ ਮਹਾਤਮਾ ਗਾਂਧੀ ਦੇ ਬੁੱਤ ’ਤੇ ਆਪਣਾ ਪ੍ਰਦਰਸ਼ਨ ਸਮਾਪਤ ਕੀਤਾ। ਜਥੇਬੰਦੀ ਨੇ ਇਕ ਬਿਆਨ ’ਚ ਕਿਹਾ,‘‘ਅਸੀਂ ਮਨੀਪੁਰ ਦੀਆਂ ਦੋ ਕੁਕੀ-ਜ਼ੋ ਭੈਣਾਂ ਨਾਲ ਹੋਈ ਬਦਸਲੂਕੀ ਦੇ ਰੋਸ ਵਜੋਂ ਅਤੇ ਉਨ੍ਹਾਂ ਦਾ ਦੁੱਖ ਵੰਡਾਉਣ ਲਈ ਇਕੱਠਿਆਂ ਮਾਰਚ ਕੀਤਾ ਹੈ।’’ ਇਹ ਗਰੁੱਪ ਮਹਾਮਾਰੀ ਦੌਰਾਨ 2020 ’ਚ ਬਣਾਇਆ ਗਿਆ ਸੀ ਤਾਂ ਜੋ ਭਾਈਚਾਰੇ ਨਾਲ ਸਬੰਧਤ ਔਰਤਾਂ ਦੀ ਹਮਾਇਤ ਕੀਤੀ ਜਾ ਸਕੇ। -ਪੀਟੀਆਈ