ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 23 ਜੂਨ
ਮਹੀਨੇ ਦੇ ਸ਼ੁਰੂ ‘ਚ ਮੂੰਗੀ ਦੀ ਆਮਦ ਸ਼ੁਰੂ ਹੋਣ ਮੌਕੇ ਵਪਾਰੀਆਂ ਨੇ ਘੱਟੋ-ਘੱਟ ਸਮਰਥਨ ਮੁੱਲ ਤੋਂ ਵੀ ਵਧੇਰੇ ਭਾਅ ‘ਤੇ ਮੂੰਗੀ ਦੀ ਖ਼ਰੀਦ ਕੀਤੀ। ਮੂੰਗੀ ਦੀ ਹੱਬ ਬਣੀ ਏਸ਼ੀਆ ਦੀ ਇਸ ਦੂਜੀ ਵੱਡੀ ਮੰਡੀ ‘ਚ ਭਾਅ ਅੱਠ ਹਜ਼ਾਰ ਤੋਂ ਉੱਪਰ ਲੱਗਣ ਦੀ ਚਰਚਾ ਪੰਜਾਬ ਭਰ ‘ਚ ਹੋਈ। ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਅਤੇ ਆੜ੍ਹਤੀ ਵੀ ਖੁਸ਼ ਨਜ਼ਰ ਆਉਣ ਲੱਗੇ। ਇਸ ਮਗਰੋਂ ਮਾਲਵੇ ਦੇ ਕਈ ਜ਼ਿਲ੍ਹਿਆਂ ‘ਚੋਂ ਮੂੰਗੀ ਸਥਾਨਕ ਮੰਡੀ ‘ਚ ਆਉਣੀ ਸ਼ੁਰੂ ਹੋ ਗਈ। ਦੋ ਹਫ਼ਤੇ ਅੰਦਰ ਮੰਡੀ ‘ਚ ਰਿਕਾਰਡ ਮਾਤਰਾ ‘ਚ ਮੂੰਗੀ ਆਈ ਤਾਂ ਵਪਾਰੀਆਂ ਨੇ ਮੂੰਗੀ ਤੋਂ ਮੂੰਹ ਮੋੜ ਲਿਆ। ਮੂੰਗੀ ਦੇ ਭਾਅ ਐੱਮਐੱਸਪੀ ਤੋਂ ਹਜ਼ਾਰ ਤੋਂ ਪੰਦਰਾਂ ਸੌ ਹੇਠਾਂ ਡਿੱਗ ਪਏ। ਹੁਣ ਮੰਡੀ ‘ਚ ਮੂੰਗੀ 6200 ਰੁਪਏ ਨੂੰ ਵਿਕ ਰਹੀ ਹੈ ਜਿਹੜੀ ਆਮਦ ਸ਼ੁਰੂ ਹੋਣ ਮੌਕੇ ਇਕ ਦਿਨ 8200 ਰੁਪਏ ਪ੍ਰਤੀ ਕੁਇੰਟਲ ਨੂੰ ਵਿਕੀ ਸੀ ਜਿਸ ਦਾ ਸਰਕਾਰੀ ਭਾਅ 7775 ਮਿਥਿਆ ਹੋਇਆ ਹੈ। ਮੂੰਗੀ ਕਾਸ਼ਤਕਾਰ ਡਿੱਗੇ ਭਾਅ ਤੋਂ ਨਿਰਾਸ਼ ਹਨ। ਕਿਸਾਨ ਪਰਮਜੀਤ ਸਿੰਘ, ਅਮਰ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਹਰ ਸਾਲ ਵਪਾਰੀ ਅਤੇ ਦਾਲ ਮਿੱਲ ਮਾਲਕ ਮੰਡੀ ਭਰਨ ‘ਤੇ ਮੂੰਗੀ ਖਰੀਦ ‘ਚ ਮਨਮਰਜ਼ੀ ਕਰਨ ਲੱਗਦੇ ਹਨ। ਵੇਰਵਿਆਂ ਅਨੁਸਾਰ ਵਪਾਰੀ ਵਰਗ ਅਣਐਲਾਨੀ ਏਕਤਾ ਅਤੇ ਆਪਸੀ ਸਮਝ ਨਾਲ ਛੇ ਹਜ਼ਾਰ ਤੋਂ 6500 ਤੱਕ ਹੀ ਬੋਲੀ ਦਿੰਦੇ ਹਨ। ਇਸ ਤੋਂ ਵੱਧ ਬੋਲੀ ਨਾ ਦੇਣ ਕਰ ਕੇ ਕਿਸਾਨ ਐੱਮਐੱਸਪੀ ਤੋਂ ਵੀ ਘੱਟ ਭਾਅ ‘ਤੇ ਜਿਣਸ ਵੇਚਣ ਲਈ ਮਜਬੂਰ ਹੁੰਦੇ ਹਨ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਘੱਟੋ-ਘੱਟ ਸਮੱਰਥਨ ਮੁੱਲ ‘ਤੇ ਮੂੰਗੀ ਦੀ ਖਰੀਦ ਯਕੀਨੀ ਬਣਾਈ ਜਾਵੇ। ਜੇਕਰ ਵਪਾਰੀ ਘੱਟ ਭਾਅ ‘ਤੇ ਖਰੀਦ ਕਰਦਾ ਹੈ ਤਾਂ ਐੱਮਐੱਸਪੀ ਤੋਂ ਘੱਟ ਮਿਲਣ ਵਾਲੀ ਰਕਮ ਦੀ ਭਰਪਾਈ ਪਿਛਲੇ ਸਾਲ ਵਾਂਗ ਸਰਕਾਰ ਕਰੇ। ਮੂੰਗੀ ਤੋਂ ਇਲਾਵਾ ਮੱਕੀ ਦੀ ਵੀ ਮੰਡੀ ‘ਚ ਭਰਮਾਰ ਹੈ ਪਰ ਇਹ ਵੀ ਬੇਕਦਰੀ ਤੋਂ ਬਚੀ ਹੋਈ ਨਹੀਂ ਹੈ। ਮੱਕੀ ਦਾ ਘੱਟੋ ਘੱਟ ਸਮਰਥਨ ਮੁੱਲ 1962 ਰੁਪਏ ਹੈ ਪਰ ਇਹ 1400 ਤੋਂ 1700 ਰੁਪਏ ਨੂੰ ਖਰੀਦੀ ਜਾ ਰਹੀ ਹੈ। ਬੀਕੇਯੂ (ਡਕੌਂਦਾ) ਨੇ ਇਸ ਲੁੱਟ ਦਾ ਨੋਟਿਸ ਲੈਂਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ।
ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਤੇ ਇੰਦਰਜੀਤ ਧਾਲੀਵਾਲ ਨੇ ਐੱਮਐੱਸਪੀ ‘ਤੇ ਖਰੀਦ ਯਕੀਨੀ ਬਣਾਉਣ ਜਾਂ ਭਰਪਾਈ ਕਰਨ ਦੀ ਮੰਗ ਕੀਤੀ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹਈਆ ਲਾਲ ਬਾਂਕਾ ਨੇ ਹੁਣ ਘੱਟ ਭਾਅ ਮਿਲਣ ਦੀ ਗੱਲ ਕਬੂਲੀ ਅਤੇ ਦੱਸਿਆ ਕਿ ਸ਼ੁਰੂ ‘ਚ 8400 ਰੁਪਏ ਤੱਕ ਮੂੰਗੀ ਵਿਕੀ ਸੀ। ਮੰਡੀ ਬੋਰਡ ਦੇ ਅਧਿਕਾਰੀ ਗੁਰਮਤਪਾਲ ਗਿੱਲ ਵੱਲੋਂ ਫੋਨ ਨਾ ਚੁੱਕਣ ਕਰ ਕੇ ਇਸ ਬਾਰੇ ਸਰਕਾਰੀ ਪੱਖ ਨਹੀਂ ਮਿਲ ਸਕਿਆ।