ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 26 ਜੂਨ
ਸਥਾਨਕ ਸ਼ਹਿਰ ਅੰਦਰ ਦਿਨ ਪ੍ਰਤੀ ਦਿਨ ਲਾਵਾਰਸ ਪਸ਼ੂਆਂ ਦੀ ਵਧ ਰਹੀ ਭਰਮਾਰ ਅਤੇ ਮੁਹੱਲਾ ਫਤਹਿ ਨਗਰ ਵਿੱਚ ਸੜਕਾਂ ਨਾ ਬਣਾਉਣ ਨੂੰ ਲੈ ਕੇ ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਬੰਧਤ ਮੰਗਾਂ ਦੇ ਹੱਲ ਦੀ ਪ੍ਰਸ਼ਾਸਨ ਤੇ ਸਰਕਾਰ ਨੂੰ ਅਪੀਲ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਸੀਪੀਆਈ (ਐਮ) ਦੇ ਤਹਿਸੀਲ ਸਕੱਤਰ ਕਾਮਰੇਡ ਵਰਿੰਦਰ ਕੌਸ਼ਿਕ ਨੇ ਕਿਹਾ ਮੁਹੱਲਾ ਫ਼ਤਹਿ ਨਗਰ ਵਿੱਚ ਨਗਰ ਕੌਂਸਲ ਸੁਨਾਮ ਵੱਲੋਂ ਵਾਟਰ ਸਪਲਾਈ ਅਤੇ ਸੀਵਰੇਜ ਦੀ ਸਪਲਾਈ ਦੀ ਸਹੂਲਤ ਤਾਂ ਦਿੱਤੀ ਜਾ ਚੁੱਕੀ ਹੈ, ਪਰ ਪਿਛਲੇ 7 ਸਾਲ ਤੋਂ ਇਸ ਮੁਹੱਲੇ ਵਿਚ ਸੜਕਾਂ ਨਹੀਂ ਬਣਾਈਆਂ ਗਈਆਂ। ਉਨ੍ਹਾਂ ਕਿਹਾ ਕਿ ਇਲਾਕੇ ਸਮੇਤ ਸਮੁੱਚੇ ਸੁਨਾਮ ਸ਼ਹਿਰ ਵਿੱਚ ਲਾਵਾਰਸ ਪਸ਼ੂਆਂ ਦੀ ਭਰਮਾਰ ਹੁੰਦੀ ਜਾ ਰਹੀ ਹੈ। ਇਕੱਠੇ ਹੋਏ ਮੁਹੱਲਾ ਨਿਵਾਸੀਆਂ ਨੇ ਪ੍ਰਸਾਸ਼ਨ ਤੇ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਜੇ ਭਵਿੱਖ ਵਿੱਚ ਸਬੰਧਤ ਮੰਗਾਂ ਦੇ ਹੱਲ ਲਈ ਕੋਈ ਯਤਨ ਨਾ ਕੀਤਾ ਗਿਆ ਤਾਂ ਉਹ ਇਸ ਸਬੰਧੀ ਮੁਜ਼ਾਹਰਾ ਕਰਨ ਤੋਂ ਗੁਰੇਜ਼ ਨਹੀਂ ਕਰਨਗੇ। ਇਸ ਮੌਕੇ ਦਰਸ਼ਨ ਸਿੰਘ, ਸ਼ਮਸ਼ੇਰ ਸਿੰਘ, ਬੇਅੰਤ ਸਿੰਘ, ਭੁਪਿੰਦਰ ਸਿੰਘ, ਲਾਲ ਸ਼ਾਮ ਲਾਲ, ਜਸਵਿੰਦਰ ਸਿੰਘ, ਗੁਰਚਰਨ ਸਿੰਘ, ਮਨਵੀਰ ਸਿੰਘ ਹਾਜ਼ਰ ਸਨ।