ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 27 ਜੂਨ
ਜ਼ਿਲ੍ਹਾ ਪ੍ਰਸ਼ਾਸਨ ਨੇ ਦਹਾਕਿਆਂ ਬਾਅਦ ਪਟਿਆਲਾ ਕੀ ਰਾਓ ਅਤੇ ਸੁਖਨਾ ਚੋਅ ਦੀ ਸਫ਼ਾਈ ਅਤੇ ਗਾਰ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਕਰੀਬ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਡੀਸਿਲਟਿੰਗ ਤੇ ਰੀਸੈਕਸ਼ਨਿੰਗ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ। ਇਸ ਤਹਿਤ ਕਰੀਬ 7000 ਫੁੱਟ ਚੋਅ ਦੀ ਸਫ਼ਾਈ ਤੇ ਡੀਸਿਲਟਿੰਗ ਕੀਤੀ ਜਾ ਰਹੀ ਹੈ ਅਤੇ ਛੇ ਤੋਂ ਅੱਠ ਫੁੱਟ ਤੱਕ ਇਕੱਠੀ ਹੋਈ ਗਾਰ ਕੱਢੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਇੱਥੇ ਕਿਹਾ ਕਿ ਇਸ ਨਾਲ ਮੁਹਾਲੀ ਜ਼ਿਲ੍ਹੇ ਦੇ ਲੋਕਾਂ ਨੂੰ ਬਰਸਾਤੀ ਅਤੇ ਗੰਦੇ ਪਾਣੀ ਦੀ ਨਿਕਾਸੀ ਅਤੇ ਸੰਭਾਵੀ ਹੜ੍ਹਾਂ ਸਬੰਧੀ ਦਿੱਕਤਾਂ ਤੋਂ ਨਿਜਾਤ ਮਿਲੇਗੀ। ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ‘ਚੋਂ ਲੰਘਦੇ ਸੁਖਨਾ ਚੋਅ, ਪਟਿਆਲਾ ਦੀ ਰਾਓ, ਐਨ ਚੋਅ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ ਅਤੇ ਚੋਅ ਦੇ ਬਾਕੀ ਰਹਿੰਦੇ ਹਿੱਸੇ ਦੀ ਸਫ਼ਾਈ ਅਗਲੇ ਪੜਾਅ ਵਿੱਚ ਕੀਤੀ ਜਾਵੇਗੀ।
ਡੀਸੀ ਸ੍ਰੀਮਤੀ ਜੈਨ ਨੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਇਹ ਕਾਰਜ ਜਲਦੀ ਮੁਕੰਮਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਕਈ ਦਹਾਕਿਆਂ ਤੋਂ ਚੋਅ ਦੀ ਸਫ਼ਾਈ ਨਾ ਹੋਣ ਕਰਕੇ ਲੋਕਾਂ ਨੂੰ ਹਰ ਸਾਲ ਬਰਸਾਤੀ ਪਾਣੀ ਦੀ ਨਿਕਾਸੀ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ਿਵਾਲਿਕ ਦੀਆਂ ਪਹਾੜੀਆਂ, ਸੁਖਨਾ ਚੋਅ ਅਤੇ ਇਸ ਦੇ ਨਾਲ ਲੱਗਦੇ ਇਲਾਕੇ ਦਾ ਬਰਸਾਤੀ ਪਾਣੀ ਲੈ ਕੇ ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ਤੋਂ ਹੁੰਦਾ ਹੋਇਆ ਨਵਾਂ ਗਰਾਓਂ, ਬਲਾਕ ਮਾਜਰੀ, ਤੀੜਾ, ਤਿਊੜ, ਬਲੌਂਗੀ, ਚੱਪੜਚਿੜੀ ਅਤੇ ਬਲਟਾਣਾ (ਜ਼ੀਰਕਪੁਰ) ‘ਚੋਂ ਹੁੰਦਾ ਹੋਇਆ ਪੰਜਾਬ ਵਿੱਚ ਦਾਖ਼ਲ ਹੁੰਦਾ ਹੈ ਅਤੇ ਘੱਗਰ ਦਰਿਆ ਅਤੇ ਹੋਰ ਨਦੀਆਂ ਨਾਲਿਆਂ ਵਿੱਚ ਜਾ ਕੇ ਰਲਦਾ ਹੈ।
ਕਾਫ਼ੀ ਸਮੇਂ ਤੋਂ ਸਫ਼ਾਈ ਨਾ ਹੋਣ ਕਰਕੇ ਇਸ ਵਿੱਚ ਕਾਫ਼ੀ ਗਾਰ, ਸਰਕੰਡਾ ਅਤੇ ਜੰਗਲੀ ਬੂਟੀ ਉੱਗ ਚੁੱਕੀ ਹੈ। ਬਰਸਾਤ ਦੇ ਮੌਸਮ ਵਿੱਚ ਮੁਹਾਲੀ ਜ਼ਿਲ੍ਹੇ ਅੰਦਰ ਵੱਖ-ਵੱਖ ਇਲਾਕਿਆਂ ਵਿੱਚ ਬਰਸਾਤੀ ਪਾਣੀ ਓਵਰਫਲੋ ਹੋ ਕੇ ਆਉਣ ਦਾ ਖ਼ਤਰਾ ਵੱਧ ਗਿਆ ਸੀ। ਜਿਸ ਦੇ ਮੱਦੇਨਜ਼ਰ ਪਹਿਲੇ ਪੜਾਅ ਤਹਿਤ ਸੁਖਨਾ ਚੋਅ ਦੀ ਸਫ਼ਾਈ ਅਤੇ ਡੀਸਿਲਟਿੰਗ ਦਾ ਕੰਮ ਬੁਰਜੀ 19,800 ਤੋਂ 26,800 ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਬਹੁਤ ਜਲਦ ਮੁਕੰਮਲ ਕਰ ਲਿਆ ਜਾਵੇਗਾ।