ਹਰਜੀਤ ਸਿੰਘ
ਡੇਰਾਬੱਸੀ, 29 ਜੂਨ
ਇਕ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਇਕ ਵਿਅਕਤੀ ਨੇ ਲੰਘੀ ਦੇਰ ਰਾਤ ਪੁਲੀਸ ਥਾਣੇ ਵਿੱਚ ਭੰਨ੍ਹਤੋੜ ਕੀਤੀ। ਉਸ ਨੂੰ ਕਾਬੂ ਕਰਨ ਦੌਰਾਨ ਦੋ ਏਐੱਸਆਈ ਬਰਿੰਦਰ ਸਿੰਘ ਅਤੇ ਇਕ ਪੁਲੀਸ ਮੁਲਾਜ਼ਮ ਜ਼ਖਮੀ ਹੋ ਗਿਆ।
ਮੌਕੇ ਤੋਂ ਇੱਕਤਰ ਕੀਤੀ ਜਾਣਕਾਰੀ ਅਨੁਸਾਰ ਪੁਲੀਸ ਨੇ ਕੱਲ੍ਹ ਇਕ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਸੰਦੀਪ ਕੁਮਾਰ ਵਾਸੀ ਪਿੰਡ ਘੋਲੂਮਾਜਰਾ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਸੀ। ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ 14 ਦਿਨ ਲਈ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ। ਮੁਲਜ਼ਮ ਨੂੰ ਪੁਲੀਸ ਪਾਰਟੀ ਪਟਿਆਲਾ ਜੇਲ੍ਹ ਛੱਡਣ ਗਈ ਸੀ ਪਰ ਉਸ ਦੀ ਤਬੀਅਤ ਠੀਕ ਨਾ ਹੋਣ ਕਾਰਨ ਜੇਲ ਪ੍ਰਸ਼ਾਸਨ ਨੇ ਉਸ ਨੂੰ ਪਹਿਲਾਂ ਹਸਪਤਾਲ ਲੈ ਕੇ ਜਾਣ ਲਈ ਕਿਹਾ। ਪੁਲੀਸ ਪਾਰਟੀ ਮੁਲਜ਼ਮ ਨੂੰ ਸਥਾਨਕ ਸਿਵਲ ਹਸਪਤਾਲ ਲੈ ਗਈ ਸੀ ਜਿੱਥੋਂ ਉਸ ਨੂੰ ਮੁਹਾਲੀ ਦੇ ਫੇਜ 6 ਸਥਿਤ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਅੱਜ ਲੈ ਕੇ ਜਾਣਾ ਸੀ। ਮੁਲਜ਼ਮ ਪੁਲੀਸ ਥਾਣੇ ਵਿੱਚ ਸੀ ਤੇ ਇਸ ਦੌਰਾਨ ਉਹ ਭੜਕ ਗਿਆ। ਰੋਹ ਵਿਚ ਆ ਕੇ ਉਸ ਨੇ ਥਾਣੇ ਦੇ ਸੀਸ਼ੇ ਭੰਨ੍ਹ ਦਿੱਤੇ। ਉਸ ਨੂੰ ਕਾਬੂ ਕਰਨ ਦੌਰਾਨ ਏਐੱਸਆਈ ਬਰਿੰਦਰ ਸਿੰਘ ਅਤੇ ਇਕ ਹੋਰ ਏਐੱਸਆਈ ਜ਼ਖਮੀ ਹੋ ਗਿਆ, ਜਿਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।