ਪੱਤਰ ਪ੍ਰੇਰਕ
ਪਾਤੜਾਂ, 29 ਜੂਨ
ਐਂਪਲਾਈਜ਼ ਫ਼ੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਮੰਡਲ ਪਾਤੜਾਂ ਦੀ ਮੀਟਿੰਗ ਡਿਵੀਜ਼ਨ ਪ੍ਰਧਾਨ ਰਘਵੀਰ ਸਿੰਘ ਘੱਗਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਬਿਜਲੀ ਮੁਲਾਜ਼ਮ ਏਕਤਾ ਮੰਚ ਵੱਲੋਂ ਚੱਲ ਰਹੇ ਸੰਘਰਸ਼ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਜਥੇਬੰਦੀ ਦੇ ਆਗੂਆਂ ਨੇ ਪਾਵਰਕੌਮ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਜੇਕਰ ਮੁਲਾਜ਼ਮਾਂ ਨੂੰ ਛੇਵਾਂ ਪੇਅ ਸਕੇਲ ਜਾਰੀ ਨਾ ਕੀਤਾ ਤਾਂ ਜਥੇਬੰਦੀਆਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਰਘਵੀਰ ਸਿੰਘ ਘੱਗਾ ਨੇ ਕਿਹਾ ਹੈ ਕਿ ਵਿੱਤ ਵਿਭਾਗ, ਪੰਜਾਬ ਸਰਕਾਰ ਦੇ ਦਫਤਰ ਵੱਲੋਂ ਜਾਰੀ ਪੱਤਰ ਤਹਿਤ
ਪਾਵਰਕੌਮ ਕਾਰਪੋਰੇਸ਼ਨ ਵਿੱਚ ਭਰਤੀ ਹੋਏ ਵੱਖ-ਵੱਖ ਵਰਗਾਂ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਜਿਨ੍ਹਾਂ ਦੀ ਜੁਆਇਨਿੰਗ ਮਿਤੀ 17 ਜੁਲਾਈ 2020 ਤੋਂ ਬਾਅਦ ਵਾਲਿਆਂ ਨੂੰ ਕੇਂਦਰ ਦਾ ਸੱਤਵਾਂ ਪੇਅ ਸਕੇਲ ਲਾਗੂ ਕੀਤਾ ਗਿਆ ਹੈ, ਜੋ ਕਿ ਕਿਸੇ ਵੀ ਤਰੀਕੇ ਜਾਇਜ਼ ਨਹੀਂ। ਉਨ੍ਹਾਂ ਕਿਹਾ ਹੈ ਕਿ ਮੁਲਾਜ਼ਮਾਂ ਦੀ ਭਰਤੀ ਪ੍ਰਕਿਰਿਆ ਪਹਿਲਾਂ ਤੋਂ ਚੱਲ ਰਹੀ ਸੀ ਅਤੇ ਕੁਝ ਮੁਲਾਜ਼ਮਾਂ ਨੂੰ 2020 ਤੋਂ ਪਹਿਲਾਂ ਜੁਆਇੰਨ ਕਰਵਾ ਲਿਆ ਗਿਆ ਸੀ। ਮੀਟਿੰਗ ਦੌਰਾਨ ਪਾਸ ਇਕ ਮਤੇ ਰਾਹੀਂ ਜਥੇਬੰਦੀ ਵੱਲੋਂ ਮੰਗ ਕੀਤੀ ਹੈ ਕਿ ਉਕਤ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵੱਲੋਂ ਛੇਵਾਂ ਪੇਅ ਕਮਿਸ਼ਨ ਲਾਗੂ ਕੀਤਾ ਜਾਵੇ।