ਆਤਿਸ਼ ਗੁਪਤਾ
ਚੰਡੀਗੜ੍ਹ, 29 ਜੂਨ
ਸਿਟੀ ਬਿਊਟੀਫੁੱਲ ਚੰਡੀਗੜ੍ਹ ‘ਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ। ਅੱਜ ਮੌਨਸੂਨ ਦੇ ਪਹਿਲੇ ਹੀ ਮੀਂਹ ਨੇ ਸ਼ਹਿਰ ਨੂੰ ਪਾਣੀ-ਪਾਣੀ ਕਰ ਦਿੱਤਾ ਹੈ।
ਮੀਂਹ ਕਰ ਕੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਪਰ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਪਾਣੀ ਵਿੱਚ ਡੁੱਬ ਗਈਆਂ, ਜਿਸ ਕਰ ਕੇ ਲੋਕਾਂ ਨੂੰ ਆਉਣ-ਜਾਣ ‘ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਵਿੱਚ 11.4 ਐੱਮਐੱਮ ਮੀਂਹ ਦਰਜ ਕੀਤਾ ਗਿਆ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 34.1 ਡਿਗਰੀ ਤੇ ਘੱਟੋ-ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ 30 ਜੂਨ ਤੇ ਪਹਿਲੀ ਜੁਲਾਈ ਨੂੰ ਹਲਕੇ ਮੀਂਹ, 2 ਨੂੰ ਬੰਦਲਵਾਈ ਅਤੇ 3 ਤੇ 4 ਜੁਲਾਈ ਨੂੰ ਮੁੜ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਅੱਜ ਦੁਪਹਿਰ ਸਮੇਂ ਪਏ ਮੀਂਹ ਨੇ ਸ਼ਹਿਰ ਦੀ ਰਫ਼ਤਾਰ ਨੂੰ ਘਟਾ ਦਿੱਤਾ। ਮੀਂਹ ਕਰ ਕੇ ਸੈਕਟਰ-29, ਇੰਡਸਟਰੀਅਲ ਏਰੀਆ ਫੇਜ਼-1 ਸਥਿਤ ਸੈਂਟਰਾ ਮਾਲ ਤੋਂ ਐਲਾਂਤੇ ਮਾਲ ਵਾਲੀ ਸੜਕ, ਇੰਡਸਟਰੀਅਲ ਏਰੀਆ ਫੇਜ਼-1 ‘ਚ ਸੀਟੀਯੂ ਵਰਕਸ਼ਾਪ ਨੇੜੇ ਰੇਲਵੇ ਅੰਡਰਪਾਸ ਸਣੇ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ‘ਤੇ ਪਾਣੀ ਖੜ੍ਹਾ ਰਿਹਾ। ਇਸ ਕਰ ਕੇ ਲੋਕਾਂ ਨੂੰ ਇਕ ਕਿਲੋਮੀਟਰ ਦਾ ਸਫਰ ਤੈਅ ਕਰਨ ‘ਚ ਇਕ-ਇਕ ਘੰਟਾ ਲੱਗ ਰਿਹਾ ਸੀ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਪਿੰਡ ਮੌਲੀ ਜੱਗਰਾਂ, ਦੜੂਆ, ਫੈਦਾ, ਬਹਿਲਾਣਾ, ਧਨਾਸ, ਸਾਰੰਗਪੁਰ, ਮਨੀਮਾਜਰਾ ਸਣੇ ਹੋਰਨਾਂ ਪਿੰਡਾਂ ‘ਚ ਵੀ ਪਾਣੀ-ਪਾਣੀ ਹੋ ਗਿਆ। ਇਸੇ ਦੌਰਾਨ ਕਲੋਨੀ ਨੰਬਰ-1 ‘ਚ ਇਕ ਔਰਤ ਨੂੰ ਕਰੰਟ ਲੱਗ ਗਿਆ, ਜਿਸ ਨੂੰ ਇਲਾਜ ਲਈ ਸੈਕਟਰ-32 ਦੇ ਹਸਪਤਾਲ ਲਿਜਾਇਆ ਗਿਆ ਹੈ।
ਇਸੇ ਦੌਰਾਨ ਸ਼ਹਿਰ ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ, ਸੈਕਟਰ-32 ਦੀ ਐਮਰਜੈਂਸੀ ‘ਚ ਵੀ ਮੀਂਹ ਦਾ ਪਾਣੀ ਵੜ ਗਿਆ। ਐਮਰਜੈਂਸੀ ‘ਚ ਪਾਣੀ ਦਾਖਲ ਹੋਣ ਕਰ ਕੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਬਰਸਾਤ ਨਾਲ ਪੰਚਕੂਲਾ ਵਿੱਚ ਜਨ-ਜੀਵਨ ਪ੍ਰਭਾਵਿਤ
ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਵਿੱਚ ਅੱਜ ਸਵੇਰ ਤੋਂ ਬਾਅਦ ਦੁਪਹਿਰ ਤੱਕ ਪਈ ਬਾਰਿਸ਼ ਨੇ ਪੰਚਕੂਲਾ ਵਿੱਚ ਜਨ-ਜੀਵਨ ਠੱਪ ਕਰ ਦਿੱਤਾ। ਇਸ ਦੌਰਾਨ ਚੌਕਾਂ ‘ਤੇ ਪਾਣੀ ਭਰ ਗਿਆ। ਬਰਸਾਤ ਕਾਰਨ ਸ਼ਹਿਰ ਦੀਆਂ ਮਾਰਕਿਟਾਂ ਸੁੰਨੀਆਂ ਰਹੀਆਂ। ਸੈਕਟਰ-15, ਸੈਕਟਰ-2 ਦੀ ਡਿਵਾਈਡਿੰਗ ਰੋਡ, ਸੈਕਟਰ-9/10 ਦੀ ਡਿਵਾਈਡਿੰਗ ਰੋਡ, ਸੈਕਟਰ-19 ਦੀ ਮੁੱਖ ਸੜਕ, ਸੈਕਟਰ-20 ਦਾ ਟੀ-ਪੁਆਂਇੰਟ, ਤਵਾ ਚੌਕ, ਸੈਕਟਰ-8/9 ਦੇ ਚੌਕ ਵਿੱਚ ਵੀ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਦੇ ਵਾਹਨ ਪਾਣੀ ਵਿੱਚ ਬੰਦ ਹੋ ਗਏ। ਹਾਊਸਿੰਗ ਬੋਰਡ ਇਲਾਕੇ ਦੀਆਂ ਰੋਡ-ਗਲੀਆਂ ਵਿੱਚ ਬਾਰਿਸ਼ ਦਾ ਪਾਣੀ ਆ ਜਾਣ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸੈਕਟਰ-19 ਵਿੱਚ ਸੀਵਰੇਜ ਦਾ ਪਾਣੀ ਓਵਰਫਲੋਅ ਹੋਣ ਕਾਰਨ ਕਾਰਨ ਸੜਕਾਂ ‘ਤੇ ਪਾਣੀ ਖੜ੍ਹਾ ਹੋ ਗਿਆ। ਮੌਨਸੂਨ ਦੇ ਕਾਰਨ ਮੌਸਮ ਵਿਭਾਗ ਨੇ ਕਿਸਾਨਾਂ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਅੱਜ ਜ਼ਿਲ੍ਹੇ ਦੀਆਂ ਸਾਰੀਆਂ ਨਦੀਆਂ ਅਤੇ ਡੈਮਾਂ ਉੱਤੇ ਪ੍ਰਸ਼ਾਸਨ ਨੇ ਧਾਰਾ 144 ਲਗਾ ਦਿੱਤੀ।
ਮੀਂਹ ਨਾਲ ਡੇਰਾਬੱਸੀ, ਜ਼ੀਰਕਪੁਰ ਤੇ ਬਨੂੜ ਦੇ ਜ਼ਿਆਦਾਤਰ ਇਲਾਕੇ ਹੋਏ ਜਲਥਲ; ਦੁਕਾਨਾਂ ਤੇ ਮਕਾਨਾਂ ‘ਚ ਪਾਣੀ ਭਰਿਆ
ਜ਼ੀਰਕਪੁਰ/ਡੇਰਾਬੱਸੀ (ਹਰਜੀਤ ਸਿੰਘ): ਡੇਰਾਬੱਸੀ ਇਲਾਕੇ ਵਿੱਚ ਪਏ ਭਾਰੀ ਮੀਂਹ ਨਾਲ ਪੂਰੇ ਇਲਾਕੇ ਵਿੱਚ ਪਾਣੀ ਭਰ ਗਿਆ। ਇੱਥੋਂ ਦੇ ਮੇਨ ਬਾਜ਼ਾਰ, ਰਾਮਲੀਲਾ ਮੈਦਾਨ, ਬੱਸ ਸਟੈਂਡ, ਅਕਾਲੀ ਮਾਰਕੀਟ, ਤਹਿਸੀਲ ਸੜਕ, ਗੁਲਾਬਗੜ੍ਹ ਰੋਡ ਸਣੇ ਹੋਰ ਕਈ ਥਾਵਾਂ ‘ਤੇ ਪਾਣੀ ਭਰਨ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝਲਣੀ ਪਈ। ਸਭ ਤੋਂ ਵਧ ਦਿੱਕਤ ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਆਈ ਜਿੱਥੇ ਦੁਕਾਨਾਂ ਵਿੱਚ ਪਾਣੀ ਵੜ ਗਿਆ। ਮੌਨਸੂਨ ਦੇ ਪਹਿਲੇ ਮੀਂਹ ਨੇ ਨਗਰ ਕੌਂਸਲ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਦੇ ਘਰ ਵੀ ਮੀਂਹ ਦਾ ਪਾਣੀ ਵੜ ਗਿਆ ਜਿਸ ਨੂੰ ਕੱਢਣ ਲਈ ਫਾਇਰ ਬ੍ਰਿਗੇਡ ਸੱਦਣੀ ਪਈ। ਮੇਨ ਬਾਜ਼ਾਰ ਦੇ ਦੁਕਾਨਦਾਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਉਹ ਪਾਣੀ ਦੀ ਨਿਕਾਸੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਸਰਕਾਰਾਂ ਵੱਲੋਂ ਇਸ ਸਮੱਸਿਆ ਦਾ ਹੱਲ ਕੱਢਣ ਦੇ ਦਾਅਵੇ ਕੀਤੇ ਗਈ ਪਰ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਮੇਨ ਬਾਜ਼ਾਰ ਵਿੱਚ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਦੀ ਹਦਾਇਤ ਕੀਤੀ ਸੀ ਪਰ ਕਿਸੇ ਅਧਿਕਾਰੀ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਲੰਘੇ ਸਮੇਂ ਦੌਰਾਨ ਨਗਰ ਕੌਂਸਲ ਵੱਲੋਂ ਮੇਨ ਬਾਜ਼ਾਰ ਵਿੱਚ ਪਾਣੀ ਭਰਨ ‘ਤੇ ਹਾਈਵੇਅ ਨੇੜੇ ਸਟਰੌਂਗ ਰੂਮ ਬਣਾ ਕੇ ਪੰਪ ਨਾਲ ਪਾਣੀ ਕੱਢਣਾ ਸ਼ੁਰੂ ਕੀਤਾ ਗਿਆ ਸੀ ਪਰ ਸਮੇਂ ਨਾਲ ਇਹ ਯੋਜਨਾ ਵੀ ਫੇਲ੍ਹ ਹੋ ਗਈ ਅਤੇ ਲੱਖਾਂ ਰੁਪਏ ਖ਼ਰਚ ਕੇ ਸਥਾਪਤ ਕੀਤਾ ਸਟਰੌਂਗ ਰੂਮ ਚਿੱਟਾ ਹਾਥੀ ਬਣ ਗਿਆ ਹੈ। ਬਰਵਾਲਾ ਸੜਕ ‘ਤੇ ਨਗਰ ਕੌਂਸਲ ਦਫਤਰ ਦੇ ਸਾਹਮਣੇ ਨੀਵੇਂ ਖੇਤਰ ਵਿੱਚ ਲੋਕਾਂ ਦੇ ਘਰਾਂ ਵਿੱਚ ਪਾਣੀ ਦਾਖ਼ਲ ਹੋ ਗਿਆ। ਗੁਲਾਬਗੜ੍ਹ ਸੜਕ ‘ਤੇ ਗਲੀ ਨੰਬਰ-2 ਵਿੱਚ ਲੋਕਾਂ ਦੇ ਘਰਾਂ ਵਿੱਚ ਪਾਣੀ ਭਰਨ ਨਾਲ ਸਾਮਾਨ ਖ਼ਰਾਬ ਹੋ ਗਿਆ। ਇਸੇ ਤਰ੍ਹਾਂ ਵਾਰਡ ਨੰਬਰ 17 ਵਿੱਚ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ। ਮੀਂਹ ਰੁਕਣ ਮਗਰੋਂ ਨਗਰ ਕੌਂਸਲ ਦੀ ਪ੍ਰਧਾਨ ਆਸ਼ੂ ਉਪਨੇਜਾ ਦੇ ਪਤੀ ਅਤੇ ‘ਆਪ’ ਆਗੂ ਨਰੇਸ਼ ਉਪਨੇਜਾ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਪ੍ਰਭਾਵਿਤ ਖੇਤਰ ਦਾ ਦੌਰਾ ਕਰ ਕੇ ਲੋੜੀਂਦੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਇਸੇ ਤਰ੍ਹਾਂ ਜ਼ੀਰਕਪੁਰ ਵਿੱਚ ਪਏ ਭਾਰੀ ਮੀਂਹ ਨੇ ਨਗਰ ਕੌਂਸਲ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ੍ਹ ਖੋਲ੍ਹ ਕੇ ਰੱਖ ਦਿੱਤੀ। ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਥਾਂ-ਥਾਂ ਪਾਣੀ ਭਰ ਗਿਆ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੀਆਂ ਸੜਕਾਂ ‘ਤੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਾਕਾਫੀ ਨਜ਼ਰ ਆਏ। ਮੀਂਹ ਕਾਰਨ ਸਭ ਤੋਂ ਵੱਧ ਪ੍ਰੇਸ਼ਾਨੀ ਸ਼ਹਿਰ ਦੀਆਂ ਸੜਕਾਂ ‘ਤੇ ਰਾਹਗੀਰਾਂ ਨੂੰ ਹੋਈ। ਇੱਥੋਂ ਲੰਘਦੇ ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ, ਜ਼ੀਰਕਪੁਰ-ਪਟਿਆਲਾ ਰੋਡ ਤੇ ਪੰਚਕੂਲਾ ਸੜਕ ‘ਤੇ ਪਾਣੀ ਭਰਨ ਕਾਰਨ ਜਾਮ ਲੱਗ ਗਿਆ। ਇੱਥੋਂ ਦੀ 200 ਫੁੱਟੀ ਐਰੋਸਿਟੀ ਸੜਕ, ਪਟਿਆਲਾ ਚੌਕ, ਬਲਟਾਣਾ ਚੌਕ, ਕਾਲਕਾ ਚੌਕ ‘ਤੇ ਅੱਜ ਦੁਪਹਿਰ ਤੱਕ ਜਾਮ ਵਰਗੀ ਸਥਿਤੀ ਬਣੀ ਰਹੀ। ਜਾਮ ਵਿੱਚ ਫਸੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਸ਼ਹਿਰ ਦੀਆਂ ਸੜਕਾਂ ‘ਤੇ ਅੱਜ ਘੰਟਿਆਂਬੱਧੀ ਜਾਮ ਲੱਗਿਆ ਰਿਹਾ। ਉਂਝ, ਟਰੈਫਿਕ ਪੁਲੀਸ ਮੀਂਹ ਦੌਰਾਨ ਆਵਾਜਾਈ ਨੂੰ ਕਾਬੂ ਕਰਨ ਵਿੱਚ ਜੁੱਟੀ ਹੋਈ ਸੀ ਪਰ ਇਸ ਦੇ ਬਾਵਜੂਦ ਸਥਿਤੀ ਕਾਬੂ ਤੋਂ ਬਾਹਰ ਸੀ।
ਬਨੂੜ (ਕਰਮਜੀਤ ਸਿੰਘ ਚਿੱਲਾ): ਬਨੂੜ ਸ਼ਹਿਰ ਵਿੱਚ ਅੱਜ ਮੌਨਸੂਨ ਦੀ ਪਹਿਲੀ ਬਾਰਿਸ਼ ਨੇ ਨਗਰ ਕੌਂਸਲ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ। ਸ਼ਹਿਰ ਦੀਆਂ ਦਰਜਨਾਂ ਦੁਕਾਨਾਂ ਅਤੇ ਘਰਾਂ ਵਿੱਚ ਪਾਣੀ ਭਰ ਗਿਆ। ਇਸ ਦੌਰਾਨ ਐੱਮਸੀ ਰੋਡ, ਮੁੱਖ ਬਾਜ਼ਾਰ ਅਤੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਰੋਡ ਉੱਤੇ ਤਿੰਨ-ਤਿੰਨ ਫੁੱਟ ਦੇ ਕਰੀਬ ਪਾਣੀ ਜਮ੍ਹਾਂ ਹੋਣ ਨਾਲ ਕਈ ਘੰਟੇ ਲੋਕਾਂ ਦਾ ਲੰਘਣਾ ਬੰਦ ਰਿਹਾ। ਦੁਕਾਨਾਂ ਵਿੱਚ ਪਾਣੀ ਭਰਨ ਨਾਲ ਕਈ ਦੁਕਾਨਦਾਰਾਂ ਦਾ ਸਾਮਾਨ ਵੀ ਨੁਕਸਾਨਿਆ ਗਿਆ। ਦੁਕਾਨਦਾਰ ਆਪਣੇ ਸਾਮਾਨ ਨੂੰ ਬਚਾਉਣ ਲਈ ਦੁਕਾਨਾਂ ਵਿੱਚ ਭਰੇ ਪਾਣੀ ਨੂੰ ਬਾਲਟੀਆਂ ਨਾਲ ਕੱਢਦੇ ਰਹੇ। ਐੱਮਸੀ ਦਫ਼ਤਰ, ਪਸ਼ੂ ਹਸਪਤਾਲ ਦੇ ਅਹਾਤਿਆਂ ਵਿੱਚ ਵੀ ਦੋ ਤੋਂ ਤਿੰਨ ਫੁੱਟ ਪਾਣੀ ਭਰ ਗਿਆ। ਐਮਸੀ ਰੋਡ ਦੇ ਦੁਕਾਨਦਾਰਾਂ ਪਰਮਜੀਤ ਸਿੰਘ ਬਿੱਲੂ, ਸੈਂਟੀ ਵਰਮਾ, ਅਸ਼ਿਵੰਦਰ ਸਿੰਘ, ਰਾਜੇਸ਼ ਬਾਂਸਲ, ਸਤਪਾਲ, ਇੰਦਰਜੀਤ ਕਾਲਰਾ, ਤੇਜਿੰਦਰ ਸਿੰਘ ਫਤਹਿ, ਸੰਦੀਪ ਸਿੰਗਲਾ ਆਦਿ ਨੇ ਦੱਸਿਆ ਕਿ ਹਰੇਕ ਮੀਂਹ ਵਿੱਚ ਦੁਕਾਨਾਂ ਵਿੱਚ ਪਾਣੀ ਵਡ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਜਦੋਂ ਵੀ ਕੌਂਸਲ ਅਧਿਕਾਰੀਆਂ ਨੂੰ ਪਾਣੀ ਦੇ ਨਿਕਾਸ ਪ੍ਰਬੰਧਾਂ ਸਬੰਧੀ ਮਿਲਦੇ ਹਨ ਤਾਂ ਉਨ੍ਹਾਂ ਨੂੰ ਇਹੀ ਕਿਹਾ ਜਾਂਦਾ ਹੈ ਕਿ ਪਾਣੀ ਦੇ ਨਿਕਾਸ ਲਈ 34 ਲੱਖ ਦਾ ਪ੍ਰਾਜੈਕਟ ਬਣਾਇਆ ਗਿਆ ਹੈ, ਟੈਂਡਰ ਅਲਾਟ ਕਰ ਦਿੱਤੇ ਗਏ ਹਨ ਅਤੇ ਜਲਦੀ ਹੀ ਕੰਮ ਆਰੰਭ ਹੋ ਜਾਵੇਗਾ। ਦੁਕਾਨਦਾਰਾਂ ਨੇ ਮੁਹਾਲੀ ਦੀ ਡਿਪਟੀ ਕਮਿਸ਼ਨਰ ਤੋਂ ਸਮੁੱਚੇ ਮਾਮਲੇ ਵਿੱਚ ਦਖ਼ਲ ਦੇਣ ਦੀ ਮੰਗ ਕਰਦਿਆਂ ਬਨੂੜ ਦੇ ਬਾਜ਼ਾਰਾਂ ਦੇ ਪਾਣੀ ਦਾ ਨਿਕਾਸ ਤੁਰੰਤ ਯਕੀਨੀ ਬਣਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਦੁਕਾਨਦਾਰ ਕੌਮੀ ਮਾਰਗ ਉੱਤੇ ਜਾਮ ਲਾਉਣ ਤੋਂ ਗੁਰੇਜ਼ ਨਹੀਂ ਕਰਨਗੇ। ਉੱਧਰ, ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ ਨੇ ਕਿਹਾ ਕਿ ਪਾਣੀ ਦੇ ਨਿਕਾਸ ਲਈ ਪਾਈਪ ਪਾਉਣ ਸਬੰਧੀ 34 ਲੱਖ ਦਾ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ। ਲਗਪਗ ਦੋ ਵਰ੍ਹੇ ਪਹਿਲਾਂ ਠੇਕੇਦਾਰ ਨੂੰ ਕੰਮ ਅਲਾਟ ਕੀਤਾ ਗਿਆ ਸੀ। ਹਾਲੇ ਤੱਕ ਠੇਕੇਦਾਰ ਨੇ ਕੰਮ ਸ਼ੁਰੂ ਨਹੀਂ ਕੀਤਾ ਹੈ। ਇਸ ਸਬੰਧੀ ਠੇਕੇਦਾਰ ਨੂੰ ਨੋਟਿਸ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਠੇਕੇਦਾਰ ਨੂੰ ਆਖਰੀ ਨੋਟਿਸ ਜਾਰੀ ਕੀਤਾ ਜਾਵੇਗਾ। ਉਪਰੰਤ ਉਸ ਨੂੰ ਬਲੈਕਲਿਸਟ ਕਰਕੇ ਕਿਸੇ ਦੂਜੇ ਠੇਕੇਦਾਰ ਤੋਂ ਕੰਮ ਕਰਵਾਇਆ ਜਾਵੇਗਾ।