ਪੱਤਰ ਪ੍ਰੇਰਕ
ਪਾਤੜਾਂ, 29 ਜੂਨ
ਸਾਉਣੀ ਦੇ ਸੀਜ਼ਨ ਦੌਰਾਨ ਪੈਣ ਵਾਲੀਆਂ ਬਾਰਸ਼ਾਂ ਨਾਲ ਝੰਬੋ ਚੋਅ ਦੇ ਆਸ-ਪਾਸ ਲੱਗਦੇ ਰਕਬੇ ਦੀ ਸੈਂਕੜੇ ਏਕੜ ਫ਼ਸਲ ਡਰੇਨ ਵਿਭਾਗ ਦੀ ਅਣਗਹਿਲੀ ਕਾਰਨ ਹਰ ਸਾਲ ਤਬਾਹ ਹੋ ਜਾਂਦੀ ਹੈ।
ਬਾਅਦ ਵਿਚ ਸਰਕਾਰ ਵੱਲੋਂ ਵਿਸ਼ੇਸ਼ ਗਿਰਦਾਵਰੀ ਮਗਰੋਂ ਮਾਮੂਲੀ ਮੁਆਵਜ਼ੇ ਦੇ ਕੇ ਕਿਸਾਨਾਂ ਦੀਆਂ ਅੱਖਾਂ ਪੂੰਝ ਦਿੱਤੀਆਂ ਜਾਂਦੀਆਂ ਹਨ। ਇਸ ਵਾਰੀ ਸਰਕਾਰ ਨੇ ਕਿਸਾਨਾਂ ਦੀ ਤਬਾਹ ਹੋਣ ਵਾਲੀ ਫ਼ਸਲ ਨੂੰ ਬਚਾਉਣ ਲਈ ਅਗਾਊਂ ਉਪਰਾਲੇ ਸ਼ੁਰੂ ਕਰ ਦਿੱਤੇ ਹਨ, ਜਿਸ ਤਹਿਤ ਹਲਕਾ ਸ਼ੁਤਰਾਣਾ ਵਿਚੋਂ ਲੰਘਦੀ ਭੁਪਿੰਦਰਾ ਸਾਗਰ ਡਰੇਨ (ਝੰਬੋ ਚੋਅ) ਦੀ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸਫ਼ਾਈ ਦੇ ਕੰਮ ‘ਤੇ ਨਿਗ੍ਹਾ ਰੱਖ ਰਹੀ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਜਗਜੀਤ ਸਿੰਘ ਦੁਗਾਲ ਅਤੇ ਕਾਮਰੇਡ ਜਸਵੰਤ ਸਿੰਘ ਨੇ ਚਿਤਾਵਨੀ ਦਿੱਤੀ ਤਸੱਲੀਬਖ਼ਸ਼ ਕੰਮ ਨਾ ਹੋਣ ‘ਤੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਕਰਵਾਈ ਜਾਵੇਗੀ। ਡਰੇਨਜ਼ ਵਿਭਾਗ ਵੱਲੋਂ ਸ਼ਹਿਰ ਦੇ ਨਾਲ ਲਗਦੇ ਪਿੰਡ ਜਿਉਣਪੁਰਾ ਅਤੇ ਚੁਨਾਗਰਾ ਨੂੰ ਜਾਣ ਵਾਲੀਆਂ ਸੜਕਾਂ ਦੇ ਪੁਲਾਂ ਹੇਠ ਫਸੀ ਬੂਟੀ ਨੂੰ ਜੇਸੀਬੀ ਮਸ਼ੀਨ ਦੀ ਮਦਦ ਨਾਲ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਣਗਹਿਲੀ ਵਰਤਣ ‘ਤੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਵਾਈ ਜਾਵੇਗੀ।