ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 27 ਜੂਨ
ਨੇੜਲੇ ਪਿੰਡ ਰਸੂਲਪੁਰ ‘ਚ ਦਹਾਕਿਆਂ ਪੁਰਾਣੇ ਦੋ ਮਾਰਗਾਂ ਨੂੰ ਜੋੜਦੀ ਪੰਚਾਇਤੀ ਗਲੀ ‘ਤੇ ਕਥਿਤ ਕਬਜ਼ੇ ਦੇ ਮਾਮਲੇ ‘ਚ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦਾ ਇਕ ਵਫ਼ਦ ਅੱਜ ਸਥਾਨਕ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਮਿਲਿਆ। ਵਫ਼ਦ ‘ਚ ਸ਼ਾਮਲ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਸਰਕਾਰੀ ਗਲੀ ‘ਚ ਲੱਗੀਆਂ ਪੰਚਾਇਤੀ ਇੱਟਾਂ ਪੁੱਟ ਕੇ ਕਥਿਤ ਕਬਜ਼ਾ ਕਰ ਲਿਆ ਗਿਆ ਹੈ। ਉਨ੍ਹਾਂ ਸਰਕਾਰੀ ਗਲੀ ‘ਚ ਲੱਗੀਆਂ ਇੱਟਾਂ ਪੁੱਟ ਕੇ ਖੁਰਦ-ਬੁਰਦ ਕਰਨ ਦੇ ਵੀ ਦੋਸ਼ ਲਾਏ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਤਾਰੀ ਤੋਂ ਇਲਾਵਾ ਵਫ਼ਦ ‘ਚ ਸ਼ਾਮਲ ਸੁਖਦੇਵ ਸਿੰਘ ਮਾਣੂੰਕੇ, ਕੁਲਵੰਤ ਸਿੰਘ, ਸੁਖਮਿੰਦਰ ਸਿੰਘ, ਬਲੀ ਸਿੰਘ, ਭਾਗ ਸਿੰਘ, ਕਰਤਾਰ ਸਿੰਘ, ਭਗਵਾਨ ਕੌਰ ਅਤੇ ਨਸ਼ੀਬ ਕੌਰ ਨੇ ਕਿਹਾ ਕਿ ਪਿੰਡ ਰਸੂਲਪੁਰ ਵਿਖੇ ਇਕ ਸਦੀ ਤੋਂ ਚਲਦਾ ਰਸਤਾ ਬੰਦ ਹੋਣ ਕਾਰਨ ਇਸ ਰਸਤੇ ‘ਚ ਲੱਗਦੇ ਘਰ-ਪਰਿਵਾਰਾਂ ਅਤੇ ਪਿੰਡ ਵਾਸੀਆਂ ਨੂੰ ਆਉਣ-ਜਾਣ ਦੀ ਗੰਭੀਰ ਸਮੱਸਿਆ ਖੜ੍ਹੀ ਹੋ ਗਈ ਹੈ। ਬੀਡੀਪੀਓ ਨੇ ਸ਼ਿਕਾਇਤ ਸੁਣਨ ਮਗਰੋਂ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਜਥੇਬੰਦੀਆਂ ਨੇ ਮਸਲਾ ਹੱਲ ਨਾ ਹੋਣ ‘ਤੇ ਸੰਘਰਸ਼ ਅਤੇ ਘਿਰਾਓ ਕਰਨ ਦੀ ਚਿਤਾਵਨੀ ਿਦੱਤੀ।
ਦੂਜੀ ਧਿਰ ਨੇ ਦੋਸ਼ ਨਕਾਰੇ
ਇਸ ਗਲੀ ਦੇ ਚੱਲਦੇ ਮਸਲੇ ਬਾਰੇ ਦੂਜੀ ਧਿਰ ਨੇ ਸੰਪਰਕ ਕਰਨ ‘ਤੇ ਦਾਅਵਾ ਕੀਤਾ ਕਿ ਕਬਜ਼ਾ ਕਰਨ ਬਾਰੇ ਦੋਸ਼ ਬੇਬੁਨਿਆਦ ਹਨ। ਲੋਕਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਦੀ ਹਾਜ਼ਰੀ ‘ਚ ਇਸ ਧਿਰ ਨੇ ਦਾਅਵਾ ਕੀਤਾ ਕਿ ਕੇਸ ਜਿੱਤਣ ਅਤੇ ਤਹਿਸੀਲਦਾਰ ਵੱਲੋਂ ਨਿਸ਼ਾਨਦੇਹੀ ਕਰਵਾਉਣ ਮਗਰੋਂ ਹੀ ਉਨ੍ਹਾਂ ਆਪਣੇ ਘਰ ਨਾਲ ਲੱਗਦੇ ਰਸਤੇ ਨੂੰ ਬਣਾਇਆ ਹੈ। ਉਨ੍ਹਾਂ ਪਿੰਡ ਦੇ ਇਕ ਮਜ਼ਦੂਰ ਆਗੂ ‘ਤੇ ਜਾਣਬੁੱਝ ਕੇ ਮਾਮਲੇ ਨੂੰ ਤੂਲ ਦੇਣ ਦੀ ਗੱਲ ਆਖੀ।