ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਜੂਨ
ਆਮ ਆਦਮੀ ਪਾਰਟੀ ਦੇ ਵਿਧਾਇਕ ਦੁਰਗੇਸ਼ ਪਾਠਕ ਨੇ ਅੱਜ ਇੱਥੇ ਕਿਹਾ ਕਿ ਸਰਕਾਰ ਵੱਲੋਂ ਸਿੱਖਿਆ ਨੂੰ ਪਹਿਲ ਦਿੰਦਿਆਂ ਬੁੱਧ ਨਗਰ ਤੋਂ ਕੂੜਾ ਕਰਕਟ ਹਟਾ ਕੇ ਉੱਥੇ ਲਾਇਬ੍ਰੇਰੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਪਣਾ ਵਾਅਦਾ ਪੂਰਾ ਕਰਦਿਆਂ ਉਨ੍ਹਾਂ ਐੱਮਸੀਡੀ ਚੋਣਾਂ ਜਿੱਤਦਿਆਂ ਹੀ ਬੁੱਢਾ ਨਗਰ ਦਾ ਕੂੜਾ ਘਰ ਬੰਦ ਕਰਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਕੌਂਸਲਰ ਜੋਤੀ ਗੌਤਮ ਤੇ ਐੱਮਸੀਡੀ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਇੱਕ ਟੀਮ ਬਣਾਈ ਗਈ। ਇਹ ਟੀਮ ਲਾਇਬ੍ਰੇਰੀ ਦਾ ਨਿਰਮਾਣ ਕਰਵਾਉਣ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਜੋ ਕੰਮ ਭਾਜਪਾ 15 ਸਾਲਾਂ ਵਿੱਚ ਨਹੀਂ ਕਰ ਸਕੀ, ਉਹ ਕੰਮ ਆਮ ਆਦਮੀ ਪਾਰਟੀ ਨੇ ਪਹਿਲੇ ਸਾਲ ਵਿੱਚ ਹੀ ਕਰ ਲਿਆ ਹੈ। ਵਿਧਾਇਕ ਨੇ ਕਿਹਾ ਕਿ ਰਾਜਿੰਦਰ ਨਗਰ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਇਲਾਕੇ ਵਿੱਚ ਫੈਲੀ ਗੰਦਗੀ ਤੋਂ ਬਹੁਤ ਚਿੰਤਤ ਹਨ। ਬਦਬੂ ਅਤੇ ਗੰਦਗੀ ਕਾਰਨ ਉਨ੍ਹਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ‘ਆਪ’ ਆਗੂ ਨੇ ਕਿਹਾ ਕਿ ਬੁੱਢਾਨਗਰ ਦੇ ਲੋਕਾਂ ਨੇ ਜੋਤੀ ਗੌਤਮ ਨੂੰ ਆਮ ਆਦਮੀ ਪਾਰਟੀ ਦਾ ਕੌਂਸਲਰ ਬਣਾਇਆ ਹੈ, ਜਿਨ੍ਹਾਂ ਦੀ ਅਗਵਾਈ ਹੇਠ ਇੱਥੇ ਲਾਇਬ੍ਰੇਰੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਿੱਖਿਆ ਨੂੰ ਮਹੱਤਵ ਦਿੰਦੀ ਹੈ। ਇਸ ਨਾਲ ਇੱਥੇ ਦੁਬਾਰਾ ਕੋਈ ਕੂੜਾ ਨਹੀਂ ਸੁੱਟੇਗਾ। ਉਨ੍ਹਾਂ ਦੱਸਿਆ ਕਿ ਕਾਇਮ ਕੀਤੀ ਗਈ ਟੀਮ ਹਰ ਹਫ਼ਤੇ ਮੀਟਿੰਗ ਕਰ ਕੇ ਲਾਇਬ੍ਰੇਰੀ ਦੀ ਉਸਾਰੀ ਦੌਰਾਨ ਪੇਸ਼ ਆ ਰਹੀਆਂ ਸਮੱਸਿਆਵਾਂ ਦੂਰ ਕਰਨ ਲਈ ਉਨ੍ਹਾਂ ਦੇ ਹੱਲ ਬਾਰੇ ਚਰਚਾ ਕਰੇਗੀ।