ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 29 ਜੂਨ
ਬਕਰੀਦ ਮੌਕੇ ਜਾਮਾ ਮਸਜਿਦ ਵਿੱੱਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਅਗਵਾਈ ਹੇਠ ਇਸਲਾਮੀ ਰੀਤੀ-ਰਿਵਾਜ਼ਾਂ ਮੁਤਾਬਕ ਨਮਾਜ਼ ਅਦਾ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਮੁਸਲਿਮ ਭਾਈਚਾਰੇ ਨੇ ਹਿੱਸਾ ਲਿਆ। ਇਸ ਮੌਕੇ ਵੱਖ-ਵੱਖ ਸਿਆਸੀ, ਧਾਰਮਿਕ, ਸਮਾਜਿਕ ਅਤੇ ਭਾਈਚਾਰਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮੁਸਲਿਮ ਭਾਈਚਾਰੇ ਨੂੰ ਬਕਰੀਦ ਦੀ ਮੁਬਾਰਕਬਾਦ ਦਿੱਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਨੇ ਕਿਹਾ ਕਿ ਈਦ ਦਾ ਦਿਨ ਸਾਨੂੰ ਆਪਣੇ ਅੰਦਰ ਕੁਰਬਾਨੀ ਦਾ ਜਜ਼ਬਾ ਕਾਇਮ ਰੱਖਣ ਦਾ ਸਬਕ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ‘ਚ ਕੁੱਝ ਫ਼ਿਰਕੂ ਤਾਕਤਾਂ ਧਰਮ ਦੇ ਨਾਮ ‘ਤੇ ਲੋਕਾਂ ‘ਚ ਪਾੜ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਜਿਨ੍ਹਾਂ ਨੂੰ ਕਦੀ ਵੀ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਸਾਨੂੰ ਇਕਜੁੱਟ ਹੋ ਕੇ ਕੁਰਬਾਨੀ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਅਸ਼ੋਕ ਪਰਾਸ਼ਰ ਪੱਪੀ, ਚੌਧਰੀ ਮਦਨ ਲਾਲ ਬੱਗਾ ਅਤੇ ਕੁਲਵੰਤ ਸਿੰਘ ਸਿੱਧੂ (ਸਾਰੇ ਵਿਧਾਇਕ) ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਈਦ ਦਾ ਦਿਨ ਸਿਰਫ਼ ਮੁਸਲਮਾਨ ਭਰਾਵਾਂ ਦੇ ਲਈ ਹੀ ਨਹੀਂ ਬਲਕਿ ਸਾਰੇ ਭਾਰਤੀਆਂ ਲਈ ਖੁਸ਼ੀ ਦਾ ਦਿਨ ਹੈ। ਇਸ ਲਈ ਇਸ ਤਿਓਹਾਰ ਨੂੰ ਭਾਈਚਾਰਕ ਸਾਂਝ ਨਾਲ ਰਲ ਮਿਲ ਕੇ ਮਨਾਉਣਾ ਚਾਹੀਦੀ ਹੈ। ਇਸ ਮੌਕੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਪੰਜਾਬ ਦੀ ਧਰਤੀ ਪੀਰਾਂ ਅਤੇ ਪੈਗੰਬਰਾਂ ਦੀ ਧਰਤੀ ਹੈ ਅਤੇ ਇੱਥੇ ਸਾਰੇ ਧਰਮਾਂ ਦੇ ਲੋਕ ਆਪਸ ‘ਚ ਮਿਲਜੁਲ ਕੇ ਇੱਕ – ਦੂਜੇ ਦਾ ਤਿਉਹਾਰ ਆਪਸੀ ਭਾਈਚਾਰੇ ਦੇ ਰੂਪ ‘ਚ ਮਨਾਉਂਦੇ ਹਨ ਤੇ ਹਰ ਧਰਮ ਦਾ ਸਤਿਕਾਰ ਕਰਦੇ ਹਨ। ਇਸ ਰਾਜ ਪੱਧਰੀ ਸਮਾਗਮ ‘ਚ ਗੁਰਪ੍ਰੀਤ ਸਿੰਘ ਵਿੰਕਲ, ਵਿਕਾਸ ਪਰਾਸ਼ਰ, ਪਰਮਿੰਦਰ ਮਹਿਤਾ, ਅਮਨੀਸ਼ ਪਰਾਸ਼ਰ, ਗੁਲਾਮ ਹਸਨ ਕੈਸਰ, ਬਲਜੀਤ ਸਿੰਘ ਬਿੰਦਰਾ, ਸ਼ਿੰਗਾਰਾ ਸਿੰਘ ਦਾਦ ਅਤੇ ਮੁਹੰਮਦ ਮੁਸਤਕੀਮ ਸਮੇਤ ਕਈ ਆਗੂ ਹਾਜ਼ਰ ਸਨ।
ਭਾਈਚਾਰੇ ਵੱਲੋਂ ਈਦ-ਉਲ-ਜ਼ੁਹਾ ਦੀ ਨਮਾਜ਼ ਅਦਾ
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਅੱਜ ਰਾਏਕੋਟ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਬੱਸੀਆਂ ਸੜਕ ਨੇੜੇ ਸਥਿਤ ਈਦਗਾਹ ਵਿੱਚ ਨਮਾਜ਼ ਅਦਾ ਕੀਤੀ ਗਈ। ਈਦ ਦੀ ਨਮਾਜ਼ ਮੁਫ਼ਤੀ ਮੁਹੰਮਦ ਕਾਮਰਾਨ ਵੱਲੋਂ ਅਦਾ ਕਾਰਵਾਈ ਗਈ। ਇਸ ਮੌਕੇ ਮੁਸਲਿਮ ਭਾਈਚਾਰੇ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੌਲਵੀ ਮੁਹੰਮਦ ਮੱਖਣ ਨੇ ਕਿਹਾ ਕਿ ਈਦ ਦਾ ਤਿਉਹਾਰ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਹੈ ਸਾਰੇ ਦੇਸ਼ ਵਾਸੀਆਂ ਨੂੰ ਮਿਲ ਜੁਲ ਕੇ ਇਹੋ ਜਿਹੇ ਤਿਉਹਾਰ ਮਨਾਉਣੇ ਚਾਹੀਦੇ ਹਨ। ਈਦ-ਉਲ-ਜ਼ੁਹਾ ਸਬੰਧੀ ਜਾਣਕਾਰੀ ਦਿੰਦੇ ਹੋਏ ਇਮਾਮ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਪੈਗੰਬਰ ਹਜ਼ਰਤ ਇਬਰਾਹਿਮ ਨੂੰ ਅੱਲ੍ਹਾ ਦਾ ਹੁਕਮ ਹੋਇਆ ਸੀ ਕੀ ਉਹ ਆਪਣੀ ਸਭ ਤੋਂ ਪਿਆਰੀ ਚੀਜ਼ ਉਨ੍ਹਾਂ ਲਈ ਕੁਰਬਾਨ ਕਰ ਦੇਣ, ਜਿਸ ‘ਤੇ ਉਹ ਅੱਲ੍ਹਾ ਦਾ ਹੁਕਮ ਮੰਨਦਿਆਂ ਆਪਣੇ ਪੁੱਤਰ ਹਜ਼ਰਤ ਇਸਮਾਈਲ ਦੀ ਕੁਰਬਾਨੀ ਦੇਣ ਲਈ ਗਏ ਸਨ ਪ੍ਰੰਤੂ ਅੱਲ੍ਹਾ ਨੇ ਹਜ਼ਰਤ ਇਸਮਾਈਲ ਨੂੰ ਇੱਕ ਭੇਡੂ ਨਾਲ ਬਦਲ ਦਿੱਤਾ ਸੀ, ਜਿਸ ਦੀ ਯਾਦ ‘ਚ ਇਹ ਤਿਉਹਾਰ ਮਨਾਇਆ ਜਾਂਦਾ ਹੈ। ਅੱਜ ਈਦ ਦੇ ਮੌਕੇ ਮੁਹੰਮਦ ਯਾਸੀਨ, ਮੁਹੰਮਦ ਇਕਬਾਲ ਬੱਬੂ, ਮੁਹੰਮਦ ਆਸਿਫ ਸੋਨੂ, ਕੌਸਲਰ ਮੁਹੰਮਦ ਇਮਰਾਨ, ਸੁਰਿੰਦਰ ਪੱਪੀ ਸਪਰਾ, ਮੁਹੰਮਦ ਅਖਤਰ ਜੂਬੇਰੀ, ਹਾਜੀ ਮੁਹੰਮਦ ਸ਼ਮਸ਼ਾਦ, ਮੁਹੰਮਦ ਆਦਿਲ, ਬਾਬਾ ਇਰਫਾਨ ਸਾਬਰੀ, ਮੁਹੰਮਦ ਹਸੀਬ, ਮੁਹੰਮਦ ਸਹਿਦਾਬ, ਅਲੀ ਜੱਟਪੁਰਾ, ਬਿੱਲੂ ਖਾਨ ਜੌਹਲਾਂ, ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਨਮਾਜ਼ੀ ਹਾਜ਼ਰ ਸਨ।