ਨਵੀਂ ਦਿੱਲੀ, 29 ਜੂਨ
ਇੱਥੇ ਬਕਰੀਦ ਉਤਸ਼ਾਹ ਨਾਲ ਮਨਾਈ ਗਈ। ਮੀਂਹ ਦੇ ਬਾਵਜੂਦ ਇਤਿਹਾਸਕ ਜਾਮਾਨ ਮਸਜਿਦ ਅਤੇ ਫਤਿਹਪੁਰੀ ਮਸਜਿਦ ਸਣੇ ਸ਼ਹਿਰ ਦੀਆਂ ਹੋਰ ਮਸਜਿਦਾਂ ਵਿੱਚ ਮੁਸਲਿਮ ਭਾਈਚਾਰੇ ਨੇ ਈਦ-ਉੱਲ-ਅਜਹਾ ਦੀ ਨਮਾਜ਼ ਅਦਾ ਕੀਤੀ। ਇਸ ਦੌਰਾਨ ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਵੱਲੋਂ ਟਵੀਟ ਰਾਹੀਂ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਇਹ ਤਿਉਹਾਰ ਹਰ ਇਕ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਵੇ ਤੇ ਦੇਸ਼ ਵਿੱਚ ਅਮਨ-ਸ਼ਾਂਤੀ ਬਣੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਦੇਸ਼ ਵਾਸੀਆਂ ਨੂੰ ਈਦ ਦੀ ਵਧਾਈ ਦਿੱਤੀ। -ਪੀਟਆਈ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ):
ਬਾਬੈਨ ਦੀ ਜਾਮਾ ਮਸਜਿਦ ਵਿੱਚ ਬਕਰੀਦ ਉਤਸ਼ਾਹ ਨਾਲ ਮਨਾਈ ਗਈ। ਮਸਜਿਦ ਦੇ ਇਮਾਮ ਜਾਨ ਮੁਹੰਮਦ ਨੇ ਮੁਸਲਿਮ ਭਾਈਚਾਰੇ ਨੂੰ ਈਦ-ਉੱਲ-ਅਜਹਾ ਦੀ ਨਮਾਜ਼ ਅਦਾ ਕਰਾਈ। ਇਸ ਦੌਰਾਨ ਮੁਸਲਿਮ ਅਤੇ ਹਿੰਦੂ ਭਾਈਚਾਰੇ ਨੇ ਆਪਸ ਵਿਚ ਗਲੇ ਮਿਲ ਕੇ ਇਕ ਦੂਜੇ ਨੂੰ ਈਦ ਦੀ ਵਧਾਈ ਦਿੱਤੀ ਤੇ ਮੂੰਹ ਮਿੱਠਾ ਕਰਾਇਆ। ਭਾਈਚਾਰੇ ਨੂੰ ਸੰਬੋਧਨ ਕਰਦਿਆਂ ਇਮਾਮ ਜਾਨ ਮੁਹੰਮਦ ਨੇ ਕਿਹਾ ਕਿ ਈਦ-ਉੱਲ-ਅਜਹਾ ਦਾ ਤਿਉਹਾਰ ਪ੍ਰੇਮ ਤੇ ਭਾਈਚਾਰਾ ਕਾਇਮ ਕਰਨ ਤੇ ਲੋੜਵੰਦਾਂ ਦੀ ਮਦਦ ਕਰਨ ਤੋਂ ਇਲਾਵਾ ਸਮੁੱਚੀ ਮਾਨਵਤਾ ਦੀ ਸੇਵਾ ਕਰਨ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਈਦ-ਉੱਲ-ਅਜਹਾ ਦੇ ਪਵਿੱਤਰ ਤਿਉਹਾਰ ਮੌਕੇ ਜੇਕਰ ਕਮਜ਼ੋਰ ਨੂੰ ਆਪਣੀਆਂ ਖੁਸ਼ੀਆਂ ਵਿਚ ਸ਼ਾਮਲ ਕੀਤਾ ਜਾਵੇ ਤਾਂ ਜੀਵਨ ਵਿੱਚ ਇਸ ਤੋਂ ਵੱਡੀ ਪ੍ਰਾਪਤੀ ਕੋਈ ਨਹੀਂ ਹੈ। ਇਸ ਮੌਕੇ ਨੂਰਦੀਨ ਸੁਨਾਰੀਆ, ਲਿਆਕਤ ਅਲੀ ਖਾਨ, ਸਲਮਾਨ ਖਾਨ ਆਦਿ ਤੋਂ ਇਲਾਵਾ ਵਡੀ ਗਿਣਤੀ ਵਿਚ ਮੁਸਲਿਮ ਸਮਾਜ ਦੇ ਲੋਕ ਮੌਜੂਦ ਸਨ।