ਹਰਜੀਤ ਸਿੰਘ
ਡੇਰਾਬੱਸੀ, 27 ਜੂਨ
ਇਥੋਂ ਦੀ ਹੈਬਤਪੁਰ ਸੜਕ ‘ਤੇ ਸਥਿਤ ਗੁਲਮੋਹਰ ਸਿਟੀ ਸੁਸਾਇਟੀ ਵਿੱਚ ਇੱਕ ਵਿਅਕਤੀ ਦੀ ਸ਼ੱਕੀ ਹਾਲਾਤ ਵਿੱਚ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਸ਼ਰਨਜੀਤ ਸਿੰਘ (45) ਵਾਸੀ ਫਲੈਟ ਨੰਬਰ 21 ਬੀ-1 ਵਜੋਂ ਹੋਈ ਹੈ। ਮ੍ਰਿਤਕ ਦੀ ਮੌਤ ਫਲੈਟ ਤੋਂ ਹੇਠਾਂ ਡਿੱਗਣ ਕਾਰਨ ਹੋਈ ਹੈ। ਮ੍ਰਿਤਕ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਉਸ ਨੂੰ ਛੇਵੀਂ ਮੰਜ਼ਲ ਤੋਂ ਧੱਕਾ ਦੇ ਕੇ ਡੇਗਿਆ ਗਿਆ ਹੈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਮਾਤਾ ਸ਼ਸ਼ੀ ਬਾਲਾ ਅਤੇ ਪਤਨੀ ਸੋਨੀਆ ਨੇ ਦੱਸਿਆ ਕਿ ਮ੍ਰਿਤਕ ਸੁਸਾਇਟੀ ਦੇ ਬਾਹਰ ਮੋਬਾਈਲਾਂ ਦੀ ਦੁਕਾਨ ਚਲਾਉਂਦਾ ਸੀ। ਉਸਨੇ ਪੁਨੀਤ ਵਾਸੀ ਗੁਲਮੋਹਰ ਸਿਟੀ ਫਲੈਟ ਨੰਬਰ 71 ਏ-3 ਛੇਵੀਂ ਮੰਜ਼ਲ ਨਾਂਅ ਦੇ ਫਾਇਨਾਂਸਰ ਤੋਂ ਕੁਝ ਪੈਸੇ ਉਧਾਰ ਲਏ ਹੋਏ ਸਨ ਜੋ ਅਕਸਰ ਪੈਸੇ ਲੈਣ ਲਈ ਉਸ ‘ਤੇ ਦਬਾਅ ਪਾਉਂਦਾ ਰਹਿੰਦਾ ਸੀ। ਉਸਨੇ ਦੱਸਿਆ ਕਿ ਪੁਨੀਤ ਨੇ ਕੱਲ੍ਹ ਉਸ ਨੂੰ ਆਪਣੇ ਘਰ ਬੁਲਾਇਆ ਸੀ। ਉਥੇ ਉਨ੍ਹਾਂ ਨੇ ਦੇਰ ਰਾਤ ਤੱਕ ਸ਼ਰਾਬ ਪੀਤੀ।
ਉਸਨੇ ਦੱਸਿਆ ਕਿ ਰਾਤ ਨੂੰ ਪੌਣੇ ਇੱਕ ਵਜੇ ਉਸਦਾ ਘਰ ਫੋਨ ਆਇਆ ਸੀ ਜਿਸਨੇ ਸਾਰਿਆਂ ਲਈ ਰੋਟੀ ਦੀ ਮੰਗ ਕੀਤੀ। ਉਸਦੀ ਮਾਤਾ ਰੋਟੀ ਬਣਾਈ ਜਿਸ ਨੂੰ ਲੈਣ ਲਈ ਪੁਨੀਤ ਦਾ ਡਰਾਈਵਰ ਆਇਆ ਸੀ। ਸਵੇਰ ਸਾਢੇ ਸੱਤ ਵਜੇ ਸੁਰੱਖਿਆ ਗਾਰਡ ਨੇ ਉਸਦੀ ਲਾਸ਼ ਪੁਨੀਤ ਦੇ ਫਲੈਟ ਦੇ ਹੇਠਾਂ ਡਿੱਗੀ ਹੋਈ ਦੇਖ ਕੇ ਪੁਲੀਸ ਅਤੇ ਪਰਿਵਾਰ ਨੂੰ ਜਾਣਕਾਰੀ ਦਿੱਤੀ। ਪਰਿਵਾਰ ਨੇ ਦੋਸ਼ ਲਾਇਆ ਕਿ ਪੁਨੀਤ ਅਤੇ ਉਸਦੇ ਨਾਲ ਦੋ ਸਾਥੀਆਂ ਨੇ ਉਸ ਨੂੰ ਧੱਕਾ ਦੇ ਕੇ ਕਤਲ ਕੀਤਾ ਹੈ। ਥਾਣਾ ਮੁਖੀ ਸਬ-ਇੰਸਪੈਕਟਰ ਜਸਕੰਵਲ ਸਿੰਘ ਨੇ ਕਿਹਾ ਕਿ ਸੀਸੀਟੀਵੀ ਦੀ ਫੁਟੇਜ਼ ਮੁਤਾਬਕ ਲੰਘੀ ਰਾਤ ਫਲੈਟ ਵਿੱਚ ਸ਼ਰਨਜੀਤ ਸਿੰਘ ਤੋਂ ਇਲਾਵਾ ਪੁਨੀਤ, ਉਸਦਾ ਡਰਾਈਵਰ ਅਤੇ ਉਨ੍ਹਾਂ ਦਾ ਇੱਕ ਹੋਰ ਸਾਥੀ ਮੌਜੂਦ ਸੀ। ਉਨ੍ਹਾਂ ਨੇ ਕਿਹਾ ਕਿ ਰਾਤ ਢਾਈ ਵਜੇ ਤਿੰਨੇ ਜਣੇ ਫਲੈਟ ਵਿੱਚੋਂ ਬਾਹਰ ਜਾਂਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਮਗਰੋਂ ਸੱਚਾਈ ਸਾਹਮਣੇ ਆਵੇਗੀ।
ਮਕਾਨ ਦੀ ਛੱਤ ਤੋਂ ਲਾਸ਼ ਮਿਲੀ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਇੱਥੇ ਖੰਡਰ ਪਏ ਮਕਾਨ ਦੀ ਛੱਤ ਨੂੰ ਜਾ ਰਹੀ ਪੌੜੀ ਵਿੱਚੋਂ ਅੱਜ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਥਾਣਾ ਮੁੱਲਾਂਪੁਰ ਗਰੀਬਦਾਸ ਦੇ ਐੱਸਐੱਚਓ ਸਤਿੰਦਰ ਸਿੰਘ ਤੇ ਜਾਂਚ ਅਫਸਰ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਾਅਦ ਦੁਪਹਿਰ ਫੋਨ ਆਇਆ ਸੀ ਕਿ ਬੱਸ ਅੱਡੇ ਨੇੜੇ ਖੰਡਰ ਪਏ ਮਕਾਨਾਂ ਕੋਲੋਂ ਬਦਬੂ ਮਾਰ ਰਹੀ ਹੈ। ਪੁਲੀਸ ਨੇ ਲਾਸ਼ ਨੂੰ ਖਰੜ ਹਸਪਤਾਲ ਭੇਜ ਦਿੱਤਾ ਹੈ। ਇਸੇ ਦੌਰਾਨ ਨਵਾਂ ਗਾਉਂ ਦੀ ਸ਼ਿਵਾਲਿਕ ਵਿਹਾਰ ਕਲੋਨੀ ਵਿੱਚ 55 ਸਾਲਾ ਵਕੀਲ ਦੀ ਲਾਸ਼ ਮਿਲੀ ਹੈ। ਉਸ ਦੀ ਪਛਾਣ ਜਸਕਰਨ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭਿਜਵਾ ਦਿੱਤਾ ਹੈ।