ਜਤਿੰਦਰ ਬੈਂਸ
ਗੁਰਦਾਸਪੁਰ, 24 ਜੂਨ
ਜ਼ਿਲ੍ਹਾ ਗੁਰਦਾਸਪੁਰ ਦੇ ਮਕੌੜਾ ਪੱਤਣ ਉੱਤੇ ਰਾਵੀ ਦਰਿਆ ਪਾਰਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਦਰਿਆ ਤੋਂ ਪੈਂਟੂਨ ਪੁਲ ਚੁੱਕਣ ਦੇ ਫ਼ੈਸਲੇ ਨੇ ਪ੍ਰੇਸ਼ਾਨ ਕੀਤਾ ਹੋਇਆ ਹੈ।
ਦਰਿਆ ਪਾਰ ਪੈਂਦੇ ਦਰਜਨਾਂ ਦੇ ਪਿੰਡਾਂ ਦੇ ਲੋਕਾਂ ਨੇ ਵਫ਼ਦ ਦੇ ਰੂਪ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲ ਕੇ ਪੈਂਟੂਨ ਪੁਲ ਚੁੱਕਣ ਤੋਂ ਪਹਿਲਾਂ ਖ਼ਸਤਾ ਹਾਲਤ ਕਿਸ਼ਤੀ ਹਟਾ ਕੇ ਨਵੀਂ ਕਿਸ਼ਤੀ ਪਾਉਣ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ ਇਨ੍ਹਾਂ ਦੇ ਪਿੰਡਾਂ ਦੇ ਲੋਕਾਂ ਦੇ ਵਫ਼ਦ ਨੇ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਝੰਡੇ ਹੇਠ ਪ੍ਰਸ਼ਾਸਨ ਨੂੰ ਮਿਲ ਕੇ ਸਮੱਸਿਆ ਤੋਂ ਜਾਣੂ ਕਰਵਾਇਆ ਹੈ। ਆਗੂਆਂ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਮਕੌੜਾ ਪੱਤਣ ‘ਤੇ ਦਰਿਆ ਉੱਤੇ ਲਾਂਘੇ ਲਈ ਆਰਜ਼ੀ ਪੈਂਟੂਨ ਪੁਲ ਪਾਇਆ ਗਿਆ ਹੈ।
ਜੁਲਾਈ ਮਹੀਨੇ ਵਿੱਚ ਬਰਸਾਤਾਂ ਦੌਰਾਨ ਪੈਂਟੂਨ ਪੁਲ ਹਟਾ ਲਿਆ ਜਾਂਦਾ ਹੈ ਅਤੇ ਇਨ੍ਹਾਂ ਦਿਨਾਂ ਦੌਰਾਨ ਦਰਿਆ ਪਾਰ ਕਰਨ ਲਈ ਇੱਕ ਮਾਤਰ ਸਹਾਰਾ ਕਿਸ਼ਤੀ ਰਹਿ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮਕੌੜਾ ਪੱਤਣ ਉੱਤੇ ਜੋ ਕਿਸ਼ਤੀ ਹੈ, ਬਹੁਤ ਹੀ ਖ਼ਸਤਾ ਹਾਲਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕਿਸ਼ਤੀ ਕਾਰਨ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਨਵੀਂ ਕਿਸ਼ਤੀ ਮੁਹੱਈਆ ਨਹੀਂ ਕਰਵਾਈ ਜਾਂਦੀ ਪੈਂਟੂਨ ਪੁਲ ਨਾ ਹਟਾਇਆ ਜਾਵੇ ਅਤੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।
ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਤਿਬੀਰ ਸਿੰਘ ਸੁਲਤਾਨੀ, ਤਰਲੋਕ ਸਿੰਘ ਬਹਿਰਾਮਪੁਰ, ਅਮਰੀਕ ਸਿੰਘ, ਬਿਕਰਮ ਸਿੰਘ, ਨਿਰਮਲ ਸਿੰਘ ਕਾਲਾ, ਕੁਲਦੀਪ ਸਿੰਘ, ਮੋਹਕਮ ਸਿੰਘ, ਮਹਿੰਦਰ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਨੂੰ 26 ਜੂਨ ਨੂੰ ਮੁੜ ਮਿਲਿਆ ਜਾਵੇਗਾ। ਜੇ ਨਵੀਂ ਕਿਸ਼ਤੀ ਮੁਹੱਈਆ ਕਰਵਾਏ ਬਗੈਰ ਪੈਂਟੂਨ ਪੁਲ ਹਟਾਇਆ ਜਾਂਦਾ ਹੈ ਤਾਂ ਅਗਲੀ ਰੂਪ-ਰੇਖਾ ਉੱਤੇ ਵਿਚਾਰ ਕੀਤਾ ਜਾਵੇਗਾ।