ਰਮੇਸ਼ ਭਾਰਦਵਾਜ
ਲਹਿਰਾਗਾਗਾ, 4 ਨਵੰਬਰ
ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਵਾਉਣ ਅਤੇ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਕੀਤੀਆਂ ਬਦਲੀਆਂ ਨੂੰ ਰੱਦ ਕਰਵਾਉਣ ਲਈ ਵਿਦਿਆਰਥੀਆਂ ਤੇ ਮਾਪੇ ਨਿੱਤ ਕਿਤੇ ਨਾ ਕਿਤੇ ਸਕੂਲਾਂ ਨੂੰ ਜਿੰਦਰੇ ਮਾਰ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾ ਰਹੇ ਹਨ। ਇਸੇ ਕੜੀ ਤਹਿਤ ਨੇੜਲੇ ਪਿੰਡ ਜਲੂਰ ਦੇ ਸਰਕਾਰੀ ਹਾਈ ਸਕੂਲ ਦੀ ਕੰਪਿਊਟਰ ਅਧਿਆਪਕਾ ਦੀ ਬਦਲੀ ਰੱਦ ਕਰਵਾਉਣ ਲਈ ਪਿੰਡ ਵਾਸੀਆਂ ਨੇ ਸਕੂਲ ਨੂੰ ਜਿੰਦਰਾ ਮਾਰ ਕੇ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਬਲਵੀਰ ਸਿੰਘ ਜਲੂਰ, ਗੁਰਵਿੰਦਰ ਸਿੰਘ ਸੂਚ, ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਰਾਮਫਲ ਸਿੰਘ, ਸਰਪੰਚ ਨੈਬ ਸਿੰਘ, ਪੰਚ ਪਰਮਦੀਪ ਸਿੰਘ ਅਤੇ ਨਵਦੀਪ ਸਿੰਘ ਸੋਨਾ ਆਦਿ ਨੇ ਦੱਸਿਆ ਕਿ ਸਕੂਲ ਦੀ ਕੰਪਿਊਟਰ ਅਧਿਆਪਕਾ ਦੀ ਬਦਲੀ ਵਿਭਾਗ ਵੱਲੋਂ ਕਰ ਦਿੱਤੀ ਗਈ ਹੈ ਜਿਸ ਨੂੰ ਸਕੂਲ ਵਿੱਚੋਂ ਰਿਲੀਵ ਕੀਤਾ ਜਾਣਾ ਸੀ। ਅਧਿਆਪਕਾ ਦੀ ਬਦਲੀ ਰੁਕਵਾਉਣ ਲਈ ਅੱਜ ਸਮੂਹ ਪਿੰਡ ਵਾਸੀਆਂ ਵੱਲੋਂ ਸਕੂਲ ਨੂੰ ਜਿੰਦਰਾ ਮਾਰ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਧਰਨਾ ਸੰਕੇਤਕ ਧਰਨਾ ਹੈ। ਜੇਕਰ ਵਿਭਾਗ ਵੱਲੋਂ ਉਕਤ ਅਧਿਆਪਕਾ ਦੀ ਬਦਲੀ ਰੱਦ ਨਾ ਕੀਤੀ ਗਈ ਤਾਂ ਸੰਘਰਸ਼ ਤੇਜ਼ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਬਲਵਿੰਦਰ ਸਿੰਘ ਜਲੂਰ, ਮਨਦੀਪ ਸਿੰਘ, ਦਵਿੰਦਰਪਾਲ ਸਿੰਘ, ਮੰਟੂ ਚਹਿਲ, ਗੁਰਪ੍ਰੀਤ ਸਿੰਘ, ਡਾ. ਰਿੰਕੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
ਉੱਧਰ, ਕੰਪਿਊਟਰ ਅਧਿਆਪਕਾ ਹਰਮੀਤ ਕੌਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੀ ਰਿਹਾਇਸ਼ ਭਵਾਨੀਗੜ੍ਹ ਨੇੜੇ ਪਿੰਡ ਫੱਗੂਵਾਲਾ ਦੇ ਸਕੂਲ ਵਿੱਚ ਬਦਲੀ ਕਰਵਾਉਣ ਲਈ ਵਿਭਾਗ ਕੋਲ ਅਰਜ਼ੀ ਦਿੱਤੀ ਗਈ ਸੀ ਪਰ ਤਕਨੀਕੀ ਗਲਤੀ ਕਾਰਨ ਉਨ੍ਹਾਂ ਦੀ ਬਦਲੀ ਪਿੰਡ ਬਘਰੌਲ ਦੀ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਹੁਣ ਉਹ ਵਿਭਾਗ ਨੂੰ ਬੇਨਤੀ ਕਰਨਗੇ ਕਿ ਉਨ੍ਹਾਂ ਦੀ ਬਦਲੀ ਰੱਦ ਕੀਤੀ ਜਾਵੇ। ਉੱਧਰ, ਇਸ ਸਬੰਧੀ ਸਕੂਲ ਦੇ ਇੰਚਾਰਜ ਸੁਖਦੇਵ ਸਿੰਘ ਭੁਟਾਲ ਨੇ ਦੱਸਿਆ ਕਿ ਕੰਪਿਊਟਰ ਅਧਿਆਪਕਾ ਦੀ ਹੋਈ ਬਦਲੀ ਤਹਿਤ ਅੱਜ ਉਨ੍ਹਾਂ ਨੂੰ ਰਿਲੀਵ ਕੀਤਾ ਜਾਣਾ ਸੀ ਪਰ ਪਿੰਡ ਵਾਸੀਆਂ ਵੱਲੋਂ ਬਦਲੀ ਰੱਦ ਕਰਵਾਉਣ ਲਈ ਸਕੂਲ ਨੂੰ ਜਿੰਦਰਾ ਮਾਰ ਕੇ ਧਰਨਾ ਦਿੱਤਾ ਗਿਆ। ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਹੈ ਜਿਨ੍ਹਾਂ ਨੇ ਉਕਤ ਅਧਿਆਪਕਾ ਨੂੰ ਇੱਕ ਹਫ਼ਤਾ ਹੋਰ ਰਿਲੀਵ ਨਾ ਕਰਨ ਲਈ ਕਿਹਾ ਹੈ।
ਕਿਸਾਨ ਜਥੇਬੰਦੀਆਂ, ਪੰਚਾਇਤ ਅਤੇ ਕਲੱਬ ਵੱਲੋਂ ਦਿੱਤੇ ਗਏ ਮੰਗ ਪੱਤਰ ਉੱਚ ਅਧਿਕਾਰੀਆਂ ਨੂੰ ਭੇਜ ਕੇ ਅਧਿਆਪਕਾ ਦੀ ਬਦਲੀ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ।
ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਭਵਿੱਖ ਵਿੱਚ ਸਿੱਖਿਆ ਵਿਭਾਗ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਪਿੰਡ ਵਾਸੀਆਂ ਦੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ।