ਹਰਦੀਪ ਸਿੰਘ
ਫਤਹਿਗੜ੍ਹ ਪੰਜਤੂਰ, 4 ਨਵੰਬਰ
ਲੰਘੇ ਤਿੰਨ ਦਹਾਕਿਆਂ ਤੋਂ ਪੰਜਾਬ ਰੋਡਵੇਜ਼ ਫਿਰੋਜ਼ਪੁਰ ਡਿਪੂ ਦੀਆਂ ਦੋ ਬੱਸਾਂ ‘ਹਵਾਈ’ ਰੂਟ ‘ਤੇ ਹੀ ਚੱਲ ਰਹੀਆਂ ਹਨ। ਬੱਸਾਂ ਦੇ ਅਧਿਕਾਰਤ ਰੂਟ ਪਰਮਿਟ ਹੋਣ ਦੇ ਬਾਵਜੂਦ ਫਿਰੋਜ਼ਪੁਰ ਡਿਪੂ ਪ੍ਰਸ਼ਾਸਨ ਇਨ੍ਹਾਂ ਨੂੰ ਰੂਟ ‘ਤੇ ਚੜ੍ਹਾਉਣ ਤੋਂ ਇਨਕਾਰੀ ਹੈ। ਜਦੋਂ ਕਿ ਪੰਜਾਬ ਦਾ ਟਰਾਂਸਪੋਰਟ ਵਿਭਾਗ ਹੁਣ ਤੱਕ ਬੱਸਾਂ ਦੇ ਰੂਟ ਪਰਮਿਟਾਂ ‘ਤੇ ਕਰੋੜਾਂ ਰੁਪਏ ਟੈਕਸ ਅਦਾ ਕਰ ਚੁੱਕਾ ਹੈ। 27 ਸਾਲ ਤੋਂ ਬੰਦ ਫਤਿਹਗੜ੍ਹ ਪੰਜਤੂਰ ਤੋਂ ਕ੍ਰਮਵਾਰ ਜਲੰਧਰ ਅਤੇ ਫਾਜ਼ਿਲਕਾ ਦੇ ਪਰਮਿਟ ਤਾਂ ਲਗਾਤਾਰ ਨਵਿਆਏ ਜਾ ਰਹੇ ਹਨ। ਇਹ ਪਰਮਿਟ ਪਹਿਲਾਂ ਤਿੰਨ-ਤਿੰਨ ਸਾਲ ਲਈ ਨਵਿਆਏ ਜਾਂਦੇ ਸਨ ਜਦੋਂ ਕਿ ਹੁਣ 2021 ਤੋਂ ਇਹ ਪੰਜ ਸਾਲ ਲਈ ਰੀਨਿਊ ਕੀਤੇ ਗਏ ਹਨ।
ਜਾਣਕਾਰੀ ਮੁਤਾਬਕ ਸਾਲ 1973 ਤੋਂ 2026 ਤਕ ਇਨ੍ਹਾਂ ਦੋਹਾਂ ਸਰਕਾਰੀ ਬੱਸਾਂ ਦੇ ਰੂਟ ਪਰਮਿਟਾਂ ਦੀ ਮਿਆਦ ਡਿਪੂ ਦੇ ਰਿਕਾਰਡ ਵਿੱਚ ਦਰਜ ਹੈ। ਸਾਲ 1995 ਵਿੱਚ ਉਕਤ ਦੋਨਾਂ ਬੱਸਾਂ ਨੂੰ ਬੰਦ ਕੀਤਾ ਗਿਆ ਸੀ। ਵਿਭਾਗ ਦੇ ਉਪਰਲੇ ਅਧਿਕਾਰੀਆਂ ਪਾਸ ਇਨ੍ਹਾਂ ਬੱਸਾਂ ਦੇ ਬੰਦ ਹੋਣ ਦੀ ਕੋਈ ਸੂਚਨਾ ਨਹੀਂ ਹੈ। ਇਹ ਵੀ ਜਾਣਕਾਰੀ ਮਿਲੀ ਹੈ ਉਕਤ ਬੱਸਾਂ ਵਿਚੋਂ ਇਕ ਬੱਸ ਜ਼ੀਰਾ ਤੋਂ ਵਾਇਆ ਧਰਮਕੋਟ ਜਲੰਧਰ ਚਲਾਈ ਜਾ ਰਹੀ ਹੈ ਅਤੇ ਦੂਸਜੀ ਬੱਸ ਜ਼ੀਰਾ ਫਿਰੋਜ਼ਪੁਰ ਫਾਜ਼ਿਲਕਾ ਚੱਲ ਰਹੀ ਹੈ। ਡਿਪੂ ਅਧਿਕਾਰੀਆਂ ਵੱਲੋਂ ਉਕਤ ਬੱਸਾਂ ਦੇ ਰੂਟ ਦੇ ਚੱਲਣ ‘ਤੇ ਲਗਾਈ ਅਣਐਲਾਨੀ ਸੈਂਸਰਸ਼ਿਪ ਸਦਕਾ ਵਿਧਾਨ ਸਭਾ ਹਲਕਾ ਜ਼ੀਰਾ ਅਤੇ ਧਰਮਕੋਟ ਦੇ ਲਗਪਗ ਤਿੰਨ ਦਰਜਨ ਪਿੰਡਾਂ ਦੇ ਲੋਕ ਸਰਕਾਰੀ ਬੱਸ ਸਹੂਲਤਾਂ ਤੋਂ ਵਾਂਝੇ ਰਹਿ ਰਹੇ ਹਨ। ਉਕਤ ਸਾਰੇ ਪਿੰਡ ਦਰਿਆ ਸਤਲੁਜ ਨਾਲ ਸਬੰਧਤ ਅਤੇ ਫਤਹਿਗੜ੍ਹ ਪੰਜਤੂਰ ਕਸਬੇ ਦੇ ਘੇਰੇ ਹੇਠ ਆਉਂਦੇ ਹਨ। ਉਕਤ ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਅਤੇ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਇਹ ਸਾਰਾ ਮਾਮਲਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਧਿਆਨ ਵਿਚ ਲਗਪਗ ਦੋ ਮਹੀਨੇ ਪਹਿਲਾਂ ਲਿਆਂਦਾ ਗਿਆ ਸੀ। ਦੋਹਾਂ ਹਲਕਿਆਂ ਦੀਆਂ ਸਾਂਝੀਆਂ ਪੰਚਾਇਤਾਂ ਵੱਲੋਂ ਇਕ ਪੱਤਰ ਟਰਾਂਸਪੋਰਟ ਮੰਤਰੀ ਰਾਹੀਂ ਡਾਇਰੈਕਟਰ ਟਰਾਂਸਪੋਰਟ ਪੰਜਾਬ ਨੂੰ ਭੇਜ ਕੇ ਇਨ੍ਹਾਂ ਬੰਦ ਬੱਸਾਂ ਨੂੰ ਤੁਰੰਤ ਸ਼ੁਰੂ ਕਰਨ ਦੀ ਮੰਗ ਕੀਤੀ ਸੀ ਲੇਕਿਨ ਅਧਿਕਾਰੀਆਂ ਵੱਲੋਂ ਮਾਮਲੇ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਗਿਆ।
ਕੀ ਕਹਿੰਦੇ ਨੇ ਫਿਰੋਜ਼ਪੁਰ ਡਿਪੂ ਦੇ ਟ੍ਰੈਫਿਕ ਮੈਨੇਜਰ
ਮਾਮਲੇ ਸਬੰਧੀ ਜਦੋਂ ਪੰਜਾਬ ਰੋਡਵੇਜ਼ ਫਿਰੋਜ਼ਪੁਰ ਡਿਪੂ ਦੇ ਟਰੈਫਿਕ ਮੈਨੇਜਰ ਨਛੱਤਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਉਕਤ ਬੱਸਾਂ ਸਟਾਫ ਦੀ ਘਾਟ ਕਾਰਨ ਹੀ ਰੂਟ ‘ਤੇ ਨਹੀਂ ਚੜ੍ਹ ਰਹੀਆਂ ਹਨ। ਡਿਪੂ ਪਾਸ ਬੱਸਾਂ ਤਾਂ ਉਪਲੱਬਧ ਹਨ ਲੇਕਿਨ ਲੰਘੇ ਕਈ ਸਾਲਾਂ ਤੋਂ ਇਨ੍ਹਾਂ ਨੂੰ ਚਲਾਉਣ ਲਈ ਡਰਾਈਵਰ ਕੰਡਕਟਰ ਉਪਲੱਬਧ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਡਿਪੂ ਪ੍ਰਸ਼ਾਸਨ ਵੱਲੋਂ ਉੱਚ ਅਧਿਕਾਰੀਆਂ ਨੂੰ ਵੀ ਸਟਾਫ ਦੀ ਘਾਟ ਸਬੰਧੀ ਜਾਣੂ ਕਰਵਾਇਆ ਹੋਇਆ ਹੈ। ਕਿਸੇ ਹੋਰ ਰੂਟ ‘ਤੇ ਉਕਤ ਬੱਸਾਂ ਚਲਾਏ ਜਾਣ ਦੇ ਖ਼ਦਸ਼ੇ ਨੂੰ ਉਨ੍ਹਾਂ ਰੱਦ ਕਰ ਦਿੱਤਾ।