ਪੱਤਰ ਪ੍ਰੇਰਕ
ਪਟਿਆਲਾ, 24 ਜੂਨ
ਡਕਾਲਾ-ਸੂਲਰ ਚੌਕ ਤੋਂ ਬੰਨ੍ਹੇ ਵਾਲੀ ਸੜਕ ‘ਤੇ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਗਏ ਹਨ। ਲੋਕਾਂ ਨੇ ਕੂੜਾ-ਕਰਕਟ ਤੇ ਮਰੇ ਹੋਏ ਪਸ਼ੂ ਸੁੱਟ ਕੇ ਇਸ ਸੜਕ ਨੂੰ ਕੂੜੇ ਦਾ ਡੰਪ ਬਣਾ ਦਿੱਤਾ ਹੈ। ਇਨ੍ਹਾਂ ਗੰਦਗੀ ਦੇ ਢੇਰਾਂ ‘ਤੇ ਮਰੇ ਜਾਨਵਰਾਂ ਦੀ ਬਦਬੂ ਕਾਰਨ ਜਿੱਥੇ ਰਾਹਗੀਰਾਂ ਦਾ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ, ਉੱਥੇ ਹੀ ਇਸ ਚੌਕ ਤੋਂ ਕੁਝ ਕਦਮਾਂ ‘ਤੇ ਹੀ ਸੂਲਰ ਪਿੰਡ ਸ਼ੁਰੂ ਹੋ ਜਾਂਦਾ ਹੈ। ਇੱਥੇ ਰਹਿਣ ਵਾਲੇ ਲੋਕਾਂ ਦਾ ਬਦਬੂ ਕਾਰਨ ਰਹਿਣਾ ਮੁਹਾਲ ਹੋਇਆ ਪਿਆ ਹੈ ਅਤੇ ਉਨ੍ਹਾਂ ਨੂੰ ਇਸ ਤੋਂ ਬਿਮਾਰੀਆਂ ਫੈਲਣ ਦਾ ਡਰ ਸਤਾ ਰਿਹਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਜਿੱਥੇ ਇਹ ਗੰਦਗੀ ਸੁੱਟੀ ਜਾ ਰਹੀ ਹੈ, ਉਹ ਜਗ੍ਹਾ ਜੰਗਲਾਤ ਵਿਭਾਗ ਦੀ ਹੈ ਪਰ ਵਿਭਾਗ ਵੱਲੋਂ ਇਸ ਨੂੰ ਰੋਕਣ ਲਈ ਉਪਰਾਲਾ ਕਰਨਾ ਤਾਂ ਦੂਰ ਉਹ ਬੀੜ ‘ਚ ਲੱਗੇ ਗੰਦਗੀ ਦੇ ਢੇਰਾਂ ਤੇ ਨਾਜਾਇਜ਼ ਹੱਡਾ ਰੋੜੀ ਤੋਂ ਵੀ ਅਣਜਾਣ ਹੈ।
ਇਸ ਸੜਕ ‘ਤੇ ਕਈ ਪਿੰਡਾਂ ਦਾ ਕੂੜਾ, ਗੋਹਾ, ਕੈਮੀਕਲ ਵੇਸਟਜ਼ ਵੱਡੀ ਪੱਧਰ ‘ਤੇ ਰਾਤ-ਬਰਾਤ ਸੁੱਟ ਦਿੱਤਾ ਜਾਂਦਾ ਹੈ। ਰੇਂਜ ਅਫ਼ਸਰ ਸਵਰਨ ਸਿੰਘ ਨੇ ਕਿਹਾ ਕਿ ਇਸ ਬਾਰੇ ਉਹ ਜਾਂਚ ਕਰਵਾਉਣਗੇ, ਜੇਕਰ ਕਿਤੇ ਕੁਤਾਹੀ ਮਿਲੀ ਤਾਂ ਉਹ ਇਸ ਦਾ ਹੱਲ ਕਰਨਗੇ।