ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 10 ਜੂਨ
ਇਥੋਂ ਦੀ ਰਵਿਦਾਸਪੁਰਾ ਟਿੱਬੀ ਦੇ ਮਜ਼ਦੂਰ ਪਰਿਵਾਰਾਂ ਦੀ ਰਿਹਾਈ ਅਤੇ ਘੁੱਗ ਵਸਦੇ ਪਰਿਵਾਰਾਂ ਦੇ ਉਜਾੜੇ ਨੂੰ ਰੋਕਣ ਖਾਤਰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਛੇੜਿਆ ਸੰਘਰਸ਼ ਅੱਜ 10ਵੇਂ ਦਿਨ ਵੀ ਜਾਰੀ ਰਿਹਾ। ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਅੱਗੇ ਚੱਲ ਰਹੇ ਮੋਰਚੇ ਦੌਰਾਨ ਮਜ਼ਦੂਰ ਪਰਿਵਾਰਾਂ ਨੇ ਮੰਗਾਂ ਮੰਨੇ ਜਾਣ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਹੋਇਆ ਹੈ। ਜਥੇਬੰਦੀ ਦੇ ਸੂਬਾਈ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਅਤੇ ਸੀਪੀਆਈ (ਐੱਮਐਲ) ਲਿਬਰੇਸ਼ਨ ਪਾਰਟੀ ਦੇ ਸੂਬਾ ਆਗੂ ਕਾਮਰੇਡ ਹਰਭਗਵਾਨ ਭੀਖੀ ਨੇ ਕਿਹਾ ਕਿ ਜਲੰਧਰ ਦੇ ਲਤੀਫਪੁਰਾ ਪਿੰਡ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਮਜ਼ਦੂਰਾਂ ਦੇ ਘਰ ਢਾਹੇ ਗਏ ਸਨ, ਉਸੇ ਦੀ ਤਰਜ ‘ਤੇ ਰਵਿਦਾਸਪੁਰਾ ਟਿੱਬੀ ਦੇ ਮਜ਼ਦੂਰਾਂ ਦੇ ਘਰਾਂ ਦਾ ਉਜਾੜਾ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਹੱਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਮਜ਼ਦੂਰ ਪਰਿਵਾਰਾਂ ਨਾਲ ਕੀਤੇ ਵਾਅਦੇ ਤੋਂ ਭੱਜ ਰਹੇ ਹਨ ਜਿਸ ਕਾਰਨ ਮਜ਼ਦੂਰ ਪਰਿਵਾਰਾਂ ਨੇ 14 ਜੂਨ ਨੂੰ ਸੁਨਾਮ ਸ਼ਹਿਰ ਵਿੱਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੋਇਆ ਹੈ। ਧਰਨੇ ਵਿਚ ਸੀਪੀਆਈ (ਐੱਮ.ਐਲ) ਲਿਬਰੇਸ਼ਨ ਪਾਰਟੀ ਦੇ ਜ਼ਿਲ੍ਹਾ ਮਾਨਸਾ ਦੇ ਆਗੂ ਬਲਵਿੰਦਰ ਸਿੰਘ ਘਰਾਂਗਣਾ, ਸਰਦੂਲਗੜ੍ਹ ਦੇ ਬਲਾਕ ਪ੍ਰਧਾਨ ਕਾਮਰੇਡ ਦਰਸ਼ਨ ਸਿੰਘ ਦਾਨੇਵਾਲਾ, ਜ਼ਿਲ੍ਹਾ ਸੰਗਰੂਰ ਦੇ ਆਗੂ ਰਘਬੀਰ ਸਿੰਘ ਜਵੰਧਾ, ਪ੍ਰੈੱਸ ਸਕੱਤਰ ਕੁਲਵੰਤ ਛਾਜਲੀ, ਬਲਾਕ ਆਗੂ ਧਰਮਪਾਲ ਸਿੰਘ, ਸ਼ਹੀਦ ਊਧਮ ਸਿੰਘ ਮੋਟਰਸਾਈਕਲ ਰੇਹੜੀ ਯੂਨੀਅਨ ਦੇ ਪ੍ਰਧਾਨ ਜਰਨੈਲ ਸਿੰਘ ਜਖੇਪਲ, ਮਜ਼ਦੂਰ ਮੁਲਾਜ਼ਮ ਤਾਲਮੇਲ ਕਮੇਟੀ ਦੇ ਆਗੂ ਗੁਰਚਰਨ ਸਿੰਘ, ਬਲਵਿੰਦਰ ਸਿੰਘ, ਘੁਮੰਡ ਸਿੰਘ ਖਾਲਸਾ ਉਗਰਾਹਾਂ, ਗੁਰਮੇਲ ਕੌਰ ਸਾਈਂ ਕਲੋਨੀ, ਹਰਦੀਪ ਕੌਰ, ਰਿੰਕੂ ਸਿੰਘ ਤੇ ਕਾਮਰੇਡ ਜਸਵੀਰ ਸਿੰਘ ਸਰਾਓ ਨੇ ਸੰਬੋਧਨ ਕੀਤਾ।