ਪੱਤਰ ਪ੍ਰੇਰਕ
ਜਗਰਾਉਂ, 27 ਜੂਨ
ਵਿਸ਼ਵ ਨਸ਼ਾ ਮੁਕਤੀ ਦਿਵਸ ਮੌਕੇ ਸਬ-ਡਿਵੀਜ਼ਨ ਦੇ ਉਪ-ਮੰਡਲ ਮੈਜਿਸਟਰੇਟ ਮਨਜੀਤ ਕੌਰ ਵੱਲੋਂ ਇੱਥੋਂ ਦੇ ਨਸ਼ਾ ਛੁਡਾਊ ਕੇਂਦਰਾਂ ਦਾ ਦੌਰਾ ਕੀਤਾ ਗਿਆ ਅਤੇ ਨਸ਼ੇ ਦੀ ਦਲਦਲ ‘ਚ ਫਸੇ ਲੋਕਾਂ ਦੀਆਂ ਸਮੱਸਿਆਂਵਾ ਸੁਣੀਆਂ ਗਈਆਂ। ਉਪ-ਮੰਡਲ ਮੈਜਿਸਟਰੇਟ ਮਨਜੀਤ ਕੌਰ ਨੇ ਨਸ਼ੇ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਪ੍ਰੇਰਦਿਆਂ ਆਖਿਆ ਕਿ ਨਸ਼ੇ ਮਨੁੱਖੀ ਸਰੀਰ ਦਾ ਵੱਡਾ ਨੁਕਸਾਨ ਕਰਦੇ ਹਨ।
ਨਸ਼ੇ ਦਾ ਅਦੀ ਵਿਅਕਤੀ ਦੀ ਚੰਗਾ ਸੋਚਣ ਆਤੇ ਚੰਗਾ ਕਰਨ ਦੀ ਪ੍ਰਵਿਰਤੀ ਖਤਮ ਹੋ ਜਾਂਦੀ ਹੈ। ਨਸ਼ੇ ਦੀ ਪੂਰਤੀ ਲਈ ਵਿਅਕਤੀ ਕਿਸੇ ਵੀ ਹੱਦ ਤੱਕ ਜਾ ਕੇ ਅਪਰਾਧ ਕਰ ਸਕਦਾ ਹੈ। ਅਜਿਹੇ ਵਿਅਕਤੀ ਸਿਰਫ ਤੇ ਸਿਰਫ ਨਸ਼ੇ ਬਾਰੇ ਹੀ ਸੋਚਦੇ ਹਨ, ਉਨ੍ਹਾਂ ਨੂੰ ਕਿਸੇ ਨਾਲ ਵੀ ਪਿਆਰ ਸਤਿਕਾਰ ਨਹੀਂ ਰਹਿੰਦਾ। ਕੁਦਰਤੀ ਵਾਤਾਵਰਨ ਅਤੇ ਖੁਸ਼ਗਵਾਰ ਮਹੌਲ ਨਸ਼ੇੜੀ ਵਿਅਕਤੀ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਰਾਹ ਦਸੇਰਾ ਬਣਦਾ ਹੈ, ਜਿੱਥੇ ਉਨ੍ਹਾਂ ਨਸ਼ਾ ਕਰਨ ਵਾਲੇ ਨੌਜਵਾਨਾ ਦੀਆਂ ਸਮੱਸਿਆਂਵਾਂ ਬਾਰੇ ਜਾਣਿਆਂ ਅਤੇ ਹੱਲ ਲਈ ਭਰੋਸਾ ਦਿੱਤਾ, ਉਥੇ ਉਂਨ੍ਹਾਂ ਆਮ ਜੀਵਨ ਬਸਰ ਕਰਨ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ’ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਯਤਨ ਕਰਨ ਤੇ ਉਨ੍ਹਾਂ ਨਾਲ ਨਫਰਤ ਨਾ ਕਰਨ। ਨਸ਼ੇ ਕਰਨ ਵਾਲਾ ਵਿਅਕਤੀ ਪਿਆਰ ਨਾਲ ਨਸ਼ੇ ਤਿਆਗ ਕੇ ਚੰਗੇ ਰਸਤੇ ਪੈ ਸਕਦਾ ਹੈ। ਇਸ ਮੌਕੇ ਸਿਵਲ ਹਸਪਤਾਲ ਦੇ ਮਹਿਰਾਂ ਤੋਂ ਇਲਾਵਾ ਤਹਿਸੀਲਦਾਰ ਮਨਮੋਹਨ ਕੌਸ਼ਿਕ ਵੀ ਹਾਜ਼ਰ ਸਨ।
ਤਪੋੋਬਣ ਢੱਕੀ ਸਾਹਿਬ ਵਿਖੇ ਨਸ਼ਾ ਵਿਰੋਧੀ ਦਿਵਸ ਮਨਾਇਆ
ਪਾਇਲ(ਪੱਤਰ ਪ੍ਰੇਰਕ): ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿੱਚ ਸੰਤ ਦਰਸ਼ਨ ਸਿੰਘ ਖਾਲਸਾ ਦੀ ਦੇਖ ਰੇਖ ਹੇਠ 27ਵਾਂ ਕੌਮਾਤਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਵਿਚਾਰ ਰੱਖੇ। ਸੰਤ ਦਰਸ਼ਨ ਸਿੰਘ ਖਾਲਸਾ ਨੇ ਪੱਤਰਕਾਰਾਂ ਦੇ ਰੂ-ਬ-ਰੂ ਹੁੰਦਿਆਂ ਦੱਸਿਆ ਕਿ ਢੱਕੀ ਸਹਿਬ ਵਿੱਚ 1996 ਤੋਂ ਲਗਾਤਾਰ ਨਸ਼ਿਆ ਨਾਲ ਪੀੜਤ ਮਰੀਜ਼ਾਂ ਨੂੰ ਡਾਕਟਰੀ ਸਹਾਇਤਾ ਰਾਹੀ ਬਿਨਾਂ ਕਿਸੇ ਤਕਲੀਫ ਦੇ ਨਸ਼ਾ ਛੱਡਣ ਲਈ ਬਿਨਾਂ ਦਾਖਲ ਕੀਤੇ ਅਤੇ ਬਿਨਾਂ ਕਿਸੇ ਫੀਸ ਜਾਂ ਸਰੀਰਕ ਕਸ਼ਟ ਦਿਤੇ ਹਜ਼ਾਰਾਂ ਮਰੀਜਾਂ ਦੇ ਨਸ਼ੇ ਛੁਡਾਏ ਗਏ। ਉਹਨਾਂ ਦੱਸਿਆ ਕਿ ਇੱਥੇ ਗੁਰਬਾਣੀ ਦੇ ਆਸੇ ਅਨੁਸਾਰ ਜੀਵਨ ਜਿਉਣ ਦੀ ਸੰਗਤੀ ਰੂਪ ਵਿੱਚ ਜਾਂਚ ਸਿਖਾਈ ਜਾਦੀ ਹੈ। ਇਸ ਮੌਕੇ ਭਾਈ ਗੁਰਦੀਪ ਸਿੰਘ, ਭਾਈ ਕੜਾਕਾ ਸਿੰਘ, ਭਾਈ ਜੀਤ ਸਿੰਘ ਮਕਸੂਦੜਾ, ਬਾਬਾ ਗੁਰਦੇਵ ਸਿੰਘ ਮਕਸੂਦੜਾ, ਗਿਆਨ ਸਿੰਘ ਪੀਏ, ਭਾਈ ਜਸਵੀਰ ਸਿੰਘ ਡੇਰਾ ਮਹਿੰਮਾ ਸਾਹੀ ਲੋਪੋਂ, ਜਸਵਿੰਦਰ ਸਿੰਘ ਰਾਜੀ ਅਤੇ ਹਰਕੀਰਤ ਸਿੰਘ ਫੈਜਗੜ੍ਹ ਆਦਿ ਨੇ ਵਿਚਾਰ ਸਾਂਝੇ ਕੀਤੇ।