ਪੱਤਰ ਪ੍ਰੇਰਕ
ਲਹਿਰਾਗਾਗਾ, 26 ਜੂੁਨ
ਇੱਥੇ ਥਾਣੇ ਅਧੀਨ ਆਉਂਦੇ ਨੇੜਲੇ ਪਿੰਡ ਲੇਹਲ ਕਲਾਂ ਦੇ ਨੌਜਵਾਨ ਨੇ ਜਾਖਲ ਹਰਿਆਣਾ ਕੋਲੋਂ ਲੰਘਦੀ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਥਾਣਾ ਮੁਖੀ ਜਾਖਲ ਇੰਸਪੈਕਟਰ ਜਗਦੀਸ਼ ਚੰਦਰ ਨੇ ਦੱਸਿਆ ਕਿ ਪਿੰਡ ਲੇਹਲ ਕਲਾਂ ਦਾ ਗੁਰਪਿਆਰ ਸਿੰਘ ਪੁੱਤਰ ਬੰਤਾ ਸਿੰਘ 18-19 ਸਾਲ ਦਾ ਸੀ, ਜੋ ਦੋ ਭੈਣਾਂ ਤੇ ਆਪਣੇ ਇੱਕ ਭਰਾ ਤੋਂ ਵੱਡਾ ਸੀ ਅਤੇ ਕੁਆਰਾ ਸੀ। ਉਸ ਨੇ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਜਾਨ ਦੇ ਦਿੱਤੀ। ਮ੍ਰਿਤਕ ਦੇ ਪਿਤਾ ਬੰਤਾ ਸਿੰਘ ਦੇ ਬਿਆਨਾਂ ਮੁਤਾਬਿਕ ਮ੍ਰਿਤਕ ਦੀ ਮਾਤਾ ਅਤੇ ਉਸ ਦੇ ਕਥਿਤ ਪ੍ਰੇਮੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਗੁਰਪਿਆਰ ਸਿੰਘ ਦੀ ਮਾਤਾ ਕਮਲੇਸ਼ ਕੌਰ ਦੇ ਪਿੰਡ ਦੇ ਹੀ ਵਿਅਕਤੀ ਨਾਲ ਪ੍ਰੇਮ ਸਬੰਧ ਸਨ। ਇਸ ਤੋਂ ਗੁਰਪਿਆਰ ਸਿੰਘ ਪ੍ਰੇਸ਼ਾਨ ਰਹਿੰਦਾ ਸੀ। ਗੁਰਪਿਆਰ ਸਿੰਘ ਆਪਣੇ ਦੋ ਸਾਥੀਆਂ ਨਾਲ ਮੋਟਰਸਾਇਕਲ ‘ਤੇ ਜਾ ਰਿਹਾ ਸੀ। ਭਾਖੜਾ ਨਹਿਰ ਕੰਢੇ ਜਾ ਕੇ ਉਸ ਨੇ ਆਪਣੇ ਦੋਸਤਾਂ ਨੂੰ ਕਿਹਾ ਕਿ ਉਸ ਨੇ ਪਿਸ਼ਾਬ ਕਰਨਾ ਹੈ, ਇਸ ਬਹਾਨੇ ਹੀ ਭਾਖੜਾ ਕੋਲ ਜਾ ਕੇ ਉਸ ਨੇ ਛਾਲ ਮਾਰ ਦਿੱਤੀ।
ਉਸ ਨੂੰ ਬਚਾਉਣ ਲਈ ਦੂਜੇ ਦੋਸਤ ਭਾਨ ਸਿੰਘ ਨੇ ਛਾਲ ਮਾਰੀ ਪ੍ਰੰਤੂ ਉਹ ਗੁਰਪਿਆਰ ਸਿੰਘ ਨੂੰ ਬਚਾਅ ਨਾ ਸਕਿਆ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅੱਜ ਲਹਿਲ ਕਲਾਂ ਵਿੱਚ ਸਸਕਾਰ ਕਰ ਦਿੱਤਾ ਗਿਆ।
ਥਾਣਾ ਮੁਖੀ ਇੰਸਪੈਕਟਰ ਜਗਦੀਸ਼ ਚੰਦਰ ਨੇ ਦੱਸਿਆ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਪਿੰਡ ਲੇਹਲ ਕਲਾਂ ਦੀ ਪੰਚਾਇਤ ਨੇ ਸਰਕਾਰ ਕੋਲੋਂ ਸਬੰਧਤ ਪਰਿਵਾਰ ਦੀ ਆਰਥਿਕ ਮੱਦਦ ਕਰਨ ਦੀ ਅਪੀਲ ਕੀਤੀ ਹੈ।
ਪਿੰਡ ਨੰਗਲਾ ਦੇ ਖੇਤ ਮਜ਼ਦੂਰ ਨੇ ਘਰੇ ਫਾਹਾ ਲਿਆ
ਲਹਿਰਾਗਾਗਾ (ਪੱਤਰ ਪ੍ਰੇਰਕ): ਇੱਥੇ ਨੇੜਲੇ ਪਿੰਡ ਨੰਗਲਾ ਦੇ ਖੇਤ ਮਜ਼ਦੂਰ ਰਾਮ ਸਿੰਘ ਨੇ ਆਪਣੇ ਘਰ ਫਾਹਾ ਲੈ ਲਿਆ। ਪਰਿਵਾਰ ਵੱਲੋਂ ਕਥਿਤ ਪੁਲੀਸ ਕਾਰਵਾਈ ਤੋਂ ਡਰਦਿਆਂ ਉਸ ਦਾ ਸਸਕਾਰ ਕਰ ਦਿੱਤਾ ਹੈ। ਇਸ ਦੀ ਸੂਚਨਾ ਪੁਲੀਸ ਨੂੰ ਨਹੀਂ ਦਿੱਤੀ ਗਈ ਤੇ ਨਾ ਹੀ ਪੋਸਟਮਾਰਟਮ ਕਰਵਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰ ਗੁਰਮੇਲ ਸਿੰਘ ਨੰਗਲਾ, ਸੋਮਨਾਥ ਸਰਮਾ, ਨੰਬਰਦਾਰ ਕਰਨਬੀਰ ਸਿੰਘ, ਹਰੀ ਸਿੰਘ ਨੰਗਲਾ ਸਮੇਤ ਪਿੰਡ ਅਤੇ ਸਮੁੱਚੇ ਇਲਾਕੇ ਦੀਆਂ ਸ਼ਖ਼ਸੀਅਤਾਂ ਅਨੁਸਾਰ ਰਾਮ ਸਿੰਘ ਪੁੱਤਰ ਸੰਤ ਸਿੰਘ ਵਾਸੀ ਨੰਗਲਾ ਦੀ ਹਾਲਤ ਕਾਫੀ ਕਮਜ਼ੋਰ ਹੈ। ਉਹ ਪਿਛਲੇ ਕਈ ਦਿਨਾਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਉਸ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਫਾਹਾ ਲੈ ਲਿਆ।