ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਜੂਨ
ਨਸ਼ਾ ਪੂਰਤੀ ਦੇ ਨਾਲ-ਨਾਲ ਸ਼ਾਰਟ ਕੱਟ ਤਰੀਕੇ ਨਾਲ ਪੈਸੇ ਕਮਾਉਣ ਲਈ ਹੈਰੋਇਨ ਦੀ ਤਸਕਰੀ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਲੁਧਿਆਣਾ ਪੁਲੀਸ ਦੇ ਐਂਟੀ ਨਾਰਕੋਟਿਕਸ ਵਿਭਾਗ 1 ਤੇ 2 ਦੀ ਟੀਮ ਨੇ ਵੱਖ-ਵੱਖ ਥਾਂਵਾਂ ਤੋਂ ਕਾਬੂ ਕੀਤਾ ਹੈ। ਵਿਭਾਗ 2 ਦੀ ਟੀਮ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ‘ਚੋਂ 180 ਗ੍ਰਾਮ ਤੇ ਵਿਭਾਗ 1 ਦੀ ਟੀਮ ਨੇ 2 ਮੁਲਜ਼ਮਾਂ ਨੂੰ ਕਾਬੂ ਕਰ ਉਨ੍ਹਾਂ ਦੇ ਕਬਜ਼ੇ ‘ਚੋਂ 165 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਨੇ ਇਸ ਮਾਮਲੇ ‘ਚ ਥਾਣਾ ਸਦਰ ‘ਚ ਅਮਨਦੀਪ ਸਿੰਘ ਅਮਨ (34) ਅਤੇ ਥਾਣਾ ਜਮਾਲਪੁਰ ‘ਚ ਪ੍ਰਕਾਸ਼ ਕੁਮਾਰ ਪੰਡਿਤ ਅਤੇ ਅਭਿਸ਼ੇਕ ਕੁਮਾਰ ਉਰਫ਼ ਮਨੀ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ‘ਚੋਂ ਕੁੱਲ 345 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮਾਂ ਤੋਂ ਲੁਧਿਆਣਾ ਪੁਲੀਸ ਨੇ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਐਂਟੀ ਨਾਰਕੋਟਿਕਸ ਵਿਭਾਗ-2 ਦੀ ਟੀਮ ਨੇ ਪਿੰਡ ਬੁਲਾਰਾ ਕੋਲ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਮੁਲਜ਼ਮ ਨੂੰ ਕਾਬੂ ਕਰ ਉਸ ਦੇ ਕਬਜ਼ੇ ‘ਚੋਂ 165 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁੱਛ-ਪੜਤਾਲ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਨਸ਼ਾ ਕਰਨ ਦਾ ਆਦੀ ਹੈ ਤੇ ਨਸ਼ਾ ਪੂਰਤੀ ਲਈ ਬਾਹਰੀ ਇਲਾਕਿਆਂ ‘ਚੋਂ ਹੈਰੋਇਨ ਲਿਆ ਕੇ ਸ਼ਹਿਰ ‘ਚ ਸਪਲਾਈ ਕਰਦਾ ਹੈ। ਮੁਲਜ਼ਮ ਕਾਫ਼ੀ ਸਮੇਂ ਤੱਕ ਜੇਲ੍ਹ ‘ਚ ਵੀ ਰਹਿ ਚੁੱਕਿਆ ਹੈ। 2021 ‘ਚ ਜੇਲ੍ਹ ‘ਚੋਂ ਬਾਹਰ ਆਉਣ ਤੋਂ ਬਾਅਦ ਮੁਲਜ਼ਮ ਨੇ ਕੋਈ ਕੰਮ ਧੰਦਾ ਨਾ ਮਿਲਣ ‘ਤੇ ਹੈਰੋਇਨ ਤਸਕਰੀ ਦਾ ਧੰਦਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਐਂਟੀ ਨਾਰਕੋਟਿਕਸ ਵਿਭਾਗ 1 ਦੀ ਟੀਮ ਨੇ ਚੰਡੀਗੜ੍ਹ ਰੋਡ ਸਥਿਤ ਫੋਰਟਿਸ ਹਸਪਤਾਲ ਕੋਲ ਨਾਕਾਬੰਦੀ ਦੌਰਾਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਅਨੁਸਾਰ ਦੋਵੇਂ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ।