ਪੱਤਰ ਪ੍ਰੇਰਕ
ਮਹਿਲ ਕਲਾਂ, 4 ਨਵੰਬਰ
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਦੇ ਨਿਪਟਾਰੇ ਲਈ ਕੋਈ ਮੁਆਵਜ਼ਾ ਨਾ ਦੇਣ ਦੇ ਬਾਵਜੂਦ ਕੁਝ ਕਿਸਾਨ ਆਪਣੇ ਪੱਧਰ ‘ਤੇ ਹੀ ਬਗੈਰ ਪਰਾਲੀ ਫੂਕੇ ਕਣਕ ਦੀ ਸਿੱਧੀ ਬਿਜਾਈ ਕਰ ਰਹੇ ਹਨ। ਪਿੰਡ ਪੱਤੀ ਸੇਖਵਾਂ ਦੇ ਤਿੰਨ ਕਿਸਾਨਾਂ ਬਚਿੱਤਰ ਸਿੰਘ ਰਾਏ, ਇਕਬਾਲ ਸਿੰਘ ਸੇਖੋਂ ਅਤੇ ਕਰਮਜੀਤ ਸਿੰਘ ਸੇਖੋਂ ਨੇ ਖੇਤੀ ਸੰਦਾਂ (ਮਲਚਰ ਤੇ ਸੁਪਰਸੀਡਰ) ਨਾਲ ਲੱਗਭੱਗ 35 ਏਕੜ ਰਕਬੇ ਵਿੱਚ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਨਸ਼ਟ ਕਰ ਕੇ ਅਗਲੀ ਫਸਲ ਲਈ ਖਾਦ ਵਜੋਂ ਵਰਤੋੋਂ ਕੀਤੀ ਹੈ। ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਖੇਤ ਵਿੱਚ ਜ਼ਮੀਨ ਪੋਲੀ ਰਹਿੰਦੀ ਹੈ ਤੇ ਗੰਡੋਏ ਅਸਾਨੀ ਨਾਲ ਵੱਧਦੇ ਫੁੱਲਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਵਰ੍ਹੇ ਉਹਨਾਂ ਥੋੜ੍ਹੇ ਰਕਬੇ ਵਿੱਚ ਸਿੱਧੀ ਬਿਜਾਈ ਦਾ ਤਜਰਬਾ ਕੀਤਾ ਸੀ ਤੇ ਖੇਤ ਵਿੱਚ ਨਾਈਟ੍ਰੋਜਨ, ਯੂਰੀਆ, ਸਲਫਰ ਆਦਿ ਦੀ ਘਾਟ ਪੂਰੀ ਹੋਈ ਉੱਥੇ ਉਪਜ ਵੀ ਚੰਗੀ ਨਿੱਕਲੀ ਜਿਸ ਕਾਰਨ ਉਹ ਹੁਣ ਜ਼ਿਆਦਾ ਰਕਬੇ ਵਿੱਚ ਇਸ ਤਰ੍ਹਾਂ ਬਿਜਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਖੇਤੀ ਲਾਗਤ ਖਰਚੇ ਘਟੇ ਹਨ ਤੇ ਖੇਤ ਦੀ ਉਪਜਾਊ ਸ਼ਕਤੀ ਵਿੱਚ ਅਥਾਹ ਵਾਧਾ ਹੋਇਆ ਹੈ।
ਮੁੰਡੀ ਜਮਾਲ ਦੇ ਕਿਸਾਨ ਨੇ ਕਣਕ ਦੀ ਬਿਜਾਈ ਕੀਤੀ
ਫਤਹਿਗੜ੍ਹ ਪੰਜਤੂਰ (ਪੱਤਰ ਪ੍ਰੇਰਕ): ਇੱਥੋਂ ਨਜ਼ਦੀਕੀ ਪਿੰਡ ਮੁੰਡੀ ਜਮਾਲ ਦੇ ਕਿਸਾਨ ਨੰਬਰਦਾਰ ਠਾਕਰ ਸਿੰਘ ਨੇ ਲੰਘੇ ਕੱਲ੍ਹ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਾਏ ਬਿਨਾਂ ਕਣਕ ਦੀ ਸਿੱਧੀ ਬਿਜਾਈ ਕਰਨ ਦੀ ਪਹਿਲ ਕੀਤੀ ਹੈ। ਕਿਸਾਨ ਠਾਕੁਰ ਸਿੰਘ ਨੇ ਬਿਨਾਂ ਅੱਗ ਲਾਏ ਆਪਣੇ ਖੇਤਾਂ ਵਿੱਚ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ। ਉਕਤ ਜਾਗਰੂਕ ਕਿਸਾਨ ਨੇ ਹੁਣ ਦੂਸਰੇ ਕਿਸਾਨ ਭਰਾਵਾਂ ਨੂੰ ਇਸ ਪਾਸੇ ਲਾਮਬੰਦ ਹੋਣ ਦਾ ਹੋਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਜਿੱਥੇ ਵਾਤਾਵਰਨ ਦੂਸ਼ਿਤ ਹੁੰਦਾ ਹੈ ਉੱਥੇ ਮਿੱਟੀ ਦੀ ਉਪਜਾਊ ਸ਼ਕਤੀ ਬੜੀ ਤੇਜ਼ੀ ਨਾਲ ਦਿਨੋਂ ਦਿਨ ਘੱਟ ਹੁੰਦੀ ਜਾ ਰਹੀ ਹੈ। ਇਸਦੇ ਨਾਲ ਹੀ ਅੱਗ ਲਾਉਣ ਨਾਲ ਮਿੱਤਰ ਕੀੜੇ ਵੀ ਧੜਾ ਧੜ ਮਰ ਰਹੇ ਹਨ।ਸੜਕੀ ਹਾਦਸੇ ਇਸ ਤੋਂ ਵੱਖਰਾ ਵਾਪਰਦੇ ਹਨ।