ਪੱਤਰ ਪ੍ਰੇਰਕ
ਫਗਵਾੜਾ, 4 ਨਵੰਬਰ
ਬੰਗਾ ਰੋਡ ‘ਤੇ ਸਥਿਤ ਬਿਜਲੀ ਘਰ ਲਾਗੇਂ ਇੱਕ ਬਣ ਰਹੀ ਇਮਾਰਤ ਦੀ ਉਸਾਰੀ ਖ਼ਿਲਾਫ਼ ਸ਼ਿਕਾਇਤ ਕਰਨ ਵਾਲੇ ਵਿਅਕਤੀ ਨੂੰ ਨਗਰ ਨਿਗਮ ਤੋਂ ਇਨਸਾਫ਼ ਨਾ ਮਿਲਣ ਦੇ ਮਾਮਲੇ ਤੋਂ ਬਾਅਦ ਪੰਜਾਬ ਦੇ ਲੋਕਪਾਲ ਪਾਸ ਕੀਤੀ ਸ਼ਿਕਾਇਤ ਉਪਰੰਤ ਲੋਕਪਾਲ ਨੇ ਦੋ ਅਧਿਕਾਰੀਆਂ ਤੇ ਦੋ ਸਿਆਸੀ ਆਗੂਆਂ ਨੂੰ ਇਸ ਮਾਮਲੇ ‘ਚ ਨੋਟਿਸ ਜਾਰੀ ਕਰਕੇ 9 ਦਸੰਬਰ ਨੂੰ ਤਲਬ ਕੀਤਾ ਹੈ।
ਸ਼ਿਕਾਇਤ ਕਰਤਾ ਸੰਜੀਵ ਘਈ ਪੁੱਤਰ ਲੇਟ ਰਾਜ ਕੁਮਾਰ ਘਈ ਵਾਸੀ ਬੰਗਾ ਰੋਡ ਨੇ ਦੱਸਿਆ ਕਿ ਅੰਮ੍ਰਿਤ ਕੌਰ ਨਾਮੀ ਔਰਤ ਦੀ ਬਿਲਡਿੰਗ ਬਣ ਰਹੀ ਸੀ ਜਿਸ ਸਬੰਧੀ ਨਿਗਮ ਨੂੰ ਸ਼ਿਕਾਇਤ ਕੀਤੀ ਗਈ ਪਰ ਨਿਗਮ ਦੇ ਏ.ਟੀ.ਪੀ ਨੇ ਆਪ ਆਗੂਆਂ ਦਾ ਨਾਂ ਲੈ ਕੇ ਕਿਹਾ ਕਿ ਉਨ੍ਹਾਂ ਦੇ ਕਹਿਣ ‘ਤੇ ਇਹ ਉਸਾਰੀ ਹੋ ਰਹੀ ਹੈ ਜਿਸ ਨੂੰ ਅਸੀਂ ਨਹੀਂ ਰੋਕ ਸਕਦੇ।
ਨਿਗਮ ਵੱਲੋਂ ਸ਼ਿਕਾਇਤ ਕਰਤਾ ਨੂੰ ਹੀ ਉਸਦੀ ਬਿਲਡਿੰਗ ਦੇ ਦਸਤਾਵੇਜ ਪੇਸ਼ ਕਰਨ ਲਈ ਉਸਦੇ ਪਰਿਵਾਰ ਨੂੰ ਵੀ ਨੋਟਿਸ ਜਾਰੀ ਕਰ ਦਿੱਤੇ ਗਏ ਜਿਸ ਸਬੰਧੀ ਇਨਸਾਫ਼ ਲੈਣ ਲਈ ਉਸ ਨੇ ਪੰਜਾਬ ਦੇ ਲੋਕਪਾਲ ਨੂੰ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਜਸਟਿਸ ਵਿਨੋਦ ਕੁਮਾਰ ਸ਼ਰਮਾ ਨੇ ਨਗਰ ਨਿਗਮ ਕਮਿਸ਼ਨਰ, ਏ.ਟੀ.ਪੀ, ਸਾਬਕਾ ਵਿਧਾਇਕ ਤੇ ਆਪ ਆਗੂ ਜੋਗਿੰਦਰ ਸਿੰਘ ਮਾਨ ਤੇ ਉਨ੍ਹਾਂ ਦੇ ਪੁੱਤਰ ਹਰਜੀ ਮਾਨ ਤੇ ਅੰਮ੍ਰਿਤ ਕੌਰ ਨੂੰ 9 ਦਸੰਬਰ ਵਾਸਤੇ ਨੋਟਿਸ ਜਾਰੀ ਕੀਤਾ ਹੈ।
ਸ਼ਿਕਾਇਤ ਕਰਤਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਦਾ ਦਾਅਵਾ ਕਰਨ ਵਾਲੀ ਸਰਕਾਰ ਨੇ ਅੱਜ ਤੱਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ।