ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 28 ਜੂਨ
ਇੱਥੇ ਵੱਖ ਵੱਖ ਸੜਕ ਹਾਦਸਿਆਂ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਹੈ ਜਦਕਿ ਇੱਕ ਜ਼ਖ਼ਮੀ ਹੋ ਗਿਆ ਹੈ। ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਦੁੱਗਰੀ ਦੀ ਪੁਲੀਸ ਨੂੰ ਜੈਨ ਜੀਵਨ ਕਾਲੋਨੀ ਬਾੜੇਵਾਲ ਵਾਸੀ ਪਰਮਾਨੰਦ ਸ਼ਾਹ ਨੇ ਦੱਸਿਆ ਕਿ ਉਸਦਾ ਭਾਣਜਾ ਬਸੰਤ ਕੁਮਾਰ (53) ਪੁੱਤਰ ਜੋਖੂ ਸ਼ਾਹ ਵਾਸੀ ਪਿੰਡ ਬੇਰਾਏ, ਮੁੰਗੇਰ (ਬਿਹਾਰ) ਜੋ ਉਸ ਨਾਲ ਹੀ ਰਹਿੰਦਾ ਹੈ। ਉਹ ਰਾਤ ਦੀ ਡਿਊਟੀ ਲਈ ਘਰੋਂ ਗਿਆ ਸੀ। ਪੱਖੋਵਾਲ ਨਹਿਰ ਪੁਲ ਨੇੜੇ ਕਿਸੇ ਅਣਪਛਾਤੇ ਵਾਹਨ ਨੇ ਉਸਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ। ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਸੇ ਤਰ੍ਹਾਂ ਥਾਣਾ ਡਵੀਜ਼ਨ ਨੰਬਰ 6 ਦੀ ਪੁਲੀਸ ਨੂੰ ਨਿਊ ਕੁੰਦਨ ਨਗਰ ਵਾਸੀ ਅਨੁਰਾਗ ਕਨੋਜੀਆ ਨੇ ਦੱਸਿਆ ਹੈ ਕਿ ਉਸਦੇ ਮਾਮੇ ਸੁਰੇਸ਼ ਕੁਮਾਰ ਦਾ ਜਵਾਈ ਵਿਜੈ ਕੁਮਾਰ (46) ਪੁੱਤਰ ਰਮੇਸ਼ਵਰ ਵਾਸੀ ਨਿਧਾਨ ਸਿੰਘ ਨਗਰ ਮੋਟਰਸਾਈਕਲ ‘ਤੇ ਘਰ ਜਾ ਰਿਹਾ ਸੀ। ਉਹ ਜਦੋਂ ਜਗਰਾਉਂ ਪੁਲ ਚੜੱਨ ਲੱਗਿਆ ਤਾਂ ਕੈਂਟਰ ਨੇ ਟੱਕਰ ਮਾਰ ਦਿੱਤੀ। ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਹੌਲਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਸੂਰਜ ਵਾਸੀ ਪਿੰਡ ਧਧੋਲੀ ਜ਼ਿਲ੍ਹਾ ਅਲਵਰ (ਰਾਜਸਥਾਨ) ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਤੀਜੇ ਮਾਮਲੇ ਵਿੱਚ ਕੇਂਦਰੀ ਜੇਲ੍ਹ ਸਾਹਮਣੇ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਨਿਕਲੇ ਮੋਟਰਸਾਈਕਲ ਨੂੰ ਆਟੋ ਰਿਕਸ਼ਾ ਨੇ ਟੱਕਰ ਮਾਰ ਦਿੱਤੀ, ਜਿਸ ਵਿੱਚ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਦੀ ਪਛਾਣ ਇੰਦਰਾਪੁਰੀ ਤਾਜਪੁਰ ਰੋਡ ਵਾਸੀ ਜਸਵੀਰ ਕੁਮਾਰ ਵਜੋਂ ਹੋਈ ਹੈ।
ਬੱਸ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ
ਲੁਧਿਆਣਾ: ਥਾਣਾ ਡਵੀਜ਼ਨ ਨੰਬਰ 6 ਦੇ ਇਲਾਕੇ ਗਿੱਲ ਰੋਡ ਸਥਿਤ ਏਟੀਆਈ ਕਾਲਜ ਨੇੜੇ ਬੱਸ ਵੱਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਬੱਸ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਇਹ ਬੱਸ ਪਹਿਲਾਂ ਇੱਕ ਆਟੋ ਰਿਕਸ਼ਾ ਨਾਲ ਟਕਰਾਈ ਸੀ। ਸੂਚਨਾ ਮਿਲਦਿਆਂ ਹੀ ਥਾਣਾ ਇੰਚਾਰਜ ਇੰਸਪੈਕਟਰ ਬਲਵਿੰਦਰ ਕੌਰ ਘਟਨਾ ਸਥਾਨ ‘ਤੇ ਪੁੱਜੀ। ਪੁਲੀਸ ਵੱਲੋਂ ਕੰਡਕਟਰ ਨੂੰ ਹਿਰਾਸਤ ‘ਚ ਲੈ ਕੇ ਪੁਛਗਿੱਛ ਕੀਤੀ ਜਾ ਰਹੀ ਹੈ। ਬਠਿੰਡਾ ਤੋਂ ਗੜਸ਼ੰਕਰ ਜਾ ਰਹੀ ਮਾਲਵਾ ਕੰਪਨੀ ਦੀ ਬੱਸ ਨੰਬਰ ਪੀਬੀ 03 ਬੀਐਲ 2209 ਪੁਲੀਸ ਨੇ ਕਬਜ਼ੇ ਵਿੱਚ ਲੈ ਲਈ ਹੈ।