ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਜੂਨ
ਦਿੱਲੀ ਪੁਲੀਸ ਨੂੰ ਇੱਕ ਸੀਸੀਟੀਵੀ ਫੁਟੇਜ ਮਿਲੀ ਹੈ, ਜਿਸ ਵਿੱਚ ਚਾਰ ਅਣਪਛਾਤੇ ਬਦਮਾਸ਼ ਪ੍ਰਗਤੀ ਮੈਦਾਨ ਖੇਤਰ ਵਿੱਚ ਇੱਕ ਅੰਡਰਪਾਸ ਹੇਠਾਂ ਇੱਕ ਕਾਰ ਨੂੰ ਰੋਕਦੇ ਅਤੇ ਬੰਦੂਕ ਦਿਖਾ ਕੇ ਇਸ ਵਿੱਚ ਸਵਾਰ ਵਿਅਕਤੀਆਂ ਨੂੰ ਲੁੱਟਦੇ ਹੋਏ ਦਿਖਾਈ ਦੇ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਫੁਟੇਜ 1.5 ਕਿਲੋਮੀਟਰ ਲੰਮੀ ਪ੍ਰਗਤੀ ਮੈਦਾਨ ਸੁਰੰਗ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਹ ਸੁਰੰਗ ਨਵੀਂ ਦਿੱਲੀ ਨੂੰ ਸਰਾਏ ਕਾਲੇ ਖਾਨ ਅਤੇ ਨੋਇਡਾ ਨਾਲ ਜੋੜਦੀ ਹੈ। ਇਸ ਵਿੱਚ ਪੰਜ ਅੰਡਰਪਾਸ ਹਨ। ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ 22 ਸੈਕਿੰਡ ਦੀ ਵੀਡੀਓ ਵਿੱਚ ਦੋ ਮੋਟਰਸਾਈਕਲ ਸਵਾਰ ਚਾਰ ਬਦਮਾਸ਼ ਇੱਕ ਕੈਬ ਦਾ ਪਿੱਛਾ ਕਰਦੇ ਹੋਏ ਉਸ ਨੂੰ ਅੰਡਰਪਾਸ ਦੇ ਅੰਦਰ ਰੋਕਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਕੈਬ ਰੁਕਦੀ ਹੈ, ਮੋਟਰਸਾਈਕਲ ਦੀ ਪਿਛਲੀ ਸੀਟ ‘ਤੇ ਬੈਠੇ ਦੋਵੇਂ ਬਦਮਾਸ਼ ਹੇਠਾਂ ਉਤਰ ਕੇ ਆਪਣੀ ਬੰਦੂਕ ਕੱਢ ਲੈਂਦੇ ਹਨ ਅਤੇ ਫਿਰ ਇਕ ਬਦਮਾਸ਼ ਕੈਬ ਦੀ ਡਰਾਈਵਰ ਸੀਟ ਵੱਲ ਭੱਜਦਾ ਹੈ, ਜਦਕਿ ਦੂਜਾ ਪਿਛਲੇ ਦਰਵਾਜ਼ੇ ਵੱਲ ਜਾਂਦਾ ਹੈ। ਇਸ ਤੋਂ ਬਾਅਦ ਵੀਡੀਓ ‘ਚ ਕੈਬ ਦੇ ਚਾਰੇ ਦਰਵਾਜ਼ੇ ਖੁੱਲ੍ਹਦੇ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਪਿਛਲੀ ਸੀਟ ‘ਤੇ ਸਵਾਰ ਵਿਅਕਤੀ ਕਾਲੇ ਰੰਗ ਦਾ ਬੈਗ ਇੱਕ ਬਦਮਾਸ਼ ਨੂੰ ਸੌਂਪਦਾ ਨਜ਼ਰ ਆ ਰਿਹਾ ਹੈ, ਜਿਸ ਵਿੱਚ ਕਥਿਤ ਤੌਰ ‘ਤੇ ਡੇਢ ਤੋਂ ਦੋ ਲੱਖ ਰੁਪਏ ਦੀ ਨਕਦੀ ਸੀ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਬੈਗ ਲੈ ਕੇ ਦੋਵੇਂ ਬਦਮਾਸ਼ ਆਪੋ-ਆਪਣੇ ਮੋਟਰਸਾਈਕਲ ‘ਤੇ ਫਰਾਰ ਹੋ ਗਏ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਡਿਲੀਵਰੀ ਏਜੰਟ ਅਤੇ ਉਸ ਦਾ ਸਾਥੀ ਕੈਬ ਦੇ ਅੰਦਰ ਸਨ ਅਤੇ ਉਨ੍ਹਾਂ ਦੇ ਬੈਗ ਵਿੱਚ ਕਥਿਤ ਤੌਰ ‘ਤੇ 1.5 ਤੋਂ 2 ਲੱਖ ਰੁਪਏ ਸਨ। ਦੋਵੇਂ ਇਹ ਬੈਗ ਕਿਸੇ ਨੂੰ ਦੇਣ ਲਈ ਕੈਬ ਰਾਹੀਂ ਗੁਰੂਗ੍ਰਾਮ ਜਾ ਰਹੇ ਸਨ।
ਪੁਲੀਸ ਦੇ ਡਿਪਟੀ ਕਮਿਸ਼ਨਰ (ਨਵੀਂ ਦਿੱਲੀ) ਪ੍ਰਣਵ ਤਾਇਲ ਨੇ ਕਿਹਾ, “ਚਾਂਦਨੀ ਚੌਕ ਸਥਿਤ ਓਮੀਆ ਇੰਟਰਪ੍ਰਾਈਜ਼ ਵਿੱਚ ਡਿਲੀਵਰੀ ਏਜੰਟ ਵਜੋਂ ਕੰਮ ਕਰਨ ਵਾਲਾ ਸ਼ਿਕਾਇਤਕਰਤਾ ਨੇ ਸ਼ਨਿਚਰਵਾਰ ਨੂੰ ਤਿਲਕ ਮਾਰਗ ਪੁਲੀਸ ਸਟੇਸ਼ਨ ਵਿੱਚ ਲਿਖਤੀ ਸ਼ਿਕਾਇਤ ਦਿੱਤੀ ਕਿ ਉਹ ਆਪਣੇ ਸਾਥੀ ਨਾਲ ਨਕਦੀ ਨਾਲ ਭਰਿਆ ਇੱਕ ਬੈਗ ਦੇਣ ਲਈ ਗੁਰੂਗ੍ਰਾਮ ਜਾ ਰਿਹਾ ਸੀ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੇਜਰੀਵਾਲ ਨੇ ਉਪ ਰਾਜਪਾਲ ਦਾ ਅਸਤੀਫਾ ਮੰਗਿਆ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਦਿਨ-ਦਿਹਾੜੇ ਵਾਪਰੀ ਲੁੱਟ-ਖੋਹ ਦੀ ਘਟਨਾ ਦੇ ਮੱਦੇਨਜ਼ਰ ਅੱਜ ਉਪ ਰਾਜਪਾਲ ਵੀਕੇ ਸਕਸੈਨਾ ‘ਤੇ ਨਿਸ਼ਾਨਾ ਸੇਧਿਆ ਅਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ। ਉਨ੍ਹਾਂ ਟਵੀਟ ਕੀਤਾ, “ਉਪ ਰਾਜਪਾਲ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਕਿਸੇ ਅਜਿਹੇ ਵਿਅਕਤੀ ਨੂੰ ਉਪ ਰਾਜਪਾਲ ਬਣਾਉਣਾ ਚਾਹੀਦਾ ਹੈ, ਜੋ ਦਿੱਲੀ ਦੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰ ਸਕੇ।” ਕੇਜਰੀਵਾਲ ਨੇ ਕਿਹਾ, ”’ਜੇ ਕੇਂਦਰ ਸਰਕਾਰ ਦਿੱਲੀ ਨੂੰ ਸੁਰੱਖਿਅਤ ਬਣਾਉਣ ‘ਚ ਨਾਕਾਮ ਰਹੀ ਹੈ ਤਾਂ ਇਸ ਨੂੰ ਸਾਡੇ ਹੱਥਾਂ ‘ਚ ਦੇ ਦਿਓ। ਅਸੀਂ ਤੁਹਾਨੂੰ ਦਿਖਾਵਾਂਗੇ ਕਿ ਇੱਕ ਸ਼ਹਿਰ ਨੂੰ ਇਸ ਦੇ ਨਾਗਰਿਕਾਂ ਲਈ ਸੁਰੱਖਿਅਤ ਕਿਵੇਂ ਬਣਾਇਆ ਜਾਂਦਾ ਹੈ।”