ਸਾਹਿਬ ਸਿੰਘ
ਮੇਰੇ ਆਲੇ-ਦੁਆਲੇ ਕੁਝ ਵੀ ਵਾਪਰੇ, ਮੇਰੇ ‘ਤੇ ਅਸਰ ਹੁੰਦਾ ਹੈ! ਮੇਰੇ ਦਿਲ ਦਿਮਾਗ ਵਿੱਚ ਉੱਠਦੇ ਫ਼ਿਕਰਾਂ ਤੇ ਭਾਵਨਾਵਾਂ ਦੀ ਨਿਕਾਸੀ ਮੇਰੇ ਨਾਟਕਾਂ ਰਾਹੀਂ ਹੋ ਰਹੀ ਹੈ। ਮੈਂ ਲਿਖਦਾ ਨਾ ਹੁੰਦਾ ਤਾਂ ਸ਼ਾਇਦ ਅੰਦਰੋਂ-ਅੰਦਰੀ ਫਟ ਜਾਂਦਾ। ਬਚਪਨ ਤੋਂ ਲੈ ਕੇ ਜਵਾਨੀ ਤੱਕ ਪਿੰਡ ‘ਚ ਬਿਤਾਏ ਪਲ ਮੇਰਾ ਸਾਹਿਤਕ ਖ਼ਜ਼ਾਨਾ ਹਨ। ਮੇਰੇ ਬਹੁਤੇ ਪਾਤਰ ਮੈਨੂੰ ਆਪਣੇ ਘਰ ਤੇ ਪਿੰਡ ‘ਚੋਂ ਮਿਲ ਜਾਂਦੇ ਨੇ… ਸ਼ਾਇਦ ਮੇਰੇ ਲਈ ਉਨ੍ਹਾਂ ਨੂੰ ਛੱਡ ਕੇ ਦੂਰ ਕਿਤੇ ਪਾਤਰ ਲੱਭਣ ਜਾਣਾ ਔਖਾ ਹੈ ਤੇ ਮੈਂ ਬਹੁਤੀ ਔਖ ਝੱਲ ਨਹੀਂ ਸਕਦਾ। ਮੇਰੇ ਟੱਬਰ ‘ਚ ਨਾ ਕੋਈ ਸਾਹਿਤਕਾਰ ਸੀ, ਨਾ ਕਲਾਕਾਰ… ਕਿਤਾਬਾਂ ਜ਼ਰੂਰ ਸਨ। ਬੱਬਰ ਲਹਿਰ ਦੇ ਸੂਰਮਿਆਂ ਦੀ ਠਾਹਰ ਬਣਦਾ ਸਾਡਾ ਘਰ ਤੇ ਉਨ੍ਹਾਂ ਨੂੰ ਹੌਸਲੇ ਨਾਲ ਸਾਂਭਣ ਵਾਲੀਆਂ ਮੇਰੇ ਬਾਬਿਆਂ ਦੀਆਂ ਕਹਾਣੀਆਂ ਅੰਗ-ਸੰਗ ਹਨ। ਨਕਸਲਵਾੜੀ ਲਹਿਰ ਦੌਰਾਨ ਘਰ ਦੀ ਛੱਤ ‘ਤੇ ਜੋੜ ਕੇ ਡਾਹੇ ਮੰਜਿਆਂ ‘ਤੇ ਸੁੱਤੇ ਇਨਕਲਾਬੀ ਚਿੰਤਕਾਂ ਦੇ ਮੂੰਹੋਂ ਨਿਕਲੇ ਦਾਰਸ਼ਨਿਕ ਬੋਲ ਕਿਤੇ ਮੇਰੀ ਸਿਮਰਤੀ ਵਿੱਚ ਸਾਂਭੇ ਹੋਏ ਹਨ। ਪਰ ਨਾਟਕ ਮੇਰੇ ਤੱਕ ਬਹੁਤ ਦੁਖਦਾਈ ਅਜੀਬ ਘਟਨਾ ਦੇ ਰੂਪ ‘ਚ ਪਹੁੰਚਿਆ ਸੀ, ਉਦੋਂ ਪਤਾ ਨਹੀਂ ਸੀ ਕਿ ਇਹ ਘਟਨਾ ਨਾਟਕੀ ਹੈ।
ਮੈਂ ਦੂਜੀ ਜਾਂ ਤੀਜੀ ‘ਚ ਪੜ੍ਹਦਾ ਸੀ। ਸਕੂਲ ਸਾਡੇ ਘਰ ਤੋਂ ਸਿਰਫ਼ ਇੱਕ ਖੇਤ ਦੀ ਵਿੱਥ ‘ਤੇ ਸੀ। ਅੱਧੀ ਛੁੱਟੀ ਵੇਲੇ ਘਰੇ ਆ ਕੇ ਬੀਬੀ ਦੇ ਹੱਥਾਂ ਦੀ ਬਣੀ ਰੋਟੀ ਛਕ ਜਾਂਦਾ ਸੀ। ਇੱਕ ਦਿਨ ਤਿੱਖੜ ਦੁਪਹਿਰੇ ਮੈਂ ਘਰ ਆਇਆ ਤਾਂ ਘਰ ਅਤੇ ਖੇਤ ਰੰਗਮੰਚ ਬਣੇ ਹੋਏ ਸਨ। ਬੀਬੀ ਦੁਹੱਥੜਾਂ ਮਾਰ ਰਹੀ ਸੀ… ਖੇਤਾਂ ‘ਚ ਭੱਜਾ ਜਾਂਦਾ ਮੇਰਾ ਚਾਚੂ (ਦਾਦਾ) ਨਜ਼ਰ ਆ ਰਿਹਾ ਸੀ। ਉਸ ਤੋਂ ਵੀ ਮੂਹਰੇ ਨਿਹੰਗੀ ਬਾਣੇ ‘ਚ ਲੰਮੀਆਂ ਪੁਲਾਂਘਾਂ ਪੁੱਟਦੇ ਮੇਰੇ ਭਾਪੇ ਦੀ ਪਿੱਠ ਦਿਖਾਈ ਦੇ ਰਹੀ ਸੀ। ਬੀਬੀ ਦੇ ਹੱਥ ਆਟੇ ਨਾਲ ਲਿਬੜੇ ਹੋਏ ਸਨ, ਚਾਚੂ ਦੇ ਹੱਥਾਂ ‘ਚ ਮੋਟੀ ਡਾਂਗ ਸੀ ਤੇ ਭਾਪੇ ਦੇ ਹੱਥਾਂ ‘ਚ ਫੁੱਲ ਬੂਟੀਆਂ ਵਾਲਾ ਝੋਲਾ ਲਹਿਰਾ ਰਿਹਾ ਸੀ। ਉਦੋਂ ਘਰ ਅਤੇ ਕਿਰਤ ਨਾਲ ਭਾਪੇ ਦੇ ਤਿੜਕੇ ਰਿਸ਼ਤੇ ਦੀ ਧੁੰਦਲੀ ਜਿਹੀ ਜਾਣਕਾਰੀ ਤਾਂ ਸੀ ਪਰ ਇਸ ਦ੍ਰਿਸ਼ ਦਾ ਸਾਰ ਸ਼ਾਮ ਤਕ ਸਮਝ ਆਇਆ। ਭਾਪੇ ਨੇ ਹਾੜ੍ਹੀ ਦੀ ਫ਼ਸਲ ਦੀ ਕਮਾਈ ਧਰਮ ਅਸਥਾਨ ਦੀ ਗੋਲਕ ਵਿੱਚ ਪਾ ਦਿੱਤੀ ਸੀ, ਮਿੱਟੀ ਨਾਲ ਮਿੱਟੀ ਹੁੰਦਾ ਚਾਚੂ ਸਿਰ ਫੜੀ ਬੈਠਾ ਸੀ, ਪਰ ਬੀਬੀ ਸਿਦਕ ਸਬਰ ਦੀ ਮੂਰਤ ਬਣੀ ਸਾਨੂੰ ਛੇ ਭੈਣਾਂ-ਭਰਾਵਾਂ ਨੂੰ ਹਿੱਕ ਨਾਲ ਲਾਈ ”ਸਭ ਕੁਝ ਠੀਕ ਹੋ ਜਾਊਗਾ” ਦੀ ਅਸੀਸ ਦੇ ਰਹੀ ਸੀ।
ਇਹ ਤਿੰਨ ਪਾਤਰ ਮੇਰੇ ਨਾਟਕਾਂ ਦੇ ਆਰ-ਪਾਰ ਫੈਲੇ ਹੋਏ ਹਨ। ਰੂਪ ਬਦਲ ਬਦਲ ਕੇ ਮੇਰੇ ਸਾਹਮਣੇ ਆ ਖੜ੍ਹਦੇ ਨੇ। ਭਾਪਾ, ਕਿਰਤ ਤੋਂ ਭੱਜਿਆ… ਜ਼ਿੰਦਗੀ ਦੇ ਸੰਘਰਸ਼ ਦੀ ਪੰਜਾਲ਼ੀ ਤੋਂ ਮੋਢੇ ਬਚਾਉਂਦਾ, ਚਾਚੂ ਦਾ ਇਕਲੌਤਾ ਪੁੱਤ! ਚਾਚੂ, ਜਿਵੇਂ ਜੰਮਿਆ ਹੀ ਖੇਤੀ ਲਈ ਸੀ… ਨਰੋਈ ਹੱਡੀ। ਤੜਕੇ ਤੋਂ ਆਥਣ ਤੱਕ ਹੱਡ-ਭੰਨਵੀਂ ਕਮਾਈ ਕਰਦਾ। ਬਲਦਾਂ ਮਗਰ ਤੁਰ ਤੁਰ ਕੇ ਉਹਦੀਆਂ ਪਿੰਜਣੀਆਂ ਦੀਆਂ ਨਸਾਂ ਹਮੇਸ਼ਾ ਫੁੱਲੀਆਂ ਰਹਿੰਦੀਆਂ। ਮੋਟੀ ਨੰਗੀ ਗਾਲ੍ਹ ਕੱਢਣ ਦਾ ਮਾਹਰ… ਗਾਲ੍ਹ ਕੱਢਣ ਲੱਗਿਆਂ ਨਾ ਘਰ ਦੇਖਦਾ ਨਾ ਖੇਤ, ਨਾ ਬੰਦਾ ਨਾ ਤੀਵੀਂ। ਉਹਨੂੰ ਕਦੇ ਗੁਰਦੁਆਰੇ ਜਾਂਦਿਆਂ ਨਹੀਂ ਦੇਖਿਆ। ਮੱਸਿਆ, ਸੰਗਰਾਂਦ ਜਾਂ ਗੁਰਪੁਰਬ ਚਾਚੂ ਖੇਤਾਂ ‘ਚ ਹੀ ਰਹਿੰਦਾ। ਇੱਕ ਦਿਨ ਗੁਰੂ ਤੇਗ ਬਹਾਦਰ ਜੀ ਦੇ ਗੁਰਪੁਰਬ ‘ਤੇ ਬੀਬੀ ਨੂੰ ਗੁਰਦੁਆਰਿਓਂ ਆਉਣ ‘ਚ ਥੋੜ੍ਹੀ ਜਿਹੀ ਦੇਰ ਹੋ ਗਈ ਤਾਂ ਹਰਖੇ ਤੇ ਤਪੇ ਹੋਏ ਚਾਚੂ ਨੇ ਬੀਬੀ ਨੂੰ ਝਿੜਕਿਆ ਸੀ। ਚਾਚੂ ਦੇ ਹਿੱਸੇ ਦੀ ਭੁੱਲ ਬੀਬੀ ਨੇ ਗੁਰੂ ਅੱਗੇ ਮੱਥਾ ਟੇਕ ਬਖ਼ਸ਼ਾਈ ਸੀ। ਬੀਬੀ ਮਿਹਨਤ ਤੇ ਸਮਰਪਣ ਦੀ ਸਾਖਿਆਤ ਮੂਰਤ। ਲੱਕ ‘ਤੇ ਪਰਨਾ ਬੰਨ੍ਹ ਲੈਂਦੀ ਅਤੇ ਘਰ ਤੇ ਖੇਤ ਨੂੰ ਬੰਨ੍ਹ ਕੇ ਰੱਖਦੀ। ਆਪਣੇ ਨਾਟਕਾਂ ਵਿੱਚ ਇਕਹਿਰਾ ਪਾਤਰ ਸਿਰਜਣ ਤੋਂ ਵਾਹ ਲੱਗਦੇ ਗੁਰੇਜ਼ ਕਰਨ ਦਾ ਮੁੱਢਲਾ ਸਬਕ ਬੀਬੀ ਤੋਂ ਹੀ ਸਿੱਖਿਆ ਸੀ। ਬੀਬੀ ਗੁਰਦੁਆਰੇ ਜਾਣ ਦਾ ਨਿਤਨੇਮ ਕਦੇ ਟੁੱਟਣ ਨਹੀਂ ਸੀ ਦਿੰਦੀ, ਕੋਈ ਕਹਿ ਦਿੰਦਾ, ”ਭਾਗ ਕੁਰੇ, ਗੁਰੂਘਰ ਨੇ ਤੇਰਾ ਬੰਦਾ ਖੋਹ ਲਿਆ! ਤੂੰ ਫੇਰ ਵੀ!” ਬੀਬੀ ਦਾ ਜਵਾਬ ਸਹਿਜ ਹੁੰਦਾ, ”ਗੁਰੂਘਰ ਨੇ ਮੇਰਾ ਘਰ ਉਜਾੜਨਾ ਹੁੰਦਾ ਤਾਂ ਮੈਨੂੰ ਵੀ ਭਟਕਾ ਦਿੰਦਾ, ਬੰਦੇ ਦੇ ਕਰਮ ਐ ਬਸ ਵੀਰਾ!” ਬਹੁਪਰਤੀ ਕਿਰਦਾਰ ਕੀ ਹੁੰਦਾ ਹੈ, ਬੀਬੀ ਦੇ ਵਿਹਾਰ ਨੇ ਦੱਸ ਪਾਈ ਸੀ। ਜਦੋਂ ਛੇ ਨਿਆਣਿਆਂ ਦੇ ਮੂੰਹੋਂ ਰਿਜ਼ਕ ਖੋਹ ਕੇ ਭਾਪਾ ਗੁਰਦੁਆਰੇ ਦੇ ਆਇਆ ਸੀ ਤਾਂ ਬੀਬੀ ਨੇ ਫਿਰ ਵੀ ਆਥਣ ਵੇਲੇ ਰੋਟੀ ਪਕਾਈ ਸੀ ਤੇ ਕਿਹਾ ਸੀ, ”ਖਾਓ ਪੁੱਤ, ਤਕੜੇ ਹੋਵੋ… ਕੁਛ ਨੀ ਹੋਇਆ!” ਪਰ ਜਦੋਂ ਦਰਬਾਰ ਸਾਹਿਬ ‘ਤੇ ਹਮਲਾ ਹੋਇਆ ਤਾਂ ਉਸ ਰਾਤ ਚੁੱਲ੍ਹੇ ਅੱਗ ਨਹੀਂ ਸੀ ਬਲੀ… ”ਬਹੁਤ ਕੁਝ ਹੋ ਗਿਆ ਸੀ!”
ਇਹ ਤਿੰਨ ਪਾਤਰ ਮੇਰੇ ‘ਤੇ ਅਸਰ ਪਾਉਂਦੇ ਨੇ, ਪਰ ਮੈਂ ਨਾ ਤਾਂ ਨਿਰਾ ਬੀਬੀ ਵਰਗਾ ਹੋਣਾ ਲੋਚਦਾ ਹਾਂ ਤੇ ਨਾ ਹੀ ਭਾਪੇ ਜਾਂ ਚਾਚੂ ਵਰਗਾ। …ਥੋੜ੍ਹਾ ਥੋੜ੍ਹਾ ਸਾਰਿਆਂ ਵਰਗਾ। ਆਪਣੇ ਨਾਟਕਾਂ ਦੇ ਪਾਤਰ ਸਿਰਜਣ ਵੇਲ਼ੇ ਵੀ ਇਹੀ ਕੋਸ਼ਿਸ਼ ਕਰਦਾ ਹਾਂ। ਮੈਨੂੰ ਅਹਿਸਾਸ ਹੈ ਕਿ ਅੱਡ-ਅੱਡ ਲੋਕਾਂ ਨੂੰ ਡੱਬਾਬੰਦ ਕਿਰਦਾਰਾਂ ਦੇ ਖੋਲ ‘ਚ ਟਿਕਾ ਕੇ ਅਸੀਂ ਬਹੁਤ ਨੁਕਸਾਨ ਕੀਤਾ ਹੈ। ਨਾਟ-ਕਲਾ ਕਹਿੰਦੀ ਹੈ ਕਿ ਸਮੇਂ, ਸਥਾਨ, ਕਾਰਨ ਤੇ ਸੰਗਤ ਦੇ ਹਿਸਾਬ ਨਾਲ ਪਾਤਰ ਦਾ ਵਿਵਹਾਰ ਬਦਲਦਾ ਹੈ। ਮੈਂ ਕਿਸੇ ਮੁਹੱਬਤੀ ਇਨਸਾਨ ਨੂੰ ਹਰ ਵਕਤ ਮੁਹੱਬਤ ਦੇ ਰੰਗ ਵਿੱਚ ਗੜੁੱਚ ਨਹੀਂ ਦਿਖਾ ਸਕਦਾ ਤੇ ਕਿਸੇ ਹੰਕਾਰੀ ਪੁਰਸ਼ ਨੂੰ ਕਦੇ ਕਦੇ ਹੰਕਾਰ ਦੇ ਘੋੜੇ ਤੋਂ ਹੇਠਾਂ ਉਤਾਰ ਕੇ ਆਮ ਮਨੁੱਖ ਦੇ ਰੂਪ ‘ਚ ਨਹੀਂ ਲਿਖਾਂਗਾ ਤਾਂ ਆਪਣੀ ਵਿਧਾ ਦੇ ਧਰਮ ਨੂੰ ਅਧਰਮ ਵਿੱਚ ਬਦਲ ਰਿਹਾ ਹੋਵਾਂਗਾ। ਸ਼ਾਇਦ ਇਸੇ ਲਈ ਮੇਰਾ ਨਾਟਕ ‘ਧੰਨ ਲੇਖਾਰੀ ਨਾਨਕਾ’ ਦੇਖਣ ਤੋਂ ਬਾਅਦ ਕੁਝ ਖੱਬੇਪੱਖੀ ਕਹਿੰਦੇ ਨੇ, ”ਨਾਟਕ ਵਿੱਚ ਬਹੁਤਾ ਈ ਬਾਬਾ ਬਾਬਾ ਨੀ ਹੋ ਗਿਐ!” ਤੇ ਕੁਝ ਸੱਜੇਪੱਖੀ ਕਹਿੰਦੇ ਨੇ, ”ਤੂੰ ਧਰਮ ‘ਤੇ ਹਮਲਾ ਕਰਦੈਂ!” ਮੈਂ ਆਪਣੇ ਨਾਟਕ ‘ਚ ਮਨੁੱਖ ਨੂੰ ਮਨੁੱਖ ਦੇ ਸਮੁੱਚ ਸਮੇਤ ਫੜਨਾ ਤੇ ਚਿਤਰਨਾ ਚਾਹੁੰਦਾ ਹਾਂ। ਪਿੰਡ ਵਿੱਚ ਰਿਹਾ ਹਾਂ, ਪਿੰਡ ਮੇਰੇ ਅੰਦਰ ਵਸਿਆ ਹੋਇਆ ਹੈ। ਪਿੰਡ ਦੇ ਹਰ ਬੰਦੇ ਦੇ ਸਿਰ ‘ਤੇ ਕੋਈ ਝੰਡਾ ਲਹਿਰਾ ਰਿਹਾ ਹੁੰਦਾ ਹੈ… ਕਿਸੇ ਨਾ ਕਿਸੇ ਸਿਆਸੀ ਪਾਰਟੀ ਦਾ! ਪਰ ਜਦੋਂ ਇਹ ਝੰਡਾ ਵਿਸ਼ਰਾਮ ਦੀ ਸਥਿਤੀ ਵਿੱਚ ਹੁੰਦਾ ਹੈ, ਜਦੋਂ ਉਹ ਇਹ ਸਭ ਨਹੀਂ ਹੁੰਦੇ, ਉਦੋਂ ਉਹ ਕਿਹੋ ਜਿਹੇ ਮਨੁੱਖ ਹੁੰਦੇ ਨੇ… ਕਿਹੋ ਜਿਹੀਆਂ ਗੱਲਾਂ ਕਰਦੇ ਨੇ… ਕਿੱਦਾਂ ਦੀਆਂ ਟਿੱਚਰਾਂ, ਕਿੱਦਾਂ ਦੇ ਫ਼ਿਕਰ… ਮੇਰਾ ਨਾਟਕ ਉਸ ਮਨੁੱਖ ਦੀ ਭਾਲ ਵਿੱਚ ਹੈ।
ਸ਼ੁਰੂ ਦੀਆਂ ਨਾਟਕੀ ਮਸ਼ਕਾਂ ਦੌਰਾਨ ਅਸਹਿਜ ਉਲਾਰ ਪਾਤਰ ਸਿਰਜਦਿਆਂ ਇਉਂ ਲੱਗਦਾ ਸੀ ਜਿਵੇਂ ਕੋਈ ਕਿਲ੍ਹਾ ਸਰ ਕਰ ਲਿਆ ਹੋਵੇ, ਪਰ ਵਕਤ ਬੀਤਣ ਨਾਲ ਮੇਰੇ ਅੰਦਰ ਸਹਿਜ ਨਾਇਕ ਸਿਰਜਣ ਦੀ ਚਾਹਤ ਵਿਚਾਰਧਾਰਕ ਨੀਤੀ ਦੇ ਤੌਰ ‘ਤੇ ਉੱਭਰੀ। ਮੇਰੇ ਨਾਟਕ ਵਿੱਚ ਭਗਤ ਸਿੰਘ ਆਵੇ ਤਾਂ ਕਿਸੇ ਦ੍ਰਿਸ਼ ਵਿੱਚ ਮੋਢੇ ਨੀਵੇਂ ਕਰ ਕੇ ਵੀ ਆਵੇ, ਆਮ ਬੰਦਿਆਂ ਵਾਂਗ! ਬਾਬਾ ਨਾਨਕ ਕਦੇ ਕਦੇ ਕੋਈ ਸ਼ਰਾਰਤ ਜਿਹੀ ਕਰੇ! ਬਾਬਾ ਭਕਨਾ ਮੇਰੇ ਚਾਚੂ ਦੀ ਤਰ੍ਹਾਂ ਮੋਟੀ ਗਾਲ੍ਹ ਕੱਢੇ ਤੇ ਗ਼ਦਰੀ ਗੁਲਾਬ ਕੌਰ ਬਸੰਤੀ ਚੁੰਨੀ ਦੀ ਪੁੱਠੀ ਬੁੱਕਲ ਮਾਰ ਕੇ ਮੂਲ ਮੰਤਰ ਦਾ ਜਾਪ ਕਰੇ! ਇਸੇ ਲਈ ‘ਸੰਮਾਂ ਵਾਲੀ ਡਾਂਗ’ ਨਾਟਕ ਵਿੱਚ ਲੜਦੇ-ਭਿੜਦੇ ਰਿਝਦੇ ਬਖਤਾਵਰ ਸਿੰਘ ਤੇ ਸਿਮਰ ਕੌਰ ਦਾ ਮੁਹੱਬਤੀ ਦ੍ਰਿਸ਼ ਦੋ ਵਾਰ ਸਿਰਜਦਾ ਹਾਂ… ਇੱਕ ਵਾਰ ਪ੍ਰਚੰਡ ਰੂਪ ‘ਚ ਅਭੇਦ ਹੋਣ ਦਾ ਤੇ ਦੂਜੀ ਵਾਰ ਸ਼ਰਾਰਤ ਵਾਲਾ, ਉਹ ਵੀ ਖੇਤ ਦੀ ਵੱਟ ‘ਤੇ…! ਮੇਰਾ ਨਾਟਕ ਜ਼ਿੰਦਗੀ ਦੇ ਸੂਖ਼ਮ ਰੰਗ ਨਹੀਂ ਫੜੇਗਾ ਤਾਂ ਸਥੂਲ ਤਬਦੀਲੀ ਦਾ ਵੀ ਕੁਝ ਨਹੀਂ ਸੁਆਰ ਸਕੇਗਾ! ਮੇਰੇ ਲਈ ‘ਲੱਛੂ ਕਬਾੜੀਆ’ ਨਾਟਕ ‘ਚ ਲਿਖੇ ਸੈਂਕੜੇ ਸੰਵਾਦਾਂ ਤੋਂ ਵੀ ਵੱਡਾ ਸੰਵਾਦ ਉਹ ਹੈ, ਜਦੋਂ ਇੱਕ ਕਮਰੇ ਵਾਲੇ ਖੋਲ਼ਾਨੁਮਾ ਘਰ ‘ਚ ਬੀਬੀ ਬਾਪੂ ਵਾਲੇ ਪਾਸੇ ਪੱਲੀ ਤਾਣ ਕੇ ਲੱਛੂ ਆਪਣੀ ਵਹੁਟੀ ਨੂੰ ਕਹਿੰਦਾ ਹੈ, ”ਬੀਬੀ, ਅਜੇ ਸੁੱਤੀ ਨੀ ਮਿੰਦੀਏ, ਸੌਂ ਜਾਏਗੀ!” ਉਹ ਆਪਣੀ ਤੀਵੀਂ ਨੂੰ ਕੁੱਟਦੈ, ਗਾਲ੍ਹਾਂ ਕੱਢਦੈ, ਫਿਰ ਪਿਆਰ ਕਰਦੈ! ਇਨ੍ਹਾਂ ਪਲਾਂ ਬਾਰੇ ਤੱਟਫੱਟ ਕੋਈ ਨਿਰਣਾ ਦੇ ਕੇ ਤੁਸੀਂ ਕਿਰਦਾਰ ਨੂੰ ਪਰਿਭਾਸ਼ਿਤ ਨਹੀਂ ਕਰ ਸਕਦੇ ਸਗੋਂ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹੋ… ਮੇਰਾ ਨਾਟਕ ਸਮਝਣ ਦੇ ਆਹਰ ਵਿੱਚ ਹੈ।
‘ਲੱਛੂ ਕਬਾੜੀਆ’ ਕਿਵੇਂ ਹੋਂਦ ‘ਚ ਆਇਆ। ਦੋ ਘਟਨਾਵਾਂ ਨੇ ਮੈਨੂੰ ਬੇਚੈਨ ਕੀਤਾ ਸੀ। ਉਨ੍ਹਾਂ ਘਟਨਾਵਾਂ ਬਾਰੇ ਜਾਣਨ ਤੋਂ ਪਹਿਲਾਂ ਪਿੰਡ ਦੇ ਇੱਕ ਦ੍ਰਿਸ਼ ‘ਤੇ ਗੌਰ ਫਰਮਾਓ। ਮੇਰੇ ਦਾਦੇ ਚਾਰ ਭਰਾ ਸਨ। ਵੱਡੇ ਨੂੰ ਅਸੀਂ ਤਾਇਆ ਕਹਿੰਦੇ, ਠਰੰਮੇ ਵਾਲਾ ਤਾਇਆ; ਉਸ ਤੋਂ ਛੋਟਾ ਬਾਈ, ਘੱਟ ਬੋਲਦਾ; ਤੀਜੇ ਨੰਬਰ ਤੇ ਚਾਚੂ, ਅੱਗ ਦੀ ਨਾਲ਼ ਅਤੇ ਸਭ ਤੋਂ ਛੋਟਾ ਬਾਪੂ, ਲੜਨ ਲਈ ਤਿਆਰ-ਬਰ-ਤਿਆਰ! ਲੜਾਈ ਦਾ ਨਾਂ ਸੁਣ ਕੇ ਚਾਰਾਂ ਨੂੰ ਹੀ ਚਾਅ ਚੜ੍ਹ ਜਾਂਦਾ। ਡਾਂਗਾਂ, ਟਕੂਏ, ਗੰਡਾਸੀ ਵਾਹੁਣ ‘ਚ ਉਸਤਾਦ! ਪਿੰਡ ਵਿੱਚ ਕੋਈ ਚੋਰ ਆ ਵੜਦਾ, ਡਾਕਾ, ਆਫ਼ਤ ਹੁੰਦੀ ਇਨ੍ਹਾਂ ‘ਚੋਂ ਕੋਈ ਇੱਕ ਲਲਕਾਰਾ ਮਾਰਦਾ। ਫਿਰ ਪਤਾ ਨਹੀਂ ਕਿਹੜੇ-ਕਿਹੜੇ ਖੂੰਜਿਓਂ ਬਾਕੀ ਤਿੰਨ ਨਿਕਲ ਆਉਂਦੇ! ਫਿਰ ਰਲ਼ਵਾਂ ਲਲਕਾਰਾ ਵੱਜਦਾ। ਲਲਕਾਰੇ ਦੀ ਆਵਾਜ਼ ਪਿੰਡ ਦੇ ਲਹਿੰਦੇ ਪਾਸੇ ਗੂੰਜਦੀ… ਭਗਤੂ, ਹੁਕਮਾ, ਸੀਬਾ, ਨਰੈਣਾ ਮੋੜਵਾਂ ਲਲਕਾਰਾ ਮਾਰਦੇ, ”ਬਸ ਆ ਗਏ ਵਤਨ ਸਿਆਂਅਅਅ!” ਮਿਲ ਕੇ ਡਾਂਗ ਵਾਹੁੰਦੇ, ਜਿੱਤ ਕੇ ਮੁੜਦੇ। ਸੱਟਾਂ ਵੀ ਲੱਗਦੀਆਂ। ਤ੍ਰਿਕਾਲਾਂ ਪੈਂਦੀਆਂ ਤਾਂ ਤਾਇਆ ਘਿਓ ਨਾਲ ਭਰੀ ਵੱਡੀ ਬਾਟੀ ਕਿਸੇ ਨਿਆਣੇ ਦੇ ਹੱਥ ਫੜਾਉਂਦਾ, ”ਦੇ ਆ ਭਗਤੂ ਹੁਰਾਂ ਨੂੰ, ਘੇਅ ਸੱਟਾਂ ਚੁਗ਼ ਲਊਗਾ!” ਲੱਛੂ ਕਬਾੜੀਆ ਲਿਖਦਿਆਂ ਵਾਰ-ਵਾਰ ਅਹਿਸਾਸ ਹੋਇਆ ਜਿਵੇਂ ਸਾਰੇ ਸੰਸਾਰ ‘ਚ ਫੈਲੇ ਭਗਤੂਆਂ ਸੀਬਿਆਂ ਲਈ ਮੈਂ ਘਿਓ ਦਾ ਛੰਨਾ ਪੇਸ਼ ਕਰ ਰਿਹਾ ਹੋਵਾਂ… ਕੁਝ ਸੱਟਾਂ ਤਾਂ ਚੁਗ ਹੀ ਸਕਦਾ ਹਾਂ!
ਉਹ ਦੋ ਘਟਨਾਵਾਂ ਕੀ ਨੇ। ਇੱਕ ਦਿਨ ਕਿਰਤੀ ਪਰਿਵਾਰ ਦਾ ਇੱਕ ਹਾਣੀ ਮਿੱਤਰ ਮੇਰੇ ਮੋਢੇ ਲੱਗ ਰੋਣ ਲੱਗ ਪਿਆ, ਉਸ ਭੁੱਬ ਮਾਰੀ, ”ਯਾਰ, ਰਾਤੀਂ ਤੇਰੀ ਭਾਬੀ ਕੁੱਟੀ ਗਈ!” ਅਜੇ ਮਹੀਨਾ ਹੋਇਆ ਸੀ ਉਹਦੇ ਵਿਆਹ ਨੂੰ… ਮੁਹੱਬਤੀ ਪਲਾਂ ਲਈ ਲੋੜੀਂਦੀ ਆਜ਼ਾਦ ਥਾਂ ਨਾ ਹੋਣ ਦੀ ਬੇਬਸੀ ਸੁਣਦਾ ਮੈਂ ਸੁੰਨ ਹੋ ਗਿਆ ਸੀ। ਫਿਰ ਇੱਕ ਦਿਨ ਰਿਸ਼ਤੇਦਾਰੀ ਵਿੱਚ ਕਿਸੇ ਵਿਆਹ ਮੌਕੇ ਇੱਕ ਪਿੰਡ ਦੇ ਗੁਰਦੁਆਰੇ ‘ਚ ਬੈਠਾ ਕੀਰਤਨ ਸੁਣ ਰਿਹਾ ਸੀ ਕਿ ਮੇਰਾ ਧਿਆਨ ਕੰਧ ‘ਤੇ ਲਿਖੀ ਇਬਾਰਤ ਵੱਲ ਚਲਾ ਗਿਆ। ਪੰਜ ਪਿਆਰਿਆਂ ਦੇ ਨਾਮ ਲਿਖੇ ਹੋਏ ਸਨ: ਦਇਆ ਸਿੰਘ, ਖੱਤਰੀ, ਲਾਹੌਰ ਤੋਂ। ਧਰਮ ਸਿੰਘ, ਜੱਟ, ਦਿੱਲੀ ਤੋਂ। … ਹੇਠਾਂ ਮੋਹਕਮ ਸਿੰਘ, ਸਾਹਿਬ ਸਿੰਘ ਤੇ ਹਿੰਮਤ ਸਿੰਘ ਦੇ ਸਿਰਫ਼ ਨਾਮ, ਵੇਰਵਾ ਕੋਈ ਨਹੀਂ। ਮੈਂ ਪ੍ਰਧਾਨ ਨੂੰ ਪੁੱਛਿਆ, ਉਹਦਾ ਜਵਾਬ ਰੌਂਗਟੇ ਖੜ੍ਹੇ ਕਰਨ ਵਾਲਾ ਸੀ, ”ਲੈ ਹੁਣ ਸਿੰਘਾਂ ਦੇ ਨਾਂ ਨਾਲ ਨਾਈ, ਛੀਂਬਾ, ਝੀਰ ਲਿਖਦੇ ਚੰਗੇ ਲੱਗਦੇ ਆਂ!” ਹੈਰਾਨੀ, ਪਰੇਸ਼ਾਨੀ ਤੇ ਪਸ਼ੇਮਾਨੀ ਮੇਰੇ ਰੋਮ-ਰੋਮ ਵਿੱਚ ਫੈਲ ਗਈ। ਬਹਿਸ ਨਾ ਕੀਤੀ। ਪਿੱਠ ਘੁਮਾਈ। ਸਾਹਮਣੇ ਕੰਧ ‘ਤੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਵੱਡ-ਆਕਾਰੀ ਤਸਵੀਰਾਂ ਸਨ। ਦੋਵੇਂ ਮੁਸਕਰਾ ਰਹੇ ਸਨ। ਮੇਰੇ ਜ਼ਿਹਨ ਵਿੱਚ ਸੁਰਜੀਤ ਪਾਤਰ ਦਾ ਸ਼ਿਅਰ ਗੂੰਜਿਆ, ”ਇਹ ਤਾਂ ਏਥੇ ਵਗਦੀਆਂ ਹੀ ਰਹਿਣੀਆਂ ਪੌਣਾਂ ਕੁਪੱਤੀਆਂ, ਉੱਠ ਜਗਾ ਦੇ ਮੋਮਬੱਤੀਆਂ!” …ਤੇ ਮੈਂ ਦੀਵਾ ਬਾਲਣ ਦਾ ਫ਼ੈਸਲਾ ਕਰ ਲਿਆ। ਹੋਰ ਬਹੁਤ ਕੁਝ ਸੀ, ਸਭ ਕੁਝ ਡਾਇਰੀ ‘ਚ ਦਰਜ ਕਰਦਾ ਗਿਆ। ਹੌਲੀ-ਹੌਲੀ ਵਿਸ਼ਾ ਅਤੇ ਥੀਮ ਸਪਸ਼ਟ ਹੁੰਦੇ ਗਏ। ਬੇਗ਼ਮਪੁਰਾ ਦਾ ਸੁਪਨਸਾਜ਼ ਬਾਬਾ ਰਵਿਦਾਸ, ਨਿਰਭੈ ਹੋ ਸੱਚ ਦਾ ਹੋਕਾ ਦੇਣ ਵਾਲਾ ਬਾਬਾ ਨਾਨਕ, ਊਚ ਨੀਚ ਦਾ ਫ਼ਰਕ ਮਿਟਾਉਣ ਵਾਲਾ ਗੁਰੂ ਗੋਬਿੰਦ ਸਿੰਘ… ਮੇਰੇ ਅੰਗ ਸੰਗ ਸਨ। ਮੇਰੇ ਪਿੰਡ ਵਿੱਚ ਕੋਈ ਕਬਾੜੀਆ ਨਹੀਂ ਸੀ, ਪਰ ਲੱਛੂ ਬਹੁਤ ਹਨ! ਕਬਾੜ ਬਣਾ ਦਿੱਤੇ ਗਏ, ਕਬਾੜ ‘ਚ ਸੁੱਟ ਦਿੱਤੇ ਗਏ ਲੱਛੂ! ਤੇ ਮੈਂ ਉਸ ਕਬਾੜ ‘ਚੋਂ ਚੁਣ ਕੇ ਉਨ੍ਹਾਂ ਦੀ ਮਾਣ ਇੱਜ਼ਤ ਨਰੋਏ ਸਰੀਰਾਂ ਦੇ ਸਿਰਾਂ ‘ਤੇ ਸਜਾਉਣ ਦੇ ਰਾਹ ਪੈ ਗਿਆ।
ਨਾਟਕ ਦਾ ਅਸਲ ਇਮਤਿਹਾਨ ਮੰਚ ‘ਤੇ ਹੁੰਦਾ ਹੈ। ਦਰਸ਼ਕ ਨੇ ਨਾਟਕ ਦੇਖਦਿਆਂ ਮਨੋ-ਮਨੀ ਇਸ ਨੂੰ ਪੜ੍ਹਨਾ ਵੀ ਹੁੰਦਾ ਹੈ। ਅਸਰ ਫੌਰੀ ਹੋਵੇ ਤੇ ਸਦੀਵੀ ਵੀ ਰਹੇ, ਉਹਦੇ ਲਈ ਜਿੰਨਾ ਗਹਿਰਾ ਉਤਰਿਆ ਜਾਵੇ, ਓਨਾ ਹੀ ਪ੍ਰਭਾਵ ਪਕੇਰਾ ਬਣਦਾ ਹੈ, ਪਰ ਵਜ਼ਨਦਾਰ ਗੱਲ ਆਮ ਬੋਲਚਾਲ ਦੀ ਭਾਸ਼ਾ ‘ਚ ਕਹਿਣਾ ਲਾਜ਼ਮੀ ਹੈ। ‘ਧੰਨ ਲੇਖਾਰੀ ਨਾਨਕਾ’ ਲਿਖਦਿਆਂ ਇੱਕ ਥਾਂ ਮੈਂ ਕਿੰਨੇ ਦਿਨ ਫਸਿਆ ਰਿਹਾ। ਨਾਟਕ ਦੇ ਮੁੱਖ ਪਾਤਰ ‘ਲੇਖਕ ਸਾਹਿਲ’ ਦੀ ਇੱਕ ਵੱਖਰੀ ਪਹੁੰਚ ਅਤੇ ਸੋਚ ਵਾਲੇ ਲੇਖਕ ਨਾਲ ਟੱਕਰ ਸਿਰਜਣੀ ਸੀ। ਗੱਲ ਤਾਂ ਇੰਨੀ ਸੀ ਕਿ ਉਹ ਲੇਖਕ ਸਾਹਿਲ ਨੂੰ ਆਪਣੀ ਲੇਖਣੀ ਰੂਪੀ ਮਿਠਾਈ ਉੱਤੇ ਧਰਮ, ਜ਼ਾਤ, ਨਸਲ, ਕੌਮ ਦਾ ‘ਚਮਕੀਲਾ ਵਰਕ’ ਲਾਉਣ ਲਈ ਕਹਿ ਰਿਹਾ ਹੈ ਤੇ ਸਾਹਿਲ ਨੇ ਇਹ ਪੇਸ਼ਕਸ਼ ਠੁਕਰਾਉਣੀ ਹੈ। ਸੀਨ ਦਾ ਆਖ਼ਰੀ ਸੰਵਾਦ ਤਿਆਰ ਹੈ ਪਰ ਉੱਥੇ ਪਹੁੰਚਣ ਲਈ ਦਿਲਚਸਪ ਘਾੜਤ ਘੜੀ ਜਾਂਦੀ ਹੈ। ਸਾਹਿਲ ਉਸ ਲੇਖਕ ਨੂੰ ਹੱਥ ਫੜ ਝੂਮਣ ਲਾ ਲੈਂਦਾ ਹੈ। ਫਿਰ ਇਤਰਾਂ ਦੇ ਚੋਅ ਵੱਲ ਲੈ ਜਾਂਦਾ ਹੈ ਜਿੱਥੇ ਸ਼ਿਵ ਬਟਾਲਵੀ ਤੇ ਜੋਗਿੰਦਰ ਬਾਹਰਲਾ ਪਿੱਤਲ ਦੇ ਗਲਾਸਾਂ ਵਿੱਚ ਸੋਨ ਰੰਗਾ ਪਾਣੀ ਪੀ ਰਹੇ ਹਨ। ਬਾਹਰਲੇ ਦੀ ਹੇਕ ਨਾਲ ਸਰਕੜੇ ਝੂਮ ਰਹੇ ਹਨ। ਸਾਹਮਣੇ ਵਾਲਾ ਲੇਖਕ ਠੰਢੀ ਰੇਤ ਵਿਚਲਾ ਸੇਕ ਅਨੁਭਵ ਕਰ ਰਿਹਾ ਹੈ ਤਾਂ ਸਾਹਿਲ ਉਸ ਨੂੰ ਉਂਗਲ ਫੜ ਪਿੰਡ ਦੇ ਦਰਵਾਜ਼ੇ ਵੱਲ ਲੈ ਜਾਂਦਾ ਹੈ ਜਿੱਥੇ ਨਿੰਮੇ ਝਿਓਰ ਵੱਲੋਂ ਪਾਣੀ ਛਿੜਕਣ ਨਾਲ ਇਸ਼ਕੀਆ ਮਿੱਟੀ ਤੇ ਪਾਣੀ ਇਕਮਿਕ ਹੋ ਰਹੇ ਹਨ। ਲੇਖਕ ਅਨੰਦ ਦੀ ਸਥਿਤੀ ‘ਚ ਹੈ ਤਾਂ ਸਾਹਿਲ ਉਸ ਨੂੰ ਪੱਕੀ ਕਣਕ ਦੇ ਖੇਤਾਂ ਵੱਲ ਮੋੜ ਲੈਂਦਾ ਹੈ ਜਿੱਥੇ ਕਣਕ ਦੇ ਰੁੱਗ ਧਰਤੀ ‘ਤੇ ਵਿਛ ਰਹੇ ਹਨ ਪਰ ਜੜ੍ਹਾਂ ਫਿਰ ਵੀ ਮਿੱਟੀ ਨਾਲ ਜੁੜੀਆਂ ਹੋਈਆਂ ਹਨ। ਉਹ ਚਾਰੇ ਪਾਸੇ ਵਿਛਿਆ ਸੋਨਾ ਨਿਹਾਰ ਰਿਹਾ ਹੈ ਤਾਂ ਸਾਹਿਲ ਉਸ ਦੇ ਕੰਨ ਗੁਰਦੁਆਰੇ ਦੇ ਸਪੀਕਰ ਤੋਂ ਗੂੰਜਦੀ ਬਾਬੇ ਦੀ ਬਾਣੀ ਦੇ ਸੱਚ ਵੱਲ ਘੁਮਾ ਦਿੰਦਾ ਹੈ। ਇਸ ਸੱਚ ਦੇ ਸਮਾਨਾਂਤਰ ਸੱਚੇ ਕਿਰਤੀਆਂ ਦਾ ਕਾਰਜ ਰੂਪਮਾਨ ਕਰਦਾ ਹੈ ਖੇਤਾਂ ਨੂੰ ਜਾਂਦੇ ਕਿਰਤੀ, ਫੈਕਟਰੀਆਂ ਵੱਲ ਸਾਈਕਲ ਦੇ ਪੈਡਲ ਮਾਰਦੇ ਕਿਰਤੀ, ਨਿੱਕੀ ਜਿਹੀ ਹੱਟ ਅੱਗੇ ਧੂਫ਼ ਧੁਖਾਉਂਦੇ ਕਿਰਤੀ। ਇਨ੍ਹਾਂ ਕਿਰਤੀਆਂ ਦੇ ਮੋਢੇ ਸੰਗ ਮੋਢਾ ਜੋੜ ਕਿਰਤ ਕਰਦੀਆਂ ਬੀਬੀਆਂ! ਲੇਖਕ ਸੱਚੀ-ਸੁੱਚੀ ਕਿਰਤ ਦੀ ਮਹਿਕ ਮਹਿਸੂਸ ਕਰ ਰਿਹਾ ਹੈ ਤਾਂ ਸਾਹਿਲ ਉਸ ਨੂੰ ਫੁੱਲਾਂ ਨਾਲ ਲੱਦੇ ਖੇਤਾਂ ਵਿੱਚ ਲਿਆ ਖੜ੍ਹਾ ਕਰਦਾ ਹੈ ਜਿੱਥੇ ਅਲਸੀ ਨੂੰ ਫੁੱਲ ਪੈ ਰਹੇ ਹਨ… ਤਾਰਾਮੀਰਾ ਖਿੜ ਉੱਠਿਆ ਹੈ… ਸਰ੍ਹੋਂ ਦੀਆਂ ਗੰਦਲਾਂ ਅੰਗੜਾਈ ਲੈ ਕੇ ਅੰਬਰ ਵੱਲ ਉੱਚੀਆਂ ਉੱਠ ਰਹੀਆਂ ਹਨ… ਗੰਦਲਾਂ ਦੇ ਸਿਰਾਂ ‘ਚੋਂ ਪੀਲੇ ਫੁੱਲ ਬਾਹਰ ਨਿਕਲਦੇ ਹਨ ਤੇ ਸਾਹਿਲ ਉਸ ਲੇਖਕ ਦੀ ਬਾਂਹ ਫੜ ਮਸਤੀ ਦੇ ਆਲਮ ਵਿੱਚ ਨੱਚਣ ਲੱਗਦਾ ਹੈ। ਹੁਣ ਸਾਹਿਲ ਜਾਣਦਾ ਹੈ ਕਿ ਉਹ ਲੇਖਕ ਆਖ਼ਰੀ ਸੱਟ ਲਈ ਤਿਆਰ ਹੋ ਚੁੱਕਾ ਹੈ (ਪਾਠਕ ਜਾਂ ਦਰਸ਼ਕ ਵੀ!) ਤੇ ਉਹ ਇਕਦਮ ਚੁੱਪ ਦਾ ਮਾਹੌਲ ਪੈਦਾ ਕਰਕੇ ਸਰ੍ਹੋਂ ਦੇ ਫੁੱਲਾਂ ਤੋਂ ਰੂਪ ਵਟਾ ਕੇ ਤਿਆਰ ਹੋਏ ਬੀਜ ‘ਚੋਂ ਨਿਕਲੇ ਤੇਲ ਦੀ ਬਾਤ ਛੋਹ ਲੈਂਦਾ ਹੈ। ਉਹ ਤੇਲ ਜਿਸ ਦਾ ਭਾਅ ਫ਼ਸਲ ਬੀਜਣ ਤੇ ਵੱਢਣ ਵਾਲੇ ਨੇ ਨਹੀਂ ਮਿਥਣਾ। ਹੁਣ ਸਾਹਿਲ ਉਸ ਲੇਖਕ ਸਾਹਮਣੇ ਸਵਾਲ ਖੜ੍ਹੇ ਕਰਦਾ ਹੈ ਕਿ ਜਿਸ ਬੀਜੀ, ਜਿਸ ਵੱਢੀ, ਉਹ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਆਤੁਰ ਕਿਉਂ ਹੈ। ਹੁਣ ਸੰਵਾਦ ਗੂੰਜਦਾ ਹੈ, ”ਉਸ ਵੇਲੇ ‘ਚਮਕੀਲੇ ਵਰਕ ਵਾਲੇ ਲੇਖਕ ਸਾਹਿਬ’ ਐਨ ਉਸ ਵੇਲੇ, ਤੇਰਾ ਫਾਰਮ ਹਾਊਸ ਤੇ ਮੇਰਾ ਕਿਸ਼ਤਾਂ ਨਾਲ ਬਣਿਆ ਘਰ ਆਪਸ ਵਿੱਚ ਟਕਰਾਅ ਜਾਂਦੇ ਹਨ!” ਜੇ ਮੈਂ ਇਹ ਸਭ ਕੁਝ ਸਿਰਜੇ ਬਿਨਾਂ ਸਾਹਿਲ ਦਾ ਜਵਾਬ ਲਿਖ ਦਿੰਦਾ ਤਾਂ ਉਹਦੀ ਬੜ੍ਹਕ ਓਪਰੀ ਰਹਿ ਜਾਣੀ ਸੀ, ਪਰ ਮੈਂ ਆਪਣੇ ਨਾਟ ਸੰਸਾਰ ਦੇ ਧੁਰ ਅੰਦਰ ਡੂੰਘੇ ਪਾਣੀਆਂ ਵਿੱਚ ਚੁੱਭੀ ਮਾਰਨ ਦੀ ਚਾਹਤ ਪਾਲ ਰਿਹਾ ਹਾਂ।
ਮੈਂ ਦੁਆਬੇ ਦਾ ਰਹਿਣ ਵਾਲਾ ਹਾਂ। ਬਚਪਨ ਤੋਂ ਹੀ ਆਪਣੇ ਲੋਕਾਂ ਨੂੰ ਅੰਬਾਂ ਦੀ ਪੈਲ ਪਾਉਂਦੇ ਦੇਖਦਾ ਰਿਹਾ। ਆਪਣੇ ਨਾਟਕ ਲਿਖਦਿਆਂ ਵੀ ਮੇਰਾ ਹਾਲ ਇਹ ਹੀ ਹੁੰਦਾ ਹੈ। ਵਿਸ਼ਾ ਸੋਚ ਲੈਂਦਾ ਹਾਂ। ਫਿਰ ਉਸ ਨੂੰ ਡਾਇਰੀ ਦੇ ਸਪੁਰਦ ਕਰ ਦਿੰਦਾ ਹਾਂ। ਕਈ ਵਾਰ ਸਾਲਾਂਬੱਧੀ ਉਸ ਵਿਸ਼ੇ ਦੀਆਂ ਟਾਹਣੀਆਂ, ਪੱਤੇ ਅਤੇ ਫੁੱਲ ਇਕੱਠੇ ਕਰਦਾ ਰਹਿੰਦਾ ਹਾਂ। ਫ਼ਲ ਪੱਕਣ ‘ਤੇ ਆ ਜਾਵੇ ਤਾਂ ਕਾਗਜ਼ ‘ਤੇ ਨਾਟਕ ਉਤਾਰਦਿਆਂ ਵਕਤ ਨਹੀਂ ਲੱਗਦਾ। ਆਪਣੇ ਨਵੇਂ ਨਾਟਕ ‘ਸੰਦੂਕੜੀ ਖੋਲ੍ਹ ਨਰੈਣਿਆ’ ਵਿੱਚ ਪੰਜਾਬ ਦੀ ਜਵਾਨੀ ਦੀ ਸਮਝ, ਰਮਜ਼, ਦਸ਼ਾ-ਦਿਸ਼ਾ, ਵਰਤਮਾਨ, ਸੰਭਾਵਿਤ ਭਵਿੱਖ ਦੇਖਣ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਜਵਾਨੀ ਦੀ ਇਮਾਰਤ ਬਾਰੇ ਮੈਂ ਫ਼ਿਕਰਮੰਦ ਹਾਂ। ਇਸ ਦੀਆਂ ਨੀਹਾਂ ‘ਚ ਚਾਰ ਸਾਹਿਬਜ਼ਾਦੇ ਨੇ, ਭਗਤ ਸਿੰਘ, ਸਰਾਭਾ, ਊਧਮ ਸਿੰਘ ਨੇ… ਰਾਂਝਾ ਮਿਰਜ਼ਾ ਵੀ ਹੈ… ਸ਼ਿਵ ਬਟਾਲਵੀ ਵੀ ਹੈ… ਭਾਈ ਜੈਤਾ ਵੀ ਕੁਝ ਕੰਧਾਂ ਦਾ ਭਾਰ ਸਾਂਭੀ ਬੈਠਾ ਹੈ, ਪਰ ਤਵਾਜ਼ਨ ਹਿੱਲਿਆ ਹੋਇਆ ਹੈ। ਇਮਾਰਤ ਮਜ਼ਬੂਤੀ ਨਾਲ ਤਾਂ ਹੀ ਖੜ੍ਹਦੀ ਹੈ, ਜੇ ਰੇਤ ਬਜਰੀ ਸੀਮਿੰਟ ਦਾ ਮਿਸ਼ਰਣ ਸਹੀ ਅਨੁਪਾਤ ਵਿੱਚ ਹੋਵੇ। ਸਾਡੀ ਜਵਾਨੀ ਦਾ ਮਿਸ਼ਰਣ ਕਿਤੇ ਹਿੱਲ ਗਿਆ ਹੈ, ਹਿਲਾ ਦਿੱਤਾ ਗਿਆ ਹੈ। ਉਸਤਾਦ ਲੋਕਾਂ ਨੇ ਠੱਗੀ ਵੀ ਮਾਰੀ ਹੈ, ਉਸਤਾਦ ਲੋਕ ਹੀ ਫ਼ਿਕਰਮੰਦ ਵੀ ਹਨ। ਮੈਂ ਆਪਣੇ ਨਾਟਕ ਵਿੱਚ ਜਵਾਨੀ ਨੂੰ ਹਾਕ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹਾਂ… ਓਪਰੇ, ਭਾਰੇ ਤੇ ਬੜਬੋਲੇ ਢੰਗ ਨਾਲ ਨਹੀਂ। ਜਵਾਨੀ ਨੂੰ ਜੱਫੀ ‘ਚ ਲੈ ਕੇ ਕੰਨ ਦੇ ਕੋਲ ਜਾ ਕੇ ਸਹਿਜ ਨਾਲ! ਨਾਟਕ ਨੇ ਇਕੱਲੇ ਫ਼ਿਕਰਾਂ ਦੀ ਬਾਂਹ ਨਹੀਂ ਫੜਨੀ, ਆਪਣੀ ਵਿਧਾ ਦਾ ਧਰਮ ਵੀ ਨਿਭਾਉਣਾ ਹੈ! ਦੋਵੇਂ ਇਕਸੁਰ ਰਹਿਣ, ਫਿਰ ਕਲਾਤਮਿਕ ਸੰਤੁਸ਼ਟੀ ਵੀ ਹੁੰਦੀ ਐ ਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਵੀ ਨਿਭਾਈ ਜਾਂਦੀ ਹੈ। ਮੇਰਾ ਨਾਟ ਸਫ਼ਰ ਇਸ ਰਾਹ ਦਾ ਪਾਂਧੀ ਹੈ।
ਸੰਪਰਕ: 98880-11096
ਈ-ਮੇਲ: sssahebealam@gmail.com