ਹਤਿੰਦਰ ਮਹਿਤਾ
ਜਲੰਧਰ, 26 ਜੂਨ
ਹੁਸ਼ਿਆਰਪੁਰ ਰੋਡ ‘ਤੇ ਸਥਿਤ ਇੱਕ ਵਾਟਰ ਪਾਰਕ ਦੇ ਸਵੀਮਿੰਗ ਪੂਲ ‘ਤੇ ਸੰਟਟ ਕਰਨ ਲਈ ਤਾਰ ‘ਤੇ ਲਾਏ ਸਾਈਕਲ ‘ਤੇ ਫੋਟੋ ਖਿਚਵਾਉਣ ਦਾ ਸ਼ੌਕ ਨੌਜਵਾਨ ਨੂੰ ਮਹਿੰਗਾ ਪਿਆ। ਮਿਲੀ ਜਾਣਕਾਰੀ ਅਨੁਸਾਰ ਇੱਕ ਨੌਜਵਾਨ ਫੋਟੋ ਖਿਚਵਾਉਣ ਲਈ ਸੰਟਟ ਵਾਲੇ ਸਾਈਕਲ ‘ਤੇ ਚੜ੍ਹ ਗਿਆ, ਪਰ ਸਾਈਕਲ ਵਿਚ ਹੀ ਰੁਕ ਜਾਣ ਕਾਰਨ ਸਾਈਕਲ ਦਾ ਸੰਤੁਲਨ ਵਿਗੜ ਗਿਆ ਤੇ ਨੌਜਵਾਨ ਰੱਸੀਆਂ ਵਿਚ ਹੀ ਲਟਕ ਗਿਆ। ਵਾਟਰ ਪਾਰਕ ਦੇ ਪ੍ਰਬੰਧਕਾਂ ਅਨੁਸਾਰ ਸਾਈਕਲ ਨੂੰ ਲਗਾਤਾਰ ਚਲਾ ਕੇ ਦੂਜੀ ਤਰਫ ਜਾਣਾ ਹੁੰਦਾ ਹੈ ਪਰ ਨੌਜਵਾਨ ਨੇ ਸਾਈਕਲ ਵਿਚਕਾਰ ਹੀ ਰੋਕ ਕੇ ਆਪਣੇ ਦੋਸਤਾਂ ਨੂੰ ਫੋਟੋ ਖਿੱਚਣ ਲਈ ਕਿਹਾ। ਇਸੇ ਦੌਰਾਨ ਸਾਈਕਲ ਦਾ ਸੰਤੁਲਨ ਵਿਗੜ ਗਿਆ ਤੇ ਨੌਜਵਾਨ ਉਥੇ ਰੱਸੀਆਂ ਵਿਚਕਾਰ ਲਟਕ ਗਿਆ ਤੇ ਘਬਰਾ ਕੇ ਚੀਕਾਂ ਮਾਰਨ ਲੱਗ ਪਿਆ ਜਿਸ ‘ਤੇ ਵਾਟਰ ਪਾਰਕ ਦੇ ਸੁਰੱਖਿਆ ਕਰਮੀ ਸੇਫਟੀ ਬੈਲਟ ਲਾ ਕੇ ਉਸ ਕੋਲ ਪਹੁੰਚੇ। ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਉਕਤ ਨੌਜਵਾਨ ਨੂੰ ਹੇਠਾਂ ਉਤਾਰਿਆ। ਵਾਟਰ ਪਾਰਕ ਵਿਚ ਆਏ ਲੋਕ ਉਥੇ ਪਾਣੀ ਦਾ ਆਨੰਦ ਲੈਣ ਦੀ ਬਜਾਏ ਰੱਸੀਆਂ ਵਿਚ ਫਸੇ ਨੌਜਵਾਨ ਨੂੰ ਦੇਖ ਕੇ ਹੱਸਦੇ ਰਹੇ।