ਭਾਰਤ ਦੀ ਆਜ਼ਾਦੀ ਲਈ ਸਭ ਤੋਂ ਪਹਿਲਾਂ ਸੰਘਰਸ਼ ਕਰਦਿਆਂ ਸਮੁੱਚੇ ਦੇਸ਼ ਵਿਚੋਂ ਸਭ ਤੋਂ ਪਹਿਲੇ ਸ਼ਹੀਦ ਹੋਣ ਦਾ ਮਾਣ ਮਹਾਨ ਸਪੂਤ ਬਾਬਾ ਮਹਾਰਾਜ ਸਿੰਘ ਨੂੰ ਹੈ। ਇਸ ਮਹਾਨ ਯੋਧੇ ਦਾ ਜਨਮ 13 ਜਨਵਰੀ 1780 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੱਬੋਂ ਉੱਚੀ ਵਿਖੇ ਹੋਇਆ। ਉਹ ਬਚਪਨ ਵਿਚ ਹੀ ਪ੍ਰਮਾਤਮਾ ਦੀ ਬੰਦਗੀ ਵਿਚ ਜੁੜੇ ਰਹੇ। ਜਵਾਨੀ ਵਿਚ ਪੈਰ ਧਰਦਿਆਂ ਬਾਬਾ ਜੀ ਨੌਰੰਗਾਬਾਦ ਡੇਰੇ ਚਲੇ ਗਏ, ਜਿੱਥੇ ਆਪ ਦਾ ਸੰਪਰਕ ਬਾਬਾ ਬੀਰ ਸਿੰਘ ਨੌਰੰਗਾਬਾਦ ਨਾਲ ਹੋਇਆ।
ਉਨ੍ਹਾਂ ਡੇਰੇ ਵਿਚ ਰਹਿ ਕੇ ਗੁਰਮਤਿ ਦੀ ਵਿੱਦਿਆ ਹਾਸਲ ਕੀਤੀ ਤੇ ਲੰਬਾ ਸਮਾਂ ਡੇਰੇ ਦੀ ਪ੍ਰਬੰਧਕੀ ਸੇਵਾ ਨਿਭਾਈ, ਜਿਸ ਸਦਕਾ ਬਾਬਾ ਬੀਰ ਸਿੰਘ ਦੇ ਸਵਰਗਵਾਸ ਹੋਣ ਪਿਛੋਂ ਆਪ ਡੇਰੇ ਦੇ ਮੁੱਖੀ ਬਣੇ। ਇਥੋਂ ਹੀ ਆਪ ਨੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਪਹਿਲਾਂ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਕੱਢਣ ਲਈ ਸੰਘਰਸ਼ ਆਰੰਭਿਆ। ਆਪ ਨੇ ਸ੍ਰੀ ਹਰਮਿੰਦਰ ਸਾਹਿਬ, ਅੰਮ੍ਰਿਤਸਰ ਜਾ ਕੇ ਅਰਦਾਸ ਕਰਕੇ ਪ੍ਰਣ ਕੀਤਾ, ‘‘ਮੈਂ ਭਾਰਤ ਦੀ ਆਜ਼ਾਦੀ ਲਈ ਲੜਾਂਗਾ ਜੇ ਕਾਮਯਾਬ ਨਾ ਹੋ ਸਕਿਆ ਤਾਂ ਸ਼ਹੀਦੀ ਪ੍ਰਾਪਤ ਕਰਾਂਗਾ।’’ ਇਸ ਸਬੰਧੀ ਜਦੋਂ ਅੰਗਰੇਜ਼ ਸਰਕਾਰ ਨੂੰ ਪਤਾ ਲੱਗਾ ਤਾਂ ਉਸਨੇ ਬਾਬਾ ਜੀ ਦੀ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਤੇ ਫੜਾਉਣ ਵਾਲੇ ਵਿਅਕਤੀ ਨੂੰ ਭਾਰੀ ਰਕਮ ਦੇਣ ਦਾ ਵਾਅਦਾ ਕੀਤਾ। ਬਾਬਾ ਜੀ ਰੂਪੋਸ਼ ਹੋ ਗਏ।
ਦੇਸ਼ ਦੀਆਂ ਅਨੇਕਾਂ ਥਾਵਾਂ ’ਤੇ ਜਾ ਕੇ ਦੇਸ਼ ਪ੍ਰੇਮੀਆਂ ਨੂੰ ਆਜ਼ਾਦੀ ਦੇ ਸੰਘਰਸ਼ ਲਈ ਪ੍ਰੇਰਿਆ। ਫਰਵਰੀ 1849 ਵਿਚ ਜਦੋਂ ਗੁਜਰਾਤ ਵਿਚ ਸਿੱਖ ਫ਼ੌਜਾਂ ਵਿਰੋਧੀਆਂ ਅੱਗੇ ਆਤਮ-ਸਮਰਪਣ ਕਰਨ ਲੱਗੀਆਂ ਤਾਂ ਆਪ ਅਚਾਨਕ ਉਥੇ ਪੁੱਜ ਗਏ, 80 ਸਾਲਾਂ ਦੇ ਬਜ਼ੁਰਗ ਨੇ ਅਜਿਹਾ ਜੋਸ਼ੀਲਾ ਭਾਸ਼ਣ ਦਿੱਤਾ ਕਿ ਸਿੱਖ ਫ਼ੌਜਾਂ ਮੁੜ ਮੈਦਾਨ ਵਿਚ ਡੱਟ ਗਈਆਂ। ਇਸ ਮੌਕੇ ਇਕ ਅੰਗਰੇਜ਼ ਅਫ਼ਸਰ ਨੇ ਆਪ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਆਪ ਹੱਥ ਨਾ ਆਏ। ਅੰਗਰੇਜ਼ ਸਰਕਾਰ ਵਿਰੁੱਧ ਬਗਾਵਤ ਕਰਨ ਲਈ ਆਪਣੇ ਸਾਥੀਆਂ ਸਮੇਤ 03 ਜਨਵਰੀ 1850 ਦਾ ਦਿਨ ਨਿਯਤ ਕੀਤਾ ਜਿਸ ਅਨੁਸਾਰ ਜਲੰਧਰ, ਹੁਸ਼ਿਆਰਪੁਰ ਆਦਿ ਦੀਆਂ ਫ਼ੌਜੀ ਛਾਉਣੀਆਂ ਵਿੱਚ ਅਚਾਨਕ ਵਿਦਰੋਹ ਕੀਤਾ ਜਾਣਾ ਸੀ। ਇਸ ਸਬੰਧੀ ਗੁਪਤ ਰੂਪ ’ਚ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ ਕਿ 6 ਦਿਨ ਪਹਿਲਾਂ 28 ਦਸੰਬਰ ਨੂੰ ਆਦਮਪੁਰ ਦੁਆਬੇ ਦੀ ਝਿੜੀ ਵਿਚੋਂ ਇਕ ਮੁਸਲਮਾਨ ਮੁਖਬਰ ਵੱਲੋਂ ਬਾਬਾ ਜੀ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ ਗਿਆ।
ਅੰਗਰੇਜ਼ ਸਰਕਾਰ ਨੇ ਬਾਬਾ ਜੀ ਨੂੰ ਜਲੰਧਰ ਛਾਉਣੀ ਦੀ ਜੇਲ੍ਹ ਵਿਚ ਰੱਖ ਕੇ ਕਈ ਦਿਨ ਭੁੱਖਾ ਪਿਆਸਾ ਰੱਖਿਆ। ਇਸ ਪਿਛੋਂ ਕਲਕੱਤੇ ਦੇ ਵਿਲੀਅਮ ਫ਼ੋਰਟ ਕਿਲ੍ਹੇ ਵਿਚ ਕਾਫ਼ੀ ਸਮਾਂ ਨਜ਼ਰਬੰਦ ਰੱਖਣ ਤੋਂ ਬਾਅਦ ਉਨ੍ਹਾਂ ਨੂੰ ਸਿੰਘਾਪੁਰ ਦੀ ਜੇਲ੍ਹ ਵਿਚ ਲਿਜਾ ਕੇ ਕਾਲ ਕੋਠੜੀ ਵਿਚ ਬੰਦ ਕਰ ਦਿੱਤਾ, ਜਿੱਥੇ ਕਿ ਹਵਾ ਤੇ ਰੋਸ਼ਨੀ ਦਾ ਕੋਈ ਪ੍ਰਬੰਧ ਨਹੀਂ ਸੀ। ਇਸ ਜੇਲ੍ਹ ਵਿਚ ਬਾਬਾ ਜੀ 6 ਵਰ੍ਹੇ ਕੈਦ ਰਹੇ ਤੇ ਆਪਣਾ ਸਮਾਂ ਸਿਮਰਨ ਕਰਦਿਆਂ ਗੁਜ਼ਾਰਿਆ। ਇੱਥੇ ਹੀ ਉਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਅਤੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਕਾਰਨ ਆਪ 05 ਜੁਲਾਈ 1856 ਨੂੰ 86 ਸਾਲ ਦੀ ਉਮਰ ਵਿਚ ਦੇਸ਼ ਦੀ ਆਜ਼ਾਦੀ ਲਈ ਸ਼ਹੀਦੀ ਪਾ ਗਏ। ਇਕ ਨਿਰਪੱਖ ਇਤਿਹਾਸਕਾਰ ਆਰਨੌਡਲ ਨੇ ਲਿਖਿਆ ਹੈ ਕਿ ਜੇ 28 ਦਸੰਬਰ ਨੂੰ ਬਾਬਾ ਜੀ ਨੂੰ ਨਾ ਫੜਿਆ ਜਾਂਦਾ ਤਾਂ ਪੰਜਾਬ ਅੰਗਰੇਜ਼ਾਂ ਦੇ ਹੱਥੋਂ ਨਿਕਲ ਜਾਣਾ ਸੀ ਅਤੇ ਇਸ ਦਾ ਅਸਰ ਸਮੁੱਚੇ ਦੇਸ਼ ਉਪਰ ਹੋਣਾ ਸੀ। ਬਾਬਾ ਜੀ ਦੇ ਤਪ ਅਸਥਾਨ ਪਿੰਡ ਰੱਬੋਂ ਉੱਚੀ (ਨੇੜੇ ਪਾਇਲ) ਵਿਖੇ ਸੰਤ ਜਗਜੀਤ ਸਿੰਘ ਹਰਖੋਂਵਾਲ ਵਾਲਿਆਂ ਨੇ ਯਾਦਗਾਰ ਵਜੋਂ ਇਕ ਸ਼ਾਨਦਾਰ ਗੁਰਦੁਆਰਾ ਤੇ ਗੇਟ ਦੀ ਉਸਾਰੀ ਕਰਕੇ ਸ਼ਲਾਘਾਯੋਗ ਉੱਦਮ ਕੀਤਾ ਹੈ।
ਦੇਸ਼ ਆਜ਼ਾਦੀ ਦੇ 25-26 ਵਰ੍ਹੇ ਬੀਤ ਜਾਣ ਪਿਛੋਂ ਪਹਿਲੀ ਵਾਰੀ ਉਦੋਂ ਦੇ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦੀ ਅਗਵਾਈ ਹੇਠਾਂ ਦੋ ਸਾਲ ਬਾਬਾ ਜੀ ਦੇ ਜਨਮ ਨਗਰ ਰੱਬੋਂ ਉੱਚੀ ਵਿਖੇ ਸਰਕਾਰੀ ਪੱਧਰ ’ਤੇ ਸ਼ਹੀਦੀ ਦਿਹਾੜਾ ਮਨਾਇਆ ਗਿਆ ਸੀ। ਇਸ ਪਿਛੋਂ 22-23 ਵਰ੍ਹੇ ਫ਼ਿਰ ਕਿਸੇ ਸਰਕਾਰ ਨੇ ਇਸ ਮਹਾਨ ਯੋਧੇ ਨੂੰ ਯਾਦ ਨਹੀਂ ਕੀਤਾ। ਇਲਾਕੇ ਦੇ ਮਰਹੂਮ ਅਕਾਲੀ ਆਗੂ ਜੱਥੇਦਾਰ ਮੰਗਤਰਾਇ ਸਿੰਘ ਲਸਾੜਾ ਦੇ ਯਤਨਾਂ ਸਦਕਾ ਕੁਝ ਵਰ੍ਹੇ ਪਹਿਲਾਂ ਉਦੋਂ ਦੇ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆਂ ਨੇ ਬਾਬਾ ਜੀ ਦੇ ਪਿੰਡ ਵਿਖੇ ਸ਼ਹੀਦੀ ਸਮਾਰਕ ਤੇ ਹੋਰ ਯਾਦਗਾਰਾਂ ਸਥਾਪਤ ਕਰਨ ਦੇ ਯਤਨ ਆਰੰਭੇ ਪ੍ਰੰਤੂ ਇਹ ਕਾਰਜ ਦਫ਼ਤਰਾਂ ਦੀਆਂ ਫਾਈਲਾਂ ਅੰਦਰ ਹੀ ਗੇੜੇ ਕੱਢਦੇ ਸਮਾਪਤ ਹੋ ਗਏ। ਕਈ ਵਰ੍ਹੇ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮਰਹੂਮ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਯਤਨਾਂ ਨਾਲ ਬਾਬਾ ਜੀ ਦਾ ਸਹੀਦੀ ਦਿਹਾੜਾ ਸਰਕਾਰੀ ਪੱਧਰ ’ਤੇ ਮਨਾਉਣਾ ਆਰੰਭ ਹੋਇਆ ਸੀ ਉਦੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਨੇਤਾ ਇਨ੍ਹਾਂ ਸਮਾਗਮਾਂ ਵਿੱਚ ਕਈ ਵਾਰ ਪੁੱਜਦੇ ਰਹੇ ਪਰ ਕੇਂਦਰ ਸਰਕਾਰ ਦਾ ਕੋਈ ਆਗੂ ਇੱਥੇ ਕਦੇ ਨਹੀਂ ਪੁੱਜਿਆ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਮਹਾਰਾਜ ਸਿੰਘ ਯਾਦਗਾਰ ਕਮੇਟੀ ਵੱਲੋਂ ਉਨ੍ਹਾਂ ਦਾ ਸ਼ਹੀਦੀ ਦਿਹਾੜਾ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਧਾਰਮਿਕ ਸਮਾਗਮ ਵਿਚ ਵੱਖ ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸਖਸ਼ੀਅਤਾਂ ਪੁੱਜ ਰਹੀਆਂ ਹਨ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਬਾਬਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਕੌਮੀ ਪੱਧਰ ’ਤੇ ਮਨਾਵੇ।
ਜੋਗਿੰਦਰ ਸਿੰਘ ਓਬਰਾਏ
ਸੰਪਰਕ: 98769-24513