ਤੀਰਥ ਸਿੰਘ ਢਿੱਲੋਂ
ਗੁਰਮਤਿ ਸੰਗੀਤ ਅਰਥਾਤ ਕੀਰਤਨ ਦੀ ਦਾਤ ਕਿਸੇ ਭਾਗਾਂ ਵਾਲੇ ਨੂੰ ਹੀ ਨਸੀਬ ਹੁੰਦੀ ਹੈ। ਸਮੇਂ-ਸਮੇਂ ’ਤੇ ਸਿੱਖ ਪੰਥ ਵਿੱਚ ਅਜਿਹੇ ਉਸਤਾਦ ਕੀਰਤਨੀਏ ਪੈਦਾ ਹੋਏ ਜਿਨ੍ਹਾਂ ਦੀ ਘਾਲਣਾ ਅਤੇ ਦੇਣ ਸੁਨਹਿਰੀ ਅੱਖਰਾਂ ਵਿੱਚ ਲਿਖਣ ਯੋਗ ਹੈ। ਇਨ੍ਹਾਂ ’ਚੋਂ ਇੱਕ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਨੰਗਲ ਕਲਾਂ ਵਿੱਚ ਜਨਮੇ ਪ੍ਰੋਫੈਸਰ ਦਰਸ਼ਨ ਸਿੰਘ ‘ਕੋਮਲ’ ਹਨ। ਦਰਸ਼ਨ ਸਿੰਘ ਦਾ ਜਨਮ 1918 ਵਿੱਚ ਹੋਇਆ। ਨੰਗਲ ਕਲਾਂ ਪਿੰਡ ਮਾਹਿਲਪੁਰ ਕਸਬੇ ਲਾਗੇ ਹੈ। ਉਨ੍ਹਾਂ ਦੀ ਮਾਤਾ ਮਹਾ ਕੌਰ ਨੇ ਬਚਪਨ ਵਿੱਚ ਹੀ ਆਪਣੇ ਪੁੱਤਰ ਅੰਦਰ ਸੰਗੀਤ ਲਈ ਲਗਾਅ ਭਰ ਦਿੱਤਾ। ਦੋ ਸਾਲ ਦੀ ਨਿਆਣੀ ਉਮਰੇ ਹੀ ਬਾਲਕ ਦਰਸ਼ਨ ਸਿੰਘ ਦੀ ਅੱਖਾਂ ਦੀ ਲੋਅ ਜਾਂਦੀ ਰਹੀ। ਇਹ ਉਨ੍ਹਾਂ ਦੇ ਜੀਵਨ ਦਾ ਵੱਡਾ ਦੁਖਾਂਤਕ ਮੋੜ ਸੀ।
ਮਾਪਿਆਂ ਨੇ ਸੰਗੀਤ ਦੀ ਤਾਲੀਮ ਲਈ ਬਾਲਕ ਨੂੰ ਅੰਮ੍ਰਿਤਸਰ ਸਥਿਤ ਚੀਫ ਖ਼ਾਲਸਾ ਦੀਵਾਨ ਦੇ ਅਨਾਥ ਆਸ਼ਰਮ ਵਿੱਚ ਦਾਖਲ ਕਰਵਾ ਦਿੱਤਾ। ਉੱਥੇ ਉਨ੍ਹਾਂ ਉਸਤਾਦ ਸਾਈਂ ਦਿੱਤਾ ਵਰਗੇ ਮਹਾਰਥੀ ਕੋਲੋਂ ਸੱਤ ਸਾਲ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ। ਉਸਤਾਦ ਜੀ ਉਨ੍ਹਾਂ ਨਾਲ ਬਹੁਤ ਸਨੇਹ ਕਰਦੇ ਸਨ। ਫਿਰ ਉਨ੍ਹਾਂ ਮੁਲਤਾਨ ਦੇ ਉਸਤਾਦ ਪੰਡਿਤ ਹੁਕਮ ਚੰਦ ਕੋਲੋਂ ਵੀ ਤਕਰੀਬਨ ਇੰਨੇ ਸਾਲ ਹੀ ਸੰਗੀਤ ਸਿੱਖਿਆ। ਉਹ ਮੁਲਤਾਨ ਵਿੱਚ ਸੰਗੀਤ ਸਿਖਾਉਂਦੇ ਵੀ ਰਹੇ। ਮੁਲਤਾਨ ਦੇ ਭੀਮੂ ਖਾਂ ਨਕਾਰਚੀ ਕੋਲੋਂ ਉਨ੍ਹਾਂ ਤਬਲਾ ਵਾਦਨ ਸਿੱਖਿਆ ਅਤੇ ਇਸ ਤਰ੍ਹਾਂ ਉਹ ਤਬਲਾ ਵਾਦਨ ਦੇ ਵੀ ਪ੍ਰਬੀਨ ਵਜੰਤਰੀ ਬਣ ਗਏ।
ਤਾਲੀਮ ਲੈਣ ਮਗਰੋਂ ਉਹ ਆਪਣੇ ਪਿੰਡ ਆ ਗਏ ਅਤੇ ‘ਗੁਰੂ ਨਾਨਕ ਸੰਗੀਤ ਵਿਦਿਆਲਾ’ ਖੋਲ੍ਹ ਕੇ ਵਿਦਿਆਰਥੀਆਂ ਨੂੰ ਸਿਖਾਉਣ ਲੱਗ ਪਏ। ਉਨ੍ਹਾਂ ਆਪਣਾ ਤਖੱਲਸ ‘ਕੋਮਲ’ ਰੱਖਿਆ। ਉਹ ਕਾਵਿ ਕਲਾ ਦੇ ਵੀ ਵੱਡੇ ਵਿਦਵਾਨ ਸਨ। ਉਨ੍ਹਾਂ ਦੀਆਂ ਰਚਨਾਵਾਂ ਵੱਡੇ-ਵੱਡੇ ਰਾਗੀ-ਢਾਡੀ ਗਾਉਂਦੇ ਹਨ। ਉਨ੍ਹਾਂ ਆਲੇ-ਦੁਆਲੇ ਦੇ ਪਿੰਡਾਂ-ਕਸਬਿਆਂ ਵਿੱਚ ਜਾ ਕੇ ਵੀ ਸੰਗੀਤ ਦੀ ਦਾਤ ਵੰਡੀ। ਉਸ ਸਮੇਂ ਦੇ ਉਸਤਾਦ ਮਲੰਗ ਖਾਂ ਵਰਗੇ ਹਰ ਫਿਰਕੇ ਦੇ ਉਸਤਾਦ ਸਾਹਿਬਾਨ ‘ਕੋਮਲ’ ਜੀ ਦੇ ਉਪਾਸ਼ਕ ਸਨ। ਦੇਸ ਦੀ ਪ੍ਰਸਿੱਧ ‘ਪ੍ਰਯਾਗ ਸੰਗੀਤ ਸੰਮਿਤੀ ਇਲਾਹਾਬਾਦ’ ਵੀ ਉਨ੍ਹਾਂ ਦੀ ਮੁਰੀਦ ਅਤੇ ਕਦਰਦਾਨ ਸੀ। ਕੋਮਲ ਜੀ ਜਯੋਤਿਸ਼ ਵਿੱਦਿਆ ਦੇ ਵੀ ਮਾਹਿਰ ਸਨ।
ਉਸਤਾਦ ਕੋਮਲ ਜੀ ਨੇ ਹੁਸ਼ਿਆਰਪੁਰ ਸ਼ਹਿਰ ਦੇ ਘੰਟਾ ਘਰ ਚੌਕ ਵਰਗੇ ਰੌਣਕੀ ਇਲਾਕੇ ਵਿੱਚ ਇੱਕ ਚੁਬਾਰੇ ’ਚ ‘ਕੋਮਲ ਕਲਾ ਕੇਂਦਰ’ ਨਾਂ ਦੇ ਸੰਗੀਤ ਵਿਦਿਆਲੇ ਵਿੱਚ ਗਾਇਨ ਅਤੇ ਵਾਦਨ ਦੀ ਸਿੱਖਿਆ ਦੇਣੀ ਸ਼ੁਰੂ ਕੀਤੀ। ਆਪਣੇ ਸ਼ਾਗਿਰਦਾਂ ਨੂੰ ਉਹ ਪੁੱਤਰਾਂ-ਧੀਆਂ ਵਾਂਗ ਪਿਆਰ ਕਰਦੇ ਸਨ। ਉਨ੍ਹਾਂ ਦੇ ਸ਼ਾਗਿਰਦਾਂ ਦੀ ਗਿਣਤੀ ਢਾਈ ਹਜ਼ਾਰ ਤੱਕ ਹੈ। ਇਨ੍ਹਾਂ ’ਚੋਂ ਸਵਰਗੀ ਭਾਈ ਧਰਮ ਸਿੰਘ ‘ਜ਼ਖਮੀ’ , ਪ੍ਰਿੰਸੀਪਲ ਚੰਨਣ ਸਿੰਘ ‘ਮਜਬੂਰ’, ਭਾਈ ਰੇਸ਼ਮ ਸਿੰਘ ‘ਰਸੀਲਾ’ (ਕੈਨੇਡਾ), ਉਸਤਾਦ ਦੀਦਾਰ ਸਿੰਘ ਨੰਗਲ ਖੁਰਦ, ਭਾਈ ਗੁਰਬਚਨ ਸਿੰਘ ਹਮਦਰਦ, ਗਿਆਨ ਸਿੰਘ ਸੁਰਜੀਤ, ਸੀਤਲ ਸਿੰਘ ‘ਸਿਤਾਰਾ’ (ਯੂਕੇ), ਉਸਤਾਦ ਅਜੀਤ ਸਿੰਘ ‘ਮੁਤਲਾਸ਼ੀ’, ਪ੍ਰੋਫੈਸਰ ਚੰਨਣ ਸਿੰਘ ਸੇਵਕ ਸ੍ਰੀ ਆਨੰਦਪੁਰ ਸਾਹਿਬ ਅਤੇ ਭਾਈ ਰਘਬੀਰ ਸਿੰਘ ਦੀਵਾਨਾ (ਕੀਨੀਆ) ਸਮੇਤ ਹੋਰ ਨਾਂ ਸ਼ਾਮਲ ਹਨ।
ਉਨ੍ਹਾਂ ਕਈ ਪੁਸਤਕਾਂ ਲਿਖੀਆਂ। ਇਨ੍ਹਾਂ ’ਚੋਂ ‘ਨਜ਼ਰਾਨਾ’, ‘ਕੋਮਲ ਟਕੋਰਾਂ’ ਅਤੇ ‘ਵਡਮੁੱਲੇ ਹੀਰੇ’ ਪ੍ਰਮੁੱਖ ਹਨ। ਉਨ੍ਹਾਂ ਵੱਲੋਂ ਛੋਹੀ ਗਈ ਇੱਕ ਵੰਨਗੀ ਇਸ ਤਰ੍ਹਾਂ ਹੈ:
ਸਾਹਿਬ ਕੌਰ, ਐਸਾ ਦੌਰ,
ਚੱਲੇਗਾ ਜਹਾਨ ’ਤੇ।
ਕੋਈ ਕੋਈ ਬੰਦਾ ਰਹੂ,
ਆਪਣੇ ਈਮਾਨ ’ਤੇ।
ਅਜਿਹੀ ਸ਼ਖ਼ਸੀਅਤ ਨਾਲ ਉਮਰ ਨੇ ਵਫ਼ਾ ਨਹੀਂ ਕੀਤੀ। ਪੰਥ ਤੇ ਪੰਜਾਬ ਦਾ ਇਹ ਮਹਾਨ ਸਪੂਤ ਮਹਿਜ਼ 44 ਸਾਲ ਦੀ ਉਮਰ ਭੋਗ ਕੇ ਜੂਨ 1962 ਵਿੱਚ ਇਸ ਫ਼ਾਨੀ ਸੰਸਾਰ ਤੋਂ ਕੂਚ ਕਰ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ਮਗਰੋਂ ਉਨ੍ਹਾਂ ਦੇ ਲਾਇਕ ਅਤੇ ਸੁਰੀਲੇ ਸ਼ਾਗਿਰਦ ਪ੍ਰੋਫੈਸਰ ਦੀਦਾਰ ਸਿੰਘ ਨੰਗਲ ਖੁਰਦ ਉਨ੍ਹਾਂ ਦੇ ਉੱਤਰਾਧਿਕਾਰੀ ਥਾਪੇ ਗਏ ਪਰ ਅਫਸੋਸ ਇਹ ਕੀਮਤੀ ਹੀਰਾ ਵੀ ਭਰ ਜਵਾਨੀ ਵਿੱਚ ਚਲਾਣਾ ਕਰ ਗਿਆ। ਕੈਨੇਡਾ ਰਹਿੰਦੇ ਦਰਸ਼ਨ ਸਿੰਘ ਵਿਲਖੂ ਨੇ ਭਾਈ ਦੀਦਾਰ ਸਿੰਘ ਦੀ ਯਾਦ ਵਿੱਚ ਉਨ੍ਹਾਂ ਦੇ ਪਿੰਡ ਨੰਗਲ ਖੁਰਦ ਵਿੱਚ ਸੰਗੀਤ ਅਕੈਡਮੀ, ਸਕੂਲ, ਲਾਇਬ੍ਰੇਰੀ, ਕਿੱਤਾ ਮੁਖੀ ਸਿੱਖਿਆ ਕੇਂਦਰ ਦੀ ਸਥਾਪਨਾ ਕੀਤੀ ਅਤੇ ਯਾਦਗਾਰੀ ਗੇਟ ਉਸਾਰਿਆ ਹੈ। ਉਹ ਹਰ ਸਾਲ ਪੰਜਾਬ ਆ ਕੇ ਉਨ੍ਹਾਂ ਦੀ ਬਰਸੀ ਮਨਾਉਂਦੇ ਹਨ।
ਉਸਤਾਦ ‘ਕੋਮਲ’ ਦੇ ਸ਼ਾਗਿਰਦਾਂ ਸੀਤਲ ਸਿੰਘ ਸਿਤਾਰਾ ਅਤੇ ਗਿਆਨ ਸਿੰਘ ਸੁਰਜੀਤ (ਯੂਕੇ) ਨੇ ਕੋਮਲ ਜੀ ਦੀ ਯਾਦ ਵਿੱਚ ‘ਕੋਮਲ ਗੁਰਮਤਿ ਸੰਗੀਤ’ ਨਾਂ ਦੀ ਪੁਸਤਕ ਲਿਖੀ ਹੈ। ਉਸਤਾਦ ਕੋਮਲ ਜੀ ਦੇ ਸ਼ਾਗਿਰਦਾਂ ਸ਼੍ਰੋਮਣੀ ਰਾਗੀ ਸਵਰਗੀ ਪ੍ਰਿੰਸੀਪਲ ਚੰਨਣ ਸਿੰਘ ਮਜਬੂਰ ਅਤੇ ਉਨ੍ਹਾਂ ਦੇ ਭਰਾ ਪ੍ਰੋਫੈਸਰ ਗੁਰਦੇਵ ਸਿੰਘ ਫੁੱਲ (ਸਰੀ) ਨੇ ਪਹਿਲਾਂ ‘ਅਮਰ ਸੰਗੀਤ ਵਿਦਿਆਲਾ’ ਦੀ ਸਥਾਪਨਾ ਕਰ ਕੇ ਅਨੇਕਾਂ ਕੀਰਤਨੀਏ ਪੈਦਾ ਕੀਤੇ। ਹੁਣ ਇਹ ਅਦਾਰਾ ਫਤਿਹਗੜ੍ਹ ਰੋਡ ਹੁਸ਼ਿਆਰਪੁਰ ਵਿੱਚ ‘ਗੁਰੂ ਹਰਿ ਰਾਇ ਕੋਮਲ ਨੇਤਰਹੀਣ ਕਲਾ ਕੇਂਦਰ’ ਦੇ ਨਾਂ ਹੇਠ ਸ਼ਾਨਦਾਰ ਸੇਵਾਵਾਂ ਨਿਭਾਅ ਰਿਹਾ ਹੈ।
ਸੰਪਰਕ: 98154-61710