ਸਿੰਗਾਪੁਰ, 13 ਜੁਲਾਈ
ਸਿੰਗਾਪੁਰ ਨੇ 10 ਭਾਰਤੀ ਨਾਗਰਿਕਾਂ ਨੂੰ ਦੇਸ਼ ਦੇ ‘ਸਰਕਿਟ ਬ੍ਰੇਕਰ’ (ਕੋਵਿਡ-19 ਲਾਗ ਫੈਲਣ ਤੋਂ ਰੋਕਣ ਲਈ ਲਾਈਆਂ ਪਾਬੰਦੀਆਂ) ਦੀ ਊਲੰਘਣਾ ਕਰਨ ਦੇ ਦੋਸ਼ ਹੇਠ ਡਿਪੋਰਟ ਕਰਦਿਆਂ ਮੁੜ ਦਾਖ਼ਲੇ ’ਤੇ ਪਾਬੰਦੀ ਲਾਈ ਹੈ। ਸਿੰਗਾਪੁਰ ਵਿੱਚ 7 ਅਪਰੈਲ ਤੋਂ 2 ਜੂਨ ਤੱਕ ‘ਸਰਕਿਟ ਬ੍ਰੇਕਰ’ ਸਮਾਂ ਚੱਲਿਆ। ਸਿੰਗਾਪੁਰ ਪੁਲੀਸ ਅਤੇ ਪਰਵਾਸ ਅਥਾਰਿਟੀ ਵਲੋਂ ਜਾਰੀ ਸਾਂਝੇ ਬਿਆਨ ਅਨੁਸਾਰ 10 ਭਾਰਤੀਆਂ ਨੇ 5 ਮਈ ਨੂੰ ਆਪਣੇ ਕਿਰਾਏ ਦੇ ਅਪਾਰਟਮੈਂਟ ਵਿੱਚ ਸਮਾਜਿਕ ਇਕੱਠ ਕੀਤਾ, ਜਿਸ ਕਾਰਨ ਇਨ੍ਹਾਂ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ ਅਤੇ ਸਿੰਗਾਪੁਰ ਵਿੱਚ ਮੁੜ ਦਾਖ਼ਲੇ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਨਵਦੀਪ ਸਿੰਘ (20), ਸਾਜਨਦੀਪ ਸਿੰਘ (21) ਅਤੇ ਅਵਿਨਾਸ਼ ਕੌਰ (27) ਨੇ ਆਪਣੇ ਅਪਾਰਟਮੈਂਟ ਵਿੱਚ ਆਪਣੇ ਸੱਤ ਦੋਸਤਾਂ ਵਸੀਮ ਅਕਰਮ (33), ਮੁਹੰਮਦ ਇਮਰਾਨ ਪਾਸ਼ਾ (26), ਅਰਪਿਤ ਕੁਮਾਰ (20), ਵਿਜੇ ਕੁਮਾਰ (20), ਕਰਮਜੀਤ ਸਿੰਘ (30), ਸ਼ਰਮਾ ਲੋਕੇਸ਼ (21) ਅਤੇ ਭੁੱਲਰ ਜਸਟੀਨਾ (24) ਨੂੰ ਬੁਲਾਇਆ ਸੀ। ਇਨ੍ਹਾਂ ਵਿੱਚ ਕੁਝ ਵਿਦਿਆਰਥੀ ਸਨ ਅਤੇ ਕੁਝ ਵਰਕ ਪਰਮਿਟ ’ਤੇ ਸਿੰਗਾਪੁਰ ਗਏ ਸਨ।