ਨੈਰੋਬੀ, 31 ਜਨਵਰੀ
ਉੱਤਰੀ ਪੂਰਬੀ ਕੀਨੀਆ ਦੇ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਸਵੇਰ ਸਮੇਂ ਇੱਕ ਹਾਈਵੇਅ ’ਤੇ ਹੋਏ ਧਮਾਕੇ ਵਿਚ ਕਰੀਬ ਦਸ ਜਣਿਆਂ ਦੀ ਮੌਤ ਹੋ ਗਈ। ਇਹ ਧਮਾਕਾ ਗੱਡੀ ਦੇ ਧਮਾਕਾਖੇਜ਼ ਯੰਤਰ ਦੇ ਉੱਪਰੋਂ ਲੰਘਣ ਕਾਰਨ ਵਾਪਰਿਆ। ਉੱਤਰ ਪੂਰਬੀ ਕਮਾਂਡਰ ਜਾਰਜ ਸੇਡਾ ਨੇ ਕਿਹਾ ਕਿ ਧਮਾਕਾ ਮੰਡੇਰਾ ਕਸਬੇ ਦੇ ਬਾਹਰ ਹੋਇਆ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਸ ਗੱਡੀ ਵਿੱਚ ਕਿੰਨੇ ਜਣੇ ਸਵਾਰ ਸਨ। ਮੌਕੇ ’ਤੇ ਹਾਜ਼ਰ ਲੋਕਾਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਇਸ ਦੌਰਾਨ ਕਈ ਜਣੇ ਗੰਭੀਰ ਜ਼ਖ਼ਮੀ ਹੋਏ ਹਨ। ਪੁਲੀਸ ਨੂੰ ਸ਼ੱਕ ਹੈ ਕਿ ਇਹ ਧਮਾਕਾਖੇਜ਼ ਯੰਤਰ ਅਲ-ਸ਼ਬਾਬ ਗਰੁੱਪ ਦੇ ਕੱਟੜਪੰਥੀਆਂ ਨੇ ਨੇੜਲੇ ਸੋਮਾਲੀਆ ਨੂੰ ਪਾਰ ਕਰਨ ਤੋਂ ਬਾਅਦ ਲਾਇਆ ਸੀ। ਸਰਹੱਦੀ ਖੇਤਰ ਵਿਚ ਅਜਿਹੇ ਹਮਲਿਆਂ ਲਈ ਅਕਸਰ ਕੱਟੜਪੰਥੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਜਿਨ੍ਹਾਂ ਵਿਚ ਸੁਰੱਖਿਆ ਬਲਾਂ ਅਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਸੋਮਵਾਰ ਨੂੰ ਹੋਏ ਧਮਾਕੇ ਸਬੰਧੀ ਪੁਲੀਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਘਟਨਾ ਨੂੰ ਅੰਜਾਮ ਦੇਣ ਮਗਰੋਂ ਹਮਲਾਵਰ ਸਰਹੱਦ ਵੱਲ ਫ਼ਰਾਰ ਹੋ ਗਏ। -ਏਪੀ