ਕਾਠਮੰਡੂ, 11 ਜੁਲਾਈ
ਨੇਪਾਲ ਦੇ ਮਿਆਗਦੀ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਡਿੱਗੀਆਂ ਢਿੱਗਾਂ ਹੇਠ ਦੱਬ ਕੇ 11 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 23 ਜਣੇ ਲਾਪਤਾ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ। ਕਾਠਮੰਡੂ ਪੋਸਟ ਦੀ ਖ਼ਬਰ ਅਨੁਸਾਰ ਨਗਰ ਕੌਂਸਲ ਦੇ ਅਧਿਕਾਰੀ ਨੇ ਕਿਹਾ, ‘‘ਮੜਾਂਗ ਤੋਂ 10 ਲਾਸ਼ਾਂ ਮਿਲੀਆਂ ਹਨ, ਜਦੋਂਕਿ ਇਕ ਲਾਸ਼ ਥਾੜਾਖਾਨੀ ਤੋਂ ਮਿਲੀ ਹੈ। ਇਸ ਤੋਂ ਇਲਾਵਾ ਰਿੱਖ, ਕਲੇਨੀ, ਰਾਮਚੇ, ਨਮਰੁੱਖ ਅਤੇ ਕਾਮੜੀ ਤੋਂ ਲਾਪਤਾ 11 ਵਿਅਕਤੀਆਂ, ਮਲਿਕਾ ਪੇਂਡੂ ਨਗਰ ਕੌਂਸਲ-7 ਦੇ ਦੁਲੇ ਅਤੇ ਤਕਾਮ ਤੋਂ ਲਾਪਤਾ ਤਿੰਨ ਵਿਅਕਤੀਆਂ ਦੀ ਭਾਲ ਲਈ ਕੋਸ਼ਿਸ਼ਾਂ ਜਾਰੀ ਹਨ। ਜ਼ਿਲ੍ਹਾ ਪੁਲੀਸ ਮੁਖੀ ਡੀਐੱਸਪੀ ਕਿਰਨ ਕੁੰਵਰ ਨੇ ਕਿਹਾ ਕਿ ਹੇਠਲੇ ਖੇਤਰਾਂ ਵਿੱਚ ਮੌਸਮ ਠੀਕ ਹੁੰਦੇ ਹੀ ਬਚਾਅ ਕਾਰਜਾਂ ਲਈ ਇਕ ਹੈਲੀਕਾਪਟਰ ਰਾਹਤ ਸਮੱਗਰੀ ਸਮੇਤ ਘਟਨਾ ਸਥਾਨ ਵੱਲ ਭੇਜੇ ਜਾਣ ਦੀ ਤਿਆਰੀ ਹੈ। ਜ਼ਿਲ੍ਹੇ ਵਿੱਚ ਢਿੱਗਾਂ ਹੇਠ ਕਰੀਬ 43 ਮਕਾਨ ਦੱਬ ਗਏ। ਇਸ ਦੌਰਾਨ ਹੋਏ ਨੁਕਸਾਨ ਦਾ ਅੰਦਾਜ਼ਾ ਅਜੇ ਨਹੀਂ ਲਗਾਇਆ ਜਾ ਸਕਿਆ ਹੈ। ਨਗਰ ਕੌਂਸਲ ਅਧਿਕਾਰੀਆਂ ਨੇ ਦੱਸਿਆ ਕਿ ਢਿੱਗਾਂ ਡਿੱਗਣ ਕਾਰਨ ਪ੍ਰਭਾਵਿਤ ਹੋਏ 400 ਤੋਂ ਵੱਧ ਲੋਕਾਂ ਨੂੰ ਤਕਾਮ, ਮੜਾਂਗ ਤੇ ਘੰਟੀਵਾਂਗ ਵਿੱਚ ਸਮੂਹਿਕ ਇਮਾਰਤ ਅਤੇ ਸਕੂਲ ਦੀ ਇਮਾਰਤ ਵਿੱਚ ਰੱਖਿਆ ਗਿਆ ਹੈ।